ਚੰਡੀਗੜ੍ਹ (ਗੁਰਜੀਤ ਬਿੱਲਾ)
ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਪੇਂਡੂ ਵਿਕਾਸ ਫੰਡ ਨੂੰ ਰੋਕਣ ਅਤੇ ਮਾਰਕੀਟ ਫੀਸ ਵਿੱਚ ਕਟੌਤੀ ਕਰਨ ਨੂੰ ਲੈ ਕੇ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬੇ ਦੀ ਆਪ ਸਰਕਾਰ ਅਤੇ ਭਾਜਪਾ ਆਹਮੋ-ਸਾਹਮਣੇ ਆ ਗਏ ਹਨ। ਵੀਰਵਾਰ ਕੇਂਦਰ ਦੇ ਇਸ ਤੁਗਲਕੀ ਫੁਰਮਾਨ ਉੱਪਰ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਇਸ ਦਾ ਵਿਰੋਧ ਕੀਤਾ, ਉੱਥੇ ਉਨ੍ਹਾ ਪੰਜਾਬ ਦੇ ਭਾਜਪਾ ਆਗੂਆਂ ਨੂੰ ਵੀ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ। ਆਪਣੇ ਟਵੀਟ ਵਿੱਚ ਭਗਵੰਤ ਮਾਨ ਨੇ ਕਿਹਾਭਾਜਪਾ ਦਾ ਪੰਜਾਬ ਵਿਰੋਧੀ ਤੇ ਕਿਸਾਨ ਵਿਰੋਧੀ ਚਿਹਰਾ ਨੰਗਾ….ਸਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਸ ਹਾੜੀ ਸੀਜ਼ਨ ’ਚ ਮਾਰਕੀਟ ਫੀਸ 3 ਫੀਸਦੀ ਤੋਂ ਘਟਾ ਕੇ 2 ਫੀਸਦੀ ਕਰ ਦਿੱਤੀ ਅਤੇ ਪੇਂਡੂ ਵਿਕਾਸ ਫੰਡ (ਆਰ ਡੀ ਐੱਫ) 3 ਫੀਸਦੀ ਤੋਂ 0 ਫੀਸਦੀ ਕੀਤਾ। ਪੰਜਾਬ ਦਾ ਨੁਕਸਾਨ 250 ਕਰੋੜ ਮਾਰਕੀਟ ਫੀਸ ਦਾ ਤੇ 750 ਕਰੋੜ ਆਰ ਡੀ ਐੱਫ ਦਾ, ਕੁੱਲ 1000 ਕਰੋੜ। ਕੈਪਟਨ, ਜਾਖੜ, ਮਨਪੀਤ ਬਾਦਲ, ਬੈਂਸ ਭਰਾ, ਰਾਣਾ ਸੋਢੀ, ਕਾਂਗੜ, ਫਤਿਹਜੰਗ ਬਾਜਵਾ, ਇੰਦਰ ਅਟਵਾਲ, ਜੋ ਨਵੇਂ-ਨਵੇਂ ਭਾਜਪਾਈ ਬਣੇ ਨੇ, ਇਨ੍ਹਾਂ ਚ ਹਿੰਮਤ ਹੈ ਕਿ ਇਸ ਨੁਕਸਾਨ ਦਾ ਮੁੱਦਾ ਮੋਦੀ ਜੀ ਕੋਲ ਚੁੱਕਣਗੇ?
