ਨਵੀਂ ਦਿੱਲੀ : ਅਗਲੇ ਸਾਲ ਦੀ ਗਣਤੰਤਰ ਦਿਵਸ ਪਰੇਡ ’ਚ ਔਰਤਾਂ ਹੀ ਪਰੇਡ ਕਰਦੀਆਂ ਨਜ਼ਰ ਆ ਸਕਦੀਆਂ ਹਨ। ਇਹ ਔਰਤਾਂ ਬੈਂਡ ਟੁਕੜੀਆਂ ਨਾਲ ਕਰਤੱਵਿਆ ਮਾਰਗ ’ਤੇ ਮਾਰਚ ਪਾਸਟ ਕਰਨਗੀਆਂ।
ਸੂਤਰਾਂ ਅਨੁਸਾਰ ਰੱਖਿਆ ਮੰਤਰਾਲਾ ਅਜਿਹੇ ਪ੍ਰਸਤਾਵ ’ਤੇ ਕੰਮ ਕਰ ਰਿਹਾ ਹੈ। ਰੱਖਿਆ ਮੰਤਰਾਲੇ ਨੇ ਇਸ ਸਾਲ ਮਾਰਚ ’ਚ ਅਗਲੇ ਸਾਲ ਹੋਣ ਵਾਲੀ ਪਰੇਡ ਦੀ ਯੋਜਨਾ ਬਾਰੇ ਤਿੰਨ ਸੇਵਾਵਾਂ ਅਤੇ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਇੱਕ ਦਫਤਰੀ ਮੈਮੋਰੰਡਮ ਭੇਜਿਆ ਸੀ। ਸੂਤਰਾਂ ਨੇ ਦੱਸਿਆ ਕਿ ਮੈਮੋਰੰਡਮ ਵਿਚ ਅਜਿਹੇ ਪ੍ਰਸਤਾਵ ’ਤੇ ਵਿਚਾਰ ਕੀਤੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ। ਫਰਵਰੀ ਦੇ ਸ਼ੁਰੂ ਵਿਚ ਰੱਖਿਆ ਸਕੱਤਰ ਦੀ ਪ੍ਰਧਾਨਗੀ ਵਿਚ ਇਕ ਮੀਟਿੰਗ ਹੋਈ ਸੀ। ਇਸ ਮੌਕੇ ਫੈਸਲਾ ਕੀਤਾ ਗਿਆ ਸੀ ਕਿ ਗਣਤੰਤਰ ਦਿਵਸ ਪਰੇਡ-2024 ਵਿਚ ਕਰਤੱਵਿਆ ਮਾਰਗ ’ਤੇ ਪਰੇਡ ਦੌਰਾਨ ਝਾਕੀਆਂ ਅਤੇ ਹੋਰ ਪ੍ਰਦਰਸ਼ਨਾਂ ਵਿਚ ਸਿਰਫ ਔਰਤਾਂ ਹੀ ਭਾਗ ਲੈਣਗੀਆਂ।



