ਮੋਗਾ (ਅਮਰਜੀਤ ਬੱਬਰੀ) -ਨਛੱਤਰ ਧਾਲੀਵਾਲ ਭਵਨ ਵਿੱਚ ਸ਼ੁੱਕਰਵਾਰ ਰੋਡਵੇਜ਼ ਕਾਮਿਆਂ ਦੀ ਜਥੇਬੰਦੀ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਦੀ ਸੂਬਾਈ ਮੀਟਿੰਗ ਕਾ. ਗੁਰਜੀਤ ਸਿੰਘ ਘੋੜੇਵਾਹ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿੱਚ ਅਵਤਾਰ ਸਿੰਘ ਤਾਰੀ, ਗੁਰਜੰਟ ਕੋਕਰੀ ਸਮੇਤ ਸੈਂਟਰ ਦੀ ਲੀਡਰਸ਼ਿਪ ਸਮੇਤ ਰੋਡਵੇਜ਼ ਦੇ ਸਮੂਹ ਡਿੱਪੂਆਂ ਵਿੱਚੋਂ ਸਾਥੀ ਸ਼ਾਮਲ ਹੋਏ | ਵਿੱਛੜੇ ਸਾਥੀਆਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਸੂਬਾਈ ਡਿਪਟੀ ਜਨਰਲ ਸਕੱਤਰ ਕਾ. ਗੁਰਜੰਟ ਕੋਕਰੀ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਗੰਭੀਰ ਸੰਕਟ ਵਿੱਚੋਂ ਲੰਘ ਰਿਹਾ ਹੈ | ਔਰਤਾਂ, ਵਿਦਿਆਰਥੀ, ਅਪੰਗ ਅਤੇ ਹੋਰ ਕਈ ਕੈਟਾਗਰੀਆਂ ਨੂੰ ਮੁਫ਼ਤ ਅਤੇ ਰਿਆਇਤੀ ਸਫ਼ਰ ਕਰਾਉਣ ਵਾਲਾ ਇਹ ਅਦਾਰਾ ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ | ਮੌਜੂਦਾ ਸਰਕਾਰ ਤੋਂ ਬਹੁਤ ਉਮੀਦਾਂ ਸਨ ਕਿ ਇਹ ਪਬਲਿਕ ਅਦਾਰੇ ਨੂੰ ਮਜ਼ਬੂਤ ਕਰਨ ਲਈ ਉੱਚ ਅਦਾਲਤਾਂ ਦੇ ਫੈਸਲੇ ਲਾਗੂ ਕਰਨ ਬਾਰੇ, ਨਜਾਇਜ਼ ਪ੍ਰਾਈਵੇਟ ਉਪਰੇਸ਼ਨ ਬਾਰੇ, ਟਾਈਮ ਟੇਬਲਾਂ ਦੀ ਇਕਸਰਤਾ ਬਾਰੇ ਕੋਈ ਠੋਸ ਫੈਸਲਾ ਲਵੇਗੀ ਪ੍ਰੰਤੂ ਅਜੇ ਤੱਕ ਸਰਕਾਰ ਵੱਲੋਂ ਕੋਈ ਉਪਰਾਲਾ ਸ਼ੁਰੂ ਨਹੀਂ ਕੀਤਾ ਗਿਆ | ਵਿਭਾਗ ਦੇ ਹਜ਼ਾਰਾਂ ਕਿਲੋਮੀਟਰ ਰੋਜ਼ਾਨਾ ਮਿੱਸ ਹੋ ਰਹੇ ਹਨ, ਪਰ ਉਹਨਾਂ ਨੂੰ ਪੂਰਾ ਕਰਨ ਲਈ ਬੱਸਾਂ ਲਈ ਨਾ ਹੀ ਸਪੇਅਰ ਪਾਰਟ ਜਲਦੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਜਿਸ ਦਾ ਸਿੱਧਾ ਲਾਭ ਵੱਡੀਆਂ ਪ੍ਰਾਈਵੇਟ ਕੰਪਨੀਆਂ ਨੂੰ ਹੋ ਰਿਹਾ ਹੈ | ਵਿਭਾਗ ਵਿੱਚ ਮੌਤ ਹੋਈ ਮੁਲਾਜ਼ਮਾਂ ਦੇ ਵਾਰਸਾਂ ਨੂੰ ਨੌਕਰੀ ਦੇਣ ਲਈ ਲੰਮੇ ਸਮੇਂ ਤੋਂ ਅਰਜ਼ੀਆਂ ਕਤਾਰ ਵਿੱਚ ਹਨ ਪਰ ਰੋਜ਼ਗਾਰ ਦੇਣ ਦੇ ਨਾਂਅ ‘ਤੇ ਸੱਤਾ ਵਿੱਚ ਆਈ ਸਰਕਾਰ ਇਸ ਪਾਸਿਓਾ ਬਿਲਕੁਲ ਚੁੱਪ ਵੱਟੀ ਬੈਠੀ ਹੈ | ਵਰਕਸ਼ਾਪਾਂ ਦੀ ਹਾਲਤ ਬਹੁਤ ਖਸਤਾ ਹੋ ਰਹੀ ਹੈ ਪਰ ਉਸ ਨੂੰ ਰਿਪੇਅਰ ਕਰਾਉਣ ਲਈ ਕੋਈ ਫ਼ੰਡ ਜਾਰੀ ਨਹੀਂ ਕੀਤਾ ਜਾ ਰਿਹਾ | ਬੱਜਟ ਸੈਸ਼ਨ ਵਿੱਚ ਵੀ ਇਸ ਅਦਾਰੇ ਨੂੰ ਅੱਖੋਂ-ਪਰੋਖੇ ਹੀ ਰੱਖਿਆ ਗਿਆ | ਉੱਚ ਅਧਿਕਾਰੀਆਂ ਵੱਲੋਂ ਵੀ ਕੰਮ ਕਰਨ ਦੀ ਚਾਲ ਧੀਮੀ ਹੀ ਚੱਲ ਰਹੀ ਹੈ | ਮੁਲਾਜ਼ਮ ਸੇਵਾਮੁਕਤ ਹੋਣ ਤੱਕ ਬਣਦੀਆਂ ਤਰੱਕੀਆਂ ਦਾ ਇੰਤਜ਼ਾਰ ਕਰ ਰਹੇ ਹਨ, ਪਰ ਜਥੇਬੰਦੀਆਂ ਦੇ ਵਾਰ-ਵਾਰ ਯਾਦ ਕਰਵਾਉਣ ਦੇ ਬਾਵਜੂਦ ਕੋਈ ਫ਼ਾਈਲ ਇਸ ਪਾਸੇ ਵੱਲ ਅੱਗੇ ਨਹੀਂ ਵਧ ਰਹੀ | ਕਾ. ਕੋਕਰੀ ਨੇ ਕਿਹਾ ਕਿ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸਮੁੱਚਾ ਮੁਲਾਜ਼ਮ ਵਰਗ ਸੜਕਾਂ ‘ਤੇ ਆਵੇਗਾ ਅਤੇ 7 ਮਈ ਨੂੰ ਜ਼ਿਮਨੀ ਚੋਣ ਦੇ ਮੱਦੇਨਜ਼ਰ ਜਲੰਧਰ ਵਿਖੇ ਝੰਡਾ ਮਾਰਚ ਕੀਤਾ ਜਾਵੇਗਾ | ਪ੍ਰਧਾਨ ਗੁਰਜੀਤ ਸਿੰਘ ਘੋੜੇਵਾਹ ਨੇ ਬੋਲਦਿਆਂ ਕਿਹਾ ਕਿ ਵਿਭਾਗ ਵਿੱਚ ਲੰਮੇ ਸਮੇਂ ਤੋਂ ਕੰਟਰੈਕਟ ਕਾਮਿਆਂ ਨੂੰ ਹਰ ਵਾਰ ਮੀਟਿੰਗ ਉਪਰੰਤ ਲਾਰੇ ਲਾਏ ਜਾ ਰਹੇ ਹਨ, ਪਰ ਪੱਕੇ ਨਹੀਂ ਕੀਤਾ ਜਾ ਰਿਹਾ |
ਲੱਗਭੱਗ 15 ਸਾਲ ਬੀਤ ਜਾਣ ਦੇ ਬਾਵਜੂਦ ਉਹ ਕਾਮੇ ਆਪਣੇ ਹੱਕਾਂ ਲਈ ਹਰ ਸਰਕਾਰ ਤੋਂ ਉਮੀਦ ਕਰਦੇ ਹਨ, ਪਰ ਉਹਨਾਂ ਨੂੰ ਨਿਰਾਸ਼ ਕੀਤਾ ਜਾ ਰਿਹਾ ਹੈ | ਏਨੀ ਘੱਟ ਉਜਰਤ ‘ਤੇ ਕੰਮ ਕਰ ਰਹੇ ਕੱਚੇ ਕਾਮੇ ਬਹੁਤ ਮੁਸ਼ਕਿਲ ਨਾਲ ਆਪਣੇ ਪਰਵਾਰ ਦਾ ਗੁਜ਼ਾਰਾ ਕਰ ਰਹੇ ਹਨ | ਇਹ ਬੇਹੱਦ ਸੰਜੀਦਾ ਮਸਲਾ ਹੈ, ਜਿਸ ਨੂੰ ਸਰਕਾਰ ਵੱਲੋਂ ਤੁਰੰਤ ਗੰਭੀਰਤਾ ਨਾਲ ਲੈਂਦੇ ਹੋਏ ਇਹਨਾਂ ਕਾਮਿਆਂ ਨੂੰ ਵਿਭਾਗ ਵਿੱਚ ਰੈਗੂਲਰ ਕਰਨਾ ਚਾਹੀਦਾ ਹੈ | ਅਖ਼ੀਰ ਪ੍ਰਧਾਨ ਵੱਲੋਂ ਮੀਟਿੰਗ ਵਿੱਚ ਆਏ ਸਮੁੱਚੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਆਉਣ ਵਾਲੇ ਐਕਸ਼ਨਾਂ ਨੂੰ ਵਧ-ਚੜ੍ਹ ਕੇ ਪੂਰਾ ਕਰਨ ਦੀ ਅਪੀਲ ਕੀਤੀ | ਇਸ ਮੌਕੇ ਦੀਦਾਰ ਸਿੰਘ ਪੱਟੀ, ਬਲਰਾਜ ਸਿੰਘ ਭੰਗੂ, ਬਿਕਰਮਜੀਤ ਸਿੰਘ ਛੀਨਾ, ਕਿਰਨਦੀਪ ਸਿੰਘ ਢਿੱਲੋਂ, ਜਗਪਾਲ ਬਰਾੜ, ਮਨਦੀਪ ਮੱਖੂ, ਗੁਰਪ੍ਰੀਤ ਮੋਗਾ, ਗੁਰਦੀਪ ਮੁੱਲਾਂਪੁਰ ਅਤੇ ਸਾਥੀ ਸ਼ਾਮਲ ਸਨ |