ਨਵੀਂ ਦਿੱਲੀ : ਯੌਨ ਸ਼ੋਸ਼ਣ ਦੇ ਦੋਸ਼ ’ਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਸਾਂਸਦ ਬਿ੍ਰਜ ਭੂਸ਼ਣ ਸ਼ਰਣ ਸਿੰਘ ਦੀ ਗਿ੍ਰਫਤਾਰੀ ਮੰਗ ਨੂੰ ਲੈ ਕੇ 23 ਅਪਰੈਲ ਤੋਂ ਜੰਤਰ-ਮੰਤਰ ’ਤੇ ਧਰਨਾ ਦੇ ਰਹੇ ਭਲਵਾਨਾਂ ਦੇ ਹੱਕ ਵਿਚ ਐਤਵਾਰ ਖਾਪਾਂ ਦੀ ਮਹਾਂਪੰਚਾਇਤ ਹੋਈ। ਹਰਿਆਣਾ, ਰਾਜਸਥਾਨ ਤੇ ਪੱਛਮੀ ਯੂ ਪੀ ਦੀਆਂ ਕਰੀਬ 250 ਖਾਪਾਂ ਦੇ ਨੁਮਾਇੰਦਿਆਂ ਤੇ ਕਿਸਾਨਾਂ ਦੇ ਇਲਾਵਾ ਪੰਜਾਬ ਤੋਂ ਵੱਡੀ ਗਿਣਤੀ ’ਚ ਕਿਸਾਨ, ਜਿਨ੍ਹਾਂ ਵਿਚ ਬੀਬੀਆਂ ਵੀ ਕਾਫੀ ਸਨ, ਭਲਵਾਨਾਂ ਦੀ ਹਮਾਇਤ ’ਚ ਪੁੱਜੇ। ਇਸ ਤੋਂ ਬਾਅਦ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਕਿ ਜੇ ਬਿ੍ਰਜ ਭੂਸ਼ਣ ਨੂੰ 20 ਮਈ ਤੱਕ ਗਿ੍ਰਫਤਾਰ ਨਾ ਕੀਤਾ ਗਿਆ ਤਾਂ 21 ਮਈ ਨੂੰ ਫਿਰ ਮਹਾਂਪੰਚਾਤਿ ਹੋਵੇਗੀ, ਜਿਸ ਵਿਚ ਵੱਡਾ ਫੈਸਲਾ ਲਿਆ ਜਾਵੇਗਾ।
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਮਹਾਂਪੰਚਾਇਤ ਦੇ ਫੈਸਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਭਲਵਾਨਾਂ ਨੂੰ ਧਰਨਾ ਦਿੰਦਿਆਂ ਨੂੰ 15 ਦਿਨ ਹੋ ਗਏ ਹਨ ਤੇ ਸਰਕਾਰ ਨੂੰ 20 ਮਈ ਤੱਕ ਮਸਲੇ ਦਾ ਹੱਲ ਕੱਢਣ ਦਾ ਵਕਤ ਦਿੱਤਾ ਜਾ ਰਿਹਾ ਹੈ। ਹੱਲ ਨਾ ਨਿਕਲਣ ’ਤੇ 21 ਮਈ ਨੂੰ ਫਿਰ ਮਹਾਂਪੰਚਾਇਤ ਹੋਵੇਗੀ। ਟਿਕੈਤ ਨੇ ਕਿਹਾਅੰਦੋਲਨ ਨੂੰ ਭਲਵਾਨਾਂ ਦੀ ਕਮੇਟੀ ਹੀ ਚਲਾਏਗੀ, ਪਰ ਰੋਜ਼ਾਨਾ ਕਿਸੇ ਨਾ ਕਿਸੇ ਪਿੰਡ ਜਾਂ ਕਿਸੇ ਖਾਪ ਤੋਂ ਲੋਕ ਇੱਥੇ ਪੁੱਜਣਗੇ। ਇਹ ਸਵੇਰ ਤੋਂ ਸ਼ਾਮ ਤੱਕ ਭਲਵਾਨਾਂ ਦੇ ਨਾਲ ਰਹਿਣਗੇ। ਇਹ ਬੇਟੀਆਂ ਦਾ ਮਾਮਲਾ ਹੈ। ਇਸ ਵਿਚ ਸਿਆਸਤ ਨਹੀਂ ਹੋਣੀ ਚਾਹੀਦੀ।
