ਹਰ ਵਰਗ ਦੇ ਕਾਮਿਆਂ ਨੂੰ ਸੰਘਰਸ਼ਾਂ ਲਈ ਕਮਰਕੱਸੇ ਕਰਨ ਦਾ ਸੱਦਾ

0
383

ਬਠਿੰਡਾ (ਬਖਤੌਰ ਢਿੱਲੋਂ)
ਦੇਸ਼ ਦੀ ਆਤਮ ਨਿਰਭਰਤਾ ’ਚ ਅਹਿਮ ਯੋਗਦਾਨ ਪਾਉਣ ਵਾਲੇ ਪਬਲਿਕ ਸੈਕਟਰ ਨੂੰ ਕਾਰਪੋਰੇਟ ਘਰਾਣਿਆਂ ਦੇ ਸਪੁਰਦ ਕਰਕੇ ਮੋਦੀ ਸਰਕਾਰ ਨੇ ਉਨ੍ਹਾਂ ਦੇਸ਼ ਭਗਤਾਂ ਨਾਲ ਧਰੋਹ ਕਮਾਉਣ ’ਚ ਕੋਈ ਕਸਰ ਨਹੀਂ ਛੱਡੀ, ਭਾਰਤ ਨੂੰ ਅਜਾਦ ਕਰਵਾਉਣ ਵੇਲੇ ਜਿਨ੍ਹਾਂ ਲੋਕ ਪੱਖੀ ਨਿਜਾਮ ਸਿਰਜਣ ਦਾ ਬੀੜਾ ਚੁੱਕਿਆ ਸੀ। ਇਹ ਵਿਚਾਰ ਪ੍ਰਗਟ ਕਰਦਿਆਂ ਆਲ ਇੰਡੀਆ ਫੈਡਰੇਸ਼ਨ ਆਫ ਗੌਰਮਿੰਟ ਇੰਪਲਾਈਜ਼ ਦੇ ਪ੍ਰਧਾਨ ਐੱਮ ਐੱਲ ਸਹਿਗਲ ਨੇ ਹਰ ਵਰਗ ਦੇ ਕਾਮਿਆਂ ਨੂੰ ਵੱਡੇ ਸੰਘਰਸ਼ਾਂ ਲਈ ਕਮਰਕੱਸੇ ਕਰਨ ਦਾ ਸੱਦਾ ਦਿੱਤਾ।
ਇਸ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਦੇ ਸਰਪ੍ਰਸਤ ਕਰਮ ਚੰਦ ਭਾਰਦਵਾਜ ਨੇ ਦੱਸਿਆ ਕਿ ਬਿਜਲੀ ਸੈਕਟਰ ਦੀਆਂ ਦੋਨੋਂ ਕਾਰਪੋਰੇਸ਼ਨਾਂ ਪਾਵਰਕਾਮ ਅਤੇ ਟ੍ਰਾਂਸਕੋ ਦਾ ਵਰਕਲੋਡ ਦਿਨੋ-ਦਿਨ ਵਧ ਰਿਹਾ ਹੈ, ਜਦਕਿ ਸੇਵਾ ਮੁਕਤੀ ਦੀ ਵਜ੍ਹਾ ਕਾਰਨ ਮੁਲਾਜ਼ਮਾਂ ਦੀ ਲਗਾਤਾਰ ਘਟ ਰਹੀ ਗਿਣਤੀ ਦੇ ਵਿਰੁੱਧ ਮੈਨੇਜਮੈਂਟ ਵੱਲੋਂ ਲੋੜ ਮੁਤਾਬਕ ਭਰਤੀ ਨਹੀਂ ਕੀਤੀ ਜਾ ਰਹੀ।
ਉਨ੍ਹਾ ਮੰਗ ਕੀਤੀ ਕਿ ਪ੍ਰਾਈਵੇਟ ਸੈਕਟਰ ’ਚ ਲੱਗੇ ਥਰਮਲ ਪਲਾਂਟਾਂ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਕਰਕੇ ਬਿਜਲੀ ਸੈਕਟਰ ਨੂੰ ਮੁੜ ਪੈਰਾਂ ਸਿਰ ਕਰਨ ਲਈ ਮੌਜੂਦਾ ਪੰਜਾਬ ਸਰਕਾਰ ਠੋਸ ਉਪਰਾਲੇ ਕਰੇ, ਕਿਉਂਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਪਿਛਲੀਆਂ ਸਰਕਾਰਾਂ ਦੇ ਦੌਰ ’ਚ ਹੋਏ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ’ਤੇ ਜ਼ੋਰ ਦਿੱਤਾ ਜਾਂਦਾ ਰਿਹਾ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਰਕਾਰੀ ਖੇਤਰ ਦੇ ਜਿਹੜੇ ਥਰਮਲ ਪਲਾਂਟਾਂ ਨੂੰ ਬੰਦ ਕੀਤਾ ਜਾ ਚੁੱਕਿਆ ਹੈ ਜਾਂ ਜਾ ਰਿਹਾ ਹੈ, ਉਨ੍ਹਾਂ ਲਈ ਕਿਸਾਨਾਂ ਤੋਂ ਕੌਡੀਆ ਦੇ ਭਾਅ ਹਾਸਲ ਕੀਤੀਆਂ ਜ਼ਮੀਨਾਂ ਨੂੰ ਸਸਤੇ ਰੇਟਾਂ ’ਤੇ ਧਨਕੁਬੇਰਾਂ ਦੇ ਹਵਾਲੇ ਕਰਨ ਦੀ ਬਜਾਏ ਉਨ੍ਹਾਂ ਵਾਲੀਆਂ ਥਾਵਾਂ ’ਤੇ ਪਰਾਲੀ ਅਧਾਰਤ ਅਤੇ ਮੈਗਾ ਸੋਲਰ ਪਲਾਂਟ ਸਥਾਪਤ ਕੀਤੇ ਜਾਣ। ਸਵਾਗਤੀ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਜੋਗਾ ਨੇ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਦੇ ਦੋ ਰੋਜ਼ਾ ਸੂਬਾਈ ਅਜਲਾਸ ਚ ਸ਼ਾਮਲ ਹੋਏ ਡੈਲੀਗੇਟਾਂ ਨੂੰ ਜੀ ਆਇਆਂ ਕਿਹਾ, ਜਦਕਿ ਕੌਮੀ ਪੱਧਰ ਦੇ ਕਿਸਾਨ ਆਗੂਅ ਹਰਦੇਵ ਅਰਸ਼ੀ ਤੇ ਬਲਕਰਨ ਸਿੰਘ ਬਰਾੜ ਤੋਂ ਇਲਾਵਾ ਕੁਲ ਹਿੰਦ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਗੁਲਜ਼ਾਰ ਗੋਰੀਆ ਨੇ ਭਰਾਤਰੀ ਸੰਦੇਸ਼ ਦਿੱਤੇ। ਅਜਲਾਸ ਦੀ ਪ੍ਰਧਾਨਗੀ ਬਲਵਿੰਦਰ ਸਿੰਘ ਸੰਧੂ ਕਰ ਰਹੇ ਹਨ।

LEAVE A REPLY

Please enter your comment!
Please enter your name here