ਜਲੰਧਰ (ਸ਼ੈਲੀ ਐਲਬਰਟ, ਇਕਬਾਲ ਸਿੰਘ ਉਭੀ)
ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਵੈੱਸਟ ਤੋਂ ਵਿਧਾਇਕ ਸੀਤਲ ਅੰਗੂਰਾਲ ਦੇ ਨਾਲ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪਹੁੰਚੇ। ਮਾਨ ਨੇ ਸਭ ਤੋਂ ਪਹਿਲਾਂ ਜਲੰਧਰ ਦੇ ਭਾਰਗਵ ਕੈਂਪ ਵਿਖੇ ਸਥਿਤ ਸਤਿਗੁਰੂ ਕਬੀਰ ਮੁੱਖ ਮੰਦਰ ਵਿਖੇ ਨਤਮਸਤਕ ਹੁੰਦਿਆਂ ‘ਸਰਬੱਤ ਦੇ ਭਲੇ’ ਦੀ ਅਰਦਾਸ ਕੀਤੀ ਅਤੇ ਸੰਗਤ ਤੋਂ ਆਸ਼ੀਰਵਾਦ ਮੰਗਿਆ। ਉਨ੍ਹਾ ਨਾਲ ਇਸ ਮੌਕੇ ਅੰਮਿ੍ਰਤਸਰ ਤੋਂ ਵਿਧਾਇਕ ਜੀਵਨਜੋਤ ਕੌਰ, ਸੀਨੀਅਰ ‘ਆਪ’ ਆਗੂ ਮਹਿੰਦਰ ਭਗਤ, ਪ੍ਰਵੇਸ ਤਾਂਗੜੀ ਅਤੇ ਸਾਥੀ ਵੀ ਮੌਜੂਦ ਸਨ। ਮਾਨ ਨੇ ਕਿਹਾ ਕਿ ਕਬੀਰ ਜੀ ਨੇ ਦੱਬੇ-ਕੁਚਲੇ ਲੋਕਾਂ ਨੂੰ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ, ਸਮਾਜ ਵਿੱਚ ਫੈਲੀਆਂ ਕੁਰੀਤੀਆਂ ਦਾ ਵਿਰੋਧ ਕਰਨ ਅਤੇ ਲੋਕਾਈ ਨੂੰ ਪਰਮਾਤਮਾ ਦਾ ਨਾਮ ਜਪਦਿਆਂ ਆਪਣਾ ਜੀਵਨ ਸਫਲ ਕਰਨ ਲਈ ਆਪਣਾ ਸਮੁੱਚਾ ਜੀਵਨ ਲੇਖੇ ਲਾਇਆ।
ਉਹਨਾ ਇਸ ਮੌਕੇ ਪੰਜਾਬ ਦੇ ਪ੍ਰਸਿੱਧ ਕਵੀ ਸੰਤ ਰਾਮ ਉਦਾਸੀ ਨੂੰ ਯਾਦ ਕਰਦਿਆਂ ਉਨ੍ਹਾ ਦੀ ਕਵਿਤਾ ਵੀ ਗਾਈ। ਉਨ੍ਹਾ ਕਿਹਾ ਕਿ ਕੁਝ ਲੋਕ ਪੰਜਾਬ ਦੀ ਭਾਈਚਾਰਕ ਏਕਤਾ ਨੂੰ ਤੋੜਨ ਲਈ ਯਤਨ ਕਰ ਰਹੇ ਹਨ, ਪਰ ਉਨ੍ਹਾਂ ਨੂੰ ਪਤਾ ਨਹੀਂ ਕਿ ਗੁਰੂਆਂ ਦੇ ਵਰਸੋਏ ਪੰਜਾਬ ਦੇ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਤੋੜਨਾ ਅਸੰਭਵ ਹੈ।
ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੰਦਿਆਂ ਉਨ੍ਹਾ ਪੰਜਾਬ ਵਿੱਚ ਹੁੰਦੇ ਮਹਿੰਗੇ ਵਿਆਹਾਂ ’ਤੇ ਵੀ ਚਿੰਤਾ ਜ਼ਾਹਰ ਕੀਤੀ ਅਤੇ ਦੱਸਿਆ ਕਿ ਉਨ੍ਹਾ ਦੀ ਸਰਕਾਰ ਸੂਬੇ ਦੇ ਹਰ ਪਿੰਡ ਵਿੱਚ ਕਮਿਊਨਿਟੀ ਸੈਂਟਰ ਸਥਾਪਤ ਕਰੇਗੀ। ਇਹ ਕਮਿਊਨਿਟੀ ਸੈਂਟਰ ਲੋੜਵੰਦਾਂ ਲਈ ਧੀਆਂ ਦੇ ਵਿਆਹ ਤੋਂ ਲੈ ਕੇ ਪੂਰੇ ਪਿੰਡ ਵਾਸੀਆਂ ਨੂੰ ਆਪਣੇ ਸਮਾਗਮ ਕਰਵਾਉਣ ਲਈ ਸਸਤਾ ਬਦਲ ਬਣਨਗੇ।
ਉਨ੍ਹਾ ਜਲੰਧਰ ਵਾਸੀਆਂ ਨੂੰ ਜ਼ਿਮਨੀ ਚੋਣ ਵਿੱਚ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਜਿਤਾਉਣ ਦੀ ਬੇਨਤੀ ਕਰਦਿਆਂ ਕਿਹਾ ਕਿ ਪੰਜਾਬ ਵਾਂਗ ਇਸ ਲੋਕ ਸਭਾ ਚੋਣ ਵਿੱਚ ਵੀ ਸਾਨੂੰ ਮੌਕਾ ਦਿਓ, ਤਾਂ ਕਿ ਅਸੀਂ ਜਲੰਧਰ ਅਤੇ ਸੂਬੇ ਦੀ ਆਵਾਜ ਨੂੰ ਸੰਸਦ ਵਿਚ ਵੀ ਬੁਲੰਦ ਕਰ ਸਕੀਏ।





