ਸ਼ਿਮਲਾ : ਹਿਮਾਚਲ ਦੀਆਂ ਮੱਧ ਅਤੇ ਉੱਚੀਆਂ ਪਹਾੜੀਆਂ ’ਤੇ ਤਾਜ਼ਾ ਬਰਫਬਾਰੀ ਹੋਣ ਕਾਰਨ ਠੰਢ ਵਧ ਗਈ। ਸੂਬੇ ਦੇ ਕਈ ਹਿੱਸਿਆਂ ਵਿੱਚ ਗਰਜ-ਤੂਫਾਨ ਨਾਲ ਦਰਮਿਆਨਾ ਮੀਂਹ ਪਿਆ। ਲਾਹੌਲ ਅਤੇ ਸਪਿਤੀ ਜ਼ਿਲ੍ਹੇ ਦੇ ਗੋਂਡਲਾ ਅਤੇ ਕਿਲੌਂਗ ’ਚ 5.5 ਸੈਂਟੀਮੀਟਰ ਅਤੇ 3.2 ਸੈਂਟੀਮੀਟਰ ਬਰਫਬਾਰੀ ਹੋਈ, ਜਦੋਂ ਕਿ ਚੰਬਾ ਦੇ ਭਰਮੌਰ ’ਚ ਸਭ ਤੋਂ ਵੱਧ 30 ਮਿਲੀਮੀਟਰ, ਮੰਡੀ ਦੇ ਜੋਗਿੰਦਰ ਨਗਰ ’ਚ 19 ਮਿਲੀਮੀਟਰ ਅਤੇ ਬੰਜਰ ’ਚ 18.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਬਰਫਬਾਰੀ ਅਤੇ ਮੀਂਹ ਕਾਰਨ ਘੱਟੋ-ਘੱਟ ਤਾਪਮਾਨ ’ਚ ਭਾਰੀ ਗਿਰਾਵਟ ਆਈ ਹੈ। ਤਾਪਮਾਨ ਆਮ ਨਾਲੋਂ ਦੋ ਤੋਂ ਅੱਠ ਡਿਗਰੀ ਘੱਟ ਗਿਆ। ਸੁੰਦਰ ਨਗਰ, ਸ਼ਿਮਲਾ, ਭੁੰਤਰ, ਕਾਂਗੜਾ, ਨਾਹਨ ਅਤੇ ਨੂਰਪੁਰ ਦੇ ਕੁਝ ਹਿੱਸਿਆਂ ’ਚ ਝੱਖੜ ਵੀ ਆਇਆ। ਹਮੀਰਪੁਰ, ਬਿਲਾਸਪੁਰ ਅਤੇ ਊਨਾ ਤੋਂ ਫਸਲਾਂ ਅਤੇ ਫਲਾਂ ਦਾ ਨੁਕਸਾਨ ਹੋਣ ਦੀਆਂ ਵੀ ਖਬਰਾਂ ਹਨ।
ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ’ਚ ਐਤਵਾਰ ਸਵੇਰੇ ਤੇਜ਼ ਮੀਂਹ ਪਿਆ, ਜਿਸ ਕਾਰਨ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ। ਚੰਡੀਗੜ੍ਹ, ਅੰਮਿ੍ਰਤਸਰ, ਲੁਧਿਆਣਾ, ਪਠਾਨਕੋਟ, ਗੁਰਦਾਸਪੁਰ, ਜਲੰਧਰ, ਮੁਹਾਲੀ ਅਤੇ ਰੂਪਨਗਰ ’ਚ ਮੀਂਹ ਪਿਆ। ਹਰਿਆਣਾ ਦੇ ਰੋਹਤਕ, ਭਿਵਾਨੀ ਅਤੇ ਝੱਜਰ ’ਚ ਵੀ ਸਵੇਰੇ ਹਲਕਾ ਮੀਂਹ ਪਿਆ।



