ਜਲੰਧਰ (ਸ਼ੈਲੀ ਐਲਬਰਟ, ਸੁਰਿੰਦਰ ਕੁਮਾਰ, ਇਕਬਾਲ ਸਿੰਘ ਉੱਭੀ)-ਜਲੰਧਰ ਲੋਕ ਸਭਾ ਜ਼ਿਮਨੀ ਚੋਣ ’ਚ ‘ਆਪ’ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੋਡ ਸ਼ੋਅ ਕੱਢਿਆ। ਰੋਡ ਸ਼ੋਅ ਜੋਤੀ ਚੌਕ ਤੋਂ ਸ਼ੁਰੂ ਹੋਇਆ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਨੂੰ ਵੋਟ ਦੀ ਜ਼ਰੂਰਤ ਨਹੀਂ, ਭਾਜਪਾ ਸਰਕਾਰ ਨੂੰ ਇੱਕ ਸੀਟ ਨਾਲ ਕੋਈ ਫਰਕ ਨਹੀਂ ਪਵੇਗਾ, ਪਰ ਸਾਡੇ ਲਈ ਇਹ ਸੀਟ ਬਹੁਤ ਮਹੱਤਵਪੂਰਨ ਹੈ। ਉਨ੍ਹਾ ਲੋਕਾਂ ਤੋਂ ਪੁਛਿਆ ਕਿ ਕਾਂਗਰਸ ਦਾ ਦਿੱਲੀ ਤੋਂ ਕੋਈ ਨੇਤਾ ਚੋਣ ’ਚ ਆਇਆ? ਕੀ ਰਾਹੁਲ ਗਾਂਧੀ ਜਲੰਧਰ ’ਚ ਵੋਟ ਮੰਗਣ ਆਏ। ਲੋਕਾਂ ਨੇ ਨਾ ਕਹਿਣ ’ਤੇ ਕੇਜਰੀਵਾਲ ਨੇ ਕਿਹਾ ਕਿ ਉਹ ਇਸ ਲਈ ਨਹੀਂ ਆਏ, ਕਿਉਂਕਿ ਤੁਹਾਡੇ ਕੀਮਤੀ ਵੋਟ ਦੀ ਉਨ੍ਹਾਂ ਨੂੰ ਜ਼ਰੂਰਤ ਨਹੀਂ। ਉਨ੍ਹਾ ਕਿਹਾ ਕਿ ਇਸ ਵਾਰ ਜਲੰਧਰ ਦੀ ਸੀਟ 11 ਮਹੀਨੇ ਲਈ ਦੇ ਕੇ ਦੇਖੋ, ਅਗਲੀ ਵਾਰ ਤੁਸੀਂ ਪੰਜਾਬ ਦੀਆਂ 13 ਸੀਟਾਂ ਹੀ ਸਾਡੀ ਝੋਲੀ ’ਚ ਪਾ ਦਿਓਗੇ। ਉਨ੍ਹਾ ਮੀਡੀਆ ਨੂੰ ਕਿਹਾ ਕਿ ਮੀਡੀਆ ਵਾਲੇ ਸਾਡੇ ਜਾਣ ਤੋਂ ਬਾਅਦ ਇਕ ਵਾਰ ਜਨਤਾ ਨੂੰ ਜ਼ਰੂਰ ਪੁੱਛਣ ਕਿ ਇਹ ਸਾਰੇ ਕਿਰਾਏ ’ਤੇ ਤਾਂ ਨਹੀਂ ਲਿਆਂਦੇ ਗਏ। ਵਿਰੋਧੀ ਧਿਰਾਂ ’ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਇਥੇ ਕਈ ਪਾਰਟੀਆਂ ਅਜਿਹੀਆਂ ਵੀ ਹਨ, ਜੋ ਕਿਰਾਏ ’ਤੇ ਜਨਤਾ ਨੂੰ ਲਿਆਂਦੀਆਂ ਹਨ, ਪਰ ਇਥੇ ਇਹ ਸਾਰੀ ਜਨਤਾ ਆਪ-ਮੁਹਾਰੇ ਆਈ ਹੈ, ਕੋਈ ਕਿਰਾਏ ’ਤੇ ਨਹੀਂ ਲਿਆਂਦਾ ਗਿਆ। ਭਗਵੰਤ ਮਾਨ ਨੇ ਕਿਹਾ ਕਿ ਅਸੀਂ ਸਿਰਫ 11 ਮਹੀਨੇ ਮੰਗ ਰਹੇ ਹਾਂ, ਤੁਸੀਂ ਕਾਂਗਰਸ ਨੂੰ 60 ਸਾਲ ਵੋਟਾਂ ਪਾਈਆਂ ਹਨ। ਹੁਣ 11 ਮਹੀਨੇ ਸਾਡੇ ਨਾਲ ਲਗਾ ਦਿਓ, ਅੱਗੇ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਏਨਾ ਵਧੀਆ ਕੰਮ ਕਰਾਂਗੇ ਕਿ ਅਗਲੀ ਵਾਰੀ ਤੁਹਾਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ ਪਵੇਗੀ। ਰੋਡ ਸ਼ੋਅ ਕਰਦਿਆਂ ਮਾਨ ਨੇ ਕਿਹਾ ਕਿ ਜਲੰਧਰ ਦੇ ਪਿਮਸ ਹਸਪਤਾਲ ਨੂੰ ਪੰਜਾਬ ਸਰਕਾਰ ਆਪਣੇ ਹੱਥਾਂ ’ਚ ਲਵੇਗੀ ਤੇ ਉਸ ਨੂੰ ਬੇਹਤਰ ਢੰਗ ਨਾਲ ਚਲਾਏਗੀ। ਇਸ ਬਾਰੇ ਹਸਪਤਾਲ ਨੂੰ ਨੋਟਿਸ ਭੇਜ ਦਿੱਤਾ ਗਿਆ ਹੈ। ਜਲੰਧਰ ਸ਼ਹਿਰ ਦਾ ਨਾਂਅ ਖੇਡਾਂ ਦਾ ਸਮਾਨ ਬਣਾਉਣ ’ਚ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਫਰਾਂਸ ਵਿੱਚ ਨਵੰਬਰ 2023 ਵਿੱਚ ਹੋਣ ਵਾਲੀ ਰਗਬੀ ਟੂਰਨਾਮੈਂਟ ਲਈ 2 ਲੱਖ ਬਾਲਾਂ ਜਲੰਧਰ ਬਣ ਰਹੀਆਂ ਹਨ। ਜਲੰਧਰ ਨੂੰ ਮੁੰਦਰੀ ਦੇ ਨਗ ਵਾਂਗ ਚਮਕਾ ਕੇ ਰੱਖਾਂਗੇ। ਝਾੜੂ ਵਾਲਾ ਬਟਨ ਦਬਾਅ ਕੇ ਵਿਕਾਸ ਦਾ ਰਾਹ ਖੋਲ੍ਹੋ। ਉਨ੍ਹਾ ਕਿਹਾ ਕਿ ਭਾਵੇ ਮਸ਼ੀਨ ਵਿੱਚ ਆਪ ਦੇ ਉਮੀਦਵਾਰ ਦਾ ਨੰਬਰ 2 ’ਤੇ ਹੈ, ਪਰ ਆਉਣਾ ਪਹਿਲੇ ਨੰਬਰ ’ਤੇ ਹੈ। ਇਸ ਮੌਕੇ ਆਪ ਦੇ ਦੋਵੇਂ ਮੁੱਖ ਮੰਤਰੀਆਂ ਦਾ ਭਾਸ਼ਣ ਸੁਣਨ ਲਈ ਲੋਕ ਤਿੱਖੀ ਧੁੱਪ ’ਚ ਵੀ ਖੜੇ ਰਹੇ। ਮਾਨ ਨੇ ਆਪਣਾ ਭਾਸ਼ਣ ਸ਼ੁਰੂ ਕਰਨ ਤੋਂ ਪਹਿਲਾਂ ਬੋਲੇ ਸੋ ਨਿਹਾਲ ਦਾ ਜੈਕਾਰਾ ਲਾਇਆ, ਜਦ ਕਿ ਕੇਜਰੀਵਾਲ ਨੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ। ਕੇਜਰੀਵਾਲ ਤੇ ਮਾਨ ਨੇ ਕਿਹਾ ਕਿ ਅਗਲੇ ਸਾਲ ਮਈ ’ਚ ਫਿਰ ਤੋਂ ਲੋਕ ਸਭਾ ਚੋਣਾਂ ਹਨ। ਤੁਸੀਂ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਅਤੇ ਸੁਸ਼ੀਲ ਰਿੰਕੂ ’ਤੇ 11 ਮਹੀਨੇ ਲਈ ਭਰੋਸਾ ਕਰਕੇ ਦੇਖੋ। ਤੁਸੀਂ 60 ਸਾਲ ਕਾਂਗਰਸ ਨੂੰ ਦਿੱਤੇ, ਸਾਨੂੰ ਸਿਰਫ਼ 11 ਮਹੀਨੇ ਦਿਓ। ਜੇ ਕੰਮ ਪਸੰਦ ਨਾ ਆਇਆ ਤਾਂ ਅਗਲੇ ਸਾਲ ਲੋਕ ਸਭਾ ਚੋਣਾਂ ’ਚ ਤੁਸੀਂ ਸਾਨੂੰ ਬੇਸ਼ੱਕ ਵੋਟ ਨਾ ਪਾਉਣਾ। ਕੇਜਰੀਵਾਲ ਨੇ ਕਿਹਾ ਕਿ 11 ਮਹੀਨਿਆ ’ਚ ਹੀ ਅਸੀਂ ਵਿਕਾਸ ਦੇ ਇਸ ਤਰ੍ਹਾਂ ਦੇ ਕੰਮ ਕਰਕੇ ਦਿਖਾਵਾਂਗੇ ਕਿ ਅਗਲੇ ਸਾਲ ਤੁਸੀਂ 13 ਦੀਆਂ 13 ਸੀਟਾਂ ਸਾਡੀ ਝੋਲੀ ’ਚ ਪਾਓਗੇ। ਮਾਨ ਨੇ ਕਿਹਾ ਜਿਸ ਥਾਂ ਤੋਂ ਅਸੀਂ ਅੱਜ ਰੋਡ ਸ਼ੋਅ ਸ਼ੁਰੂ ਕੀਤਾ, ਉਸੇ ਸਥਾਨ ਤੋਂ ਅਸੀਂ ਜਲੰਧਰ ’ਚ ਖੇਡ ਯੂਨੀਵਰਸਿਟੀ ਖੋਲ੍ਹਣ ਦਾ ਐਲਾਨ ਕੀਤਾ ਸੀ। ਉਨ੍ਹਾ ਕਿਹਾ ਕਿ ਅੱਜ ਉਹ ਮੁੰਬਈ ਲਈ ਇੱਕ ਟਰੱਕ ਨੂੰ ਹਰੀ ਝੰਡੀ ਦੇ ਕੇ ਮੁੰਬਈ ਲਈ ਰਵਾਨਾ ਕਰਕੇ ਆਏ ਹਨ। ਉਨ੍ਹਾ ਕਿਹਾ ਕਿ ਫਰਾਂਸ ’ਚ ਰਗਬੀ ਵਰਲਡ ਕੱਪ ਹੋ ਰਿਹਾ ਹੈ। ਉਸ ਲਈ 2 ਲੱਖ ਬਾਲ ਦਾ ਆਰਡਰ ਮਿਲਿਆ ਹੈ।