ਟਿਕੈਤ ਨੇ ਕਿਸਾਨ ਅੰਦੋਲਨ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਨ੍ਹਾ ਕੋਲ ਅੰਦੋਲਨ ਚਲਾਉਣ ਦਾ 13 ਮਹੀਨਿਆਂ ਦਾ ਸਰਕਾਰ ਵੱਲੋਂ ਦਿੱਤਾ ਹੋਇਆ ਸਰਟੀਫਿਕੇਟ ਹੈ। ਖਾਪ ਪੰਚਾਇਤ ਦੇ ਫੈਸਲੇ ’ਤੇ ਕੌਮਾਂਤਰੀ ਮਹਿਲਾ ਭਲਵਾਨ ਵਿਨੇਸ਼ ਫੋਗਾਟ ਨੇ ਕਿਹਾ ਕਿ ਉਹ ਫੈਸਲੇ ਨਾਲ ਸਹਿਮਤ ਹਨ ਤੇ ਖਾਪਾਂ ਤੋਂ ਬਾਹਰ ਨਹੀਂ।
ਇਸ ਮੌਕੇ ਬੀ ਕੇ ਯੂ (ਉਗਰਾਹਾਂ) ਦੇ ਕਈ ਕਾਰਕੁਨ ਵੀ ਪੰਜਾਬ ਤੋਂ ਧਰਨਾਕਾਰੀਆਂ ਕੋਲ ਪੁੱਜੇ। ਪੁਲਸ ਨੇ ਇਸ ਜਥੇਬੰਦੀ ਦੇ ਕੁਝ ਕਾਰਕੁਨਾਂ ਨੂੰ ਕੌਮੀ ਰਾਜਧਾਨੀ ’ਚ ਦਾਖਲ ਹੋਣ ਤੋਂ ਰੋਕਿਆ, ਜਿਸ ਤੋਂ ਬਾਅਦ ਉਨ੍ਹਾਂ ਦਿੱਲੀ ਦੇ ਟਿੱਕਰੀ ਬਾਰਡਰ ’ਤੇ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ਸਰਹੱਦ ’ਤੇ ਵਾਹਨਾਂ ਦੀ ਜਾਂਚ ਲਈ ਦਿੱਲੀ ਪੁਲਸ ਵੱਲੋਂ ਲਾਏ ਬੈਰੀਕੇਡ ਤੋੜ ਦਿੱਤੇ।
ਹਾਲਾਂਕਿ ਬਾਅਦ ’ਚ ਉਨ੍ਹਾਂ ਨੂੰ ਦਿੱਲੀ ’ਚ ਦਾਖਲ ਹੋਣ ਦੀ ਇਜਾਜ਼ਤ ਦੇ ਦਿੱਤੀ ਗਈ। ਪੰਜਾਬ ਦੇ ਸੈਂਕੜੇ ਕਿਸਾਨ ਤੇ ਕਿਸਾਨ ਬੀਬੀਆਂ ਰਾਜਧਾਨੀ ਪੁੱਜੀਆਂ। ਸੰਘਰਸ਼ ਨੂੰ ਉਸ ਵੇਲੇ ਹੋਰ ਮਜ਼ਬੂਤੀ ਮਿਲੀ, ਜਦੋਂ ਕਿਸਾਨ ਆਗੂ ਨਰੇਸ਼ ਟਿਕੈਤ ਤੇ ਰਾਜੇਸ਼ ਟਿਕੈਤ ਆਪਣੇ ਸਮਰਥਕਾਂ ਸਣੇ ਜੰਤਰ-ਮੰਤਰ ਪੁੱਜੇ।