ਜ਼ਿਕਰਯੋਗ ਹੈ ਕਿ ਪੰਜਾਬ ਦੀ ‘ਆਪ’ ਸਰਕਾਰ ਦੇ ਆਗੂ ਲਗਾਤਾਰ ਕੇਂਦਰ ਨੂੰ ਇਹ ਫੰਡ ਜਾਰੀ ਕਰਨ ਲਈ ਕਹਿ ਰਹੇ ਸਨ, ਕਿਉਂਕਿ ਇਸ ਪੈਸੇ ਦੀ ਵਰਤੋਂ ਨਾਲ ਪੰਜਾਬ ਦੇ ਪੇਂਡੂ ਖੇਤਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਉਪਰਾਲੇ ਕੀਤੇ ਜਾਂਦੇ ਹਨ, ਪਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕਦੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ, ਉੱਪਰੋਂ ਢੀਠਤਾ ਦੀ ਹੱਦ ਕਰਦਿਆਂ ਪੇਂਡੂ ਵਿਕਾਸ ਫੰਡ ਦੇ ਨਾਲ-ਨਾਲ ਇਸ ਵਾਰ ਦੇ ਹਾੜੀ ਸੀਜ਼ਨ ਦੀ ਬਣਦੀ ਮਾਰਕੀਟ ਫੀਸ ਵਿੱਚ ਵੀ ਕਟੌਤੀ ਕਰਕੇ ਸੂਬੇ ਦੇ ਬਣਦੇ ਹੋਰ 250 ਕਰੋੜ ਨੂੰ ਵੀ ਨੱਪ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਅੰਦੋਲਨ ਦੀ ਨਾਮੋਸ਼ੀ ਤੋਂ ਬਾਅਦ ਲਗਾਤਾਰ ਸੂਬੇ ਅਤੇ ਇਸ ਦੇ ਕਿਸਾਨਾਂ ਨੂੰ ਸਬਕ ਸਿਖਾਉਣ ਵਾਲੀ ਬਦਨੀਅਤ ਨਾਲ ਪੰਜਾਬ ਦੇ ਵਿਰੁੱਧ ਕੰਮ ਕਰ ਰਹੀ ਹੈ।
ਉਨ੍ਹਾ ਕਿਹਾ ਕਿ ਅੱਜ ਕੇਂਦਰ ਨੇ ਸੂਬੇ ਦੇ ਬਣਦੇ ਹੱਕ ਯਾਨਿ ਕਿ ‘ਇੱਕ ਹਜ਼ਾਰ ਕਰੋੜ ਰੁਪਏ’ ਨੂੰ ਦੇਣ ਤੋਂ ਸਰੇਆਮ ਇਨਕਾਰ ਕਰਕੇ ਇਹ ਦੁਬਾਰਾ ਸਾਬਤ ਕਰ ਦਿੱਤਾ ਹੈ ਕਿ ਉਸ ਦੇ ਮਨ ਵਿੱਚ ਪੰਜਾਬ ਅਤੇ ਕਿਸਾਨਾਂ ਲਈ ਕਿੰਨੀ ਕੁੜੱਤਣ ਭਰੀ ਹੈ। ਉਹਨਾ ਕਿਹਾ ਕਿ ਮੋਦੀ ਸਰਕਾਰ ਭੁੱਲ ਗਈ ਹੈ ਕਿ ਇਹ ਪੰਜਾਬ ਹੀ ਹੈ, ਜਿਸ ਨੇ ਸਦਾ ਭੁੱਖੇ ਦੇਸ਼ ਦਾ ਢਿੱਡ ਭਰਿਆ ਅਤੇ ਅਨਾਜ ਦੇ ਭੰਡਾਰ ਨੱਕੋ-ਨੱਕ ਭਰ ਕੇ ਰੋਟੀ ਖੁਣੋਂ ਵਿਲ੍ਹਕਦੇ ਦੇਸ਼ ਨੂੰ ਬੇਫਿਕਰ ਕੀਤਾ, ਪਰ ਬਦਲੇ ਵਿੱਚ ਸਾਨੂੰ ਕੇਂਦਰ ਨੇ ਸਦਾ ਧੋਖਾ ਹੀ ਦਿੱਤਾ। ਉਨ੍ਹਾ ਪੰਜਾਬ ਭਾਜਪਾ ਦੇ ਆਗੂਆਂ ਨੂੰ ਵੀ ਨਸੀਹਤ ਦਿੰਦੇ ਹੋਏ ਕਿਹਾ ਕਿ ਸੂਬੇ ਦੇ ਭਾਜਪਾ ਆਗੂਆਂ ਨੂੰ ਮੋਦੀ ਸਰਕਾਰ ਦੇ ਇਸ ਤਾਨਾਸ਼ਾਹੀ ਰਵੱਈਏ ਦਾ ਵਿਰੋਧ ਕਰਦਿਆਂ ਪੰਜਾਬ ਦੇ ਹੱਕ ਦੀ ਆਵਾਜ਼ ਬੁਲੰਦ ਕਰਨ ਦੀ ਹਿੰਮਤ ਵਿਖਾਉਣੀ ਚਾਹੀਦੀ ਹੈ।




