ਬਟਾਲਾ : ਵੀਹਵੀਂ ਸਦੀ ਦੇ ਮਹਾਨ ਕਵੀ ਸ਼ਿਵ ਕੁਮਾਰ ਬਟਾਲਵੀ ਦੀ 50ਵੀ ਬਰਸੀ ਮੌਕੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਉੱਦਮ ਸਦਕਾ ਉਨ੍ਹਾ ਦਾ ਜੀਵੰਤ ਬੁੱਤ ਸ਼ਿਵ ਆਡੀਟੋਰੀਅਮ ’ਚ ਜ਼ਿਲ੍ਹਾ ਕਲਚਰਲ ਸੋਸਾਇਟੀ (ਰਜਿ.) ਵੱਲੋਂ ਸਥਾਪਤ ਕੀਤਾ ਗਿਆ। ਪਰਦਾ ਹਟਾਉਣ ਦੀ ਰਸਮ ਕਲਸੀ, ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾ. ਸੁਰਜੀਤ ਪਾਤਰ, ਤ੍ਰੈਲੋਚਨ ਲੋਚੀ, ਗੁਰਭਜਨ ਗਿੱਲ ਤੇ ਡਾ. ਰਵਿੰਦਰ ਸਮੇਤ ਹਾਜ਼ਰ ਕਵੀਆਂ ਨੇ ਨਿਭਾਈ।
ਇਸ ਮੌਕੇ ਸੁਰੀਲੇ ਗਾਇਕ ਦੀਦਾਰ ਪਰਦੇਸੀ, ਰਾਜੂ ਪਰਦੇਸੀ ਤੇ ਮਨਰਾਜ ਪਾਤਰ ਵੀ ਪੁੱਜੇ ਹੋਏ ਸਨ। ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਸ਼ਿਵ ਡੂੰਘੇ ਸਾਗਰਾਂ ਦਾ ਤਾਰੂ ਤੇ ਅੰਬਰ ਤੋਂ ਪਾਰ ਜਾਣ ਵਾਲਾ ਇੱਕੋ ਵੇਲੇ ਵਿਯੋਗ ਤੇ ਸੰਯੋਗ ਦਾ ਕਵੀ ਸੀ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਇਸ ਇਲਾਕੇ ਦੇ ਜੰਮਪਲ ਕਵੀ ਗੁਰਭਜਨ ਗਿੱਲ ਨੇ ਕਿਹਾ ਕਿ ਇਹ ਮੌਕਾ ਮੇਲ ਹੀ ਹੈ ਕਿ ਬਟਾਲਾ ’ਚ ਸ਼ਿਵ ਕੁਮਾਰ ਦੀ ਪਹਿਲੀ ਬਰਸੀ ਵੇਲੇ 1974 ਵੇਲੇ ਵੀ ਮੈਂ ਹਾਜ਼ਰ ਸੀ ਤੇ ਅੱਜ ਵੀ। ਉਨ੍ਹਾ ਕਿਹਾ ਕਿ ਸ਼ਿਵ ਆਡੀਟੋਰੀਅਮ ਦੇ ਵਿਹੜੇ ’ਚ ਸ਼ਿਵ ਕੁਮਾਰ ਜੀ ਦਾ ਬੁੱਤ ਸਥਾਪਤ ਕਰਕੇ ਵਿਧਾਇਕ ਕਲਸੀ ਨੇ ਵਿਸ਼ਵ ਭਰ ’ਚ ਵੱਸਦੇ ਪੰਜਾਬੀਆਂ ਵੱਲੋਂ ਜੱਸ ਖੱਟ ਲਿਐ।
ਸਮਾਗਮ ’ਚ ਜਿੱਥੇ ਸੁਰਜੀਤ ਪਾਤਰ, ਤ੍ਰੈਲੋਚਨ ਲੋਚੀ, ਸੁਰਜੀਤ ਜੱਜ, ਡਾ. ਰਵਿੰਦਰ, ਪਿ੍ਰੰਸੀਪਲ ਅਵਤਾਰ ਸਿੱਧੂ ਤੇ ਉੱਘੇ ਕਵੀ ਬੀਬਾ ਬਲਵੰਤ ਨੂੰ ਸੁਣਨ ਦਾ ਸੁਭਾਗ ਮਿਲਿਆ ਉਥੇ ਦੀਦਾਰ ਪਰਦੇਸੀ ਤੇ ਰਮੇਸ਼ ਭਗਤ ਦਾ ਸ਼ਿਵ ਸ਼ਾਇਰੀ ਗਾਨ ਵੀ ਚੰਗਾ ਲੱਗਿਆ। ਉੱਘੇ ਰੰਗਕਰਮੀ ਕੇਵਲ ਧਾਲੀਵਾਲ ਦੀ ਪੇਸ਼ਕਸ਼ ਸ਼ਿਵ ਕੁਮਾਰ ਦੀ ਲੂਣਾ ਨੂੰ ਦਰਸਕਾਂ ਦਾ ਚੰਗਾ ਹੁੰਗਾਰਾ ਮਿਲਿਆ।





