ਦੋ ਕੁ ਦਿਨ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਰਨਾਟਕ ਦੀ ਇੱਕ ਚੋਣ ਸਭਾ ਵਿੱਚ ਕਿਹਾ ਸੀ ਕਿ ਜੇਕਰ ਕਰਨਾਟਕ ਵਿੱਚ ਕਾਂਗਰਸ ਦੀ ਸਰਕਾਰ ਬਣ ਗਈ ਤਾਂ ਦੰਗੇ ਸ਼ੁਰੂ ਹੋ ਜਾਣਗੇ। ਲੋਕ ਪੁੱਛ ਰਹੇ ਹਨ ਕਿ ਮਨੀਪੁਰ ਵਿੱਚ ਤਾਂ ਭਾਜਪਾ ਦੀ ਸਰਕਾਰ ਹੈ, ਫਿਰ ਉੱਥੇ ਦੰਗੇ ਕਿਉਂ ਹੋ ਰਹੇ ਹਨ। ਇਹ ਤਾਂ ਉਹ ਗੱਲ ਹੋਈ ਕਿ, ‘ਉਲਟਾ ਚੋਰ ਕੋਤਵਾਲ ਕੋ ਡਾਂਟੇ।’ ਦੇਸ਼ ਦੀ ਰਾਜਧਾਨੀ ਵਿੱਚ ਮਹਿਲਾ ਪਹਿਲਵਾਨ ਆਪਣੇ ਨਾਲ ਹੁੰਦੇ ਜਿਨਸੀ ਸ਼ੋਸ਼ਣ ਵਿਰੁੱਧ ਲਗਾਤਾਰ ਧਰਨਾ ਦੇ ਰਹੀਆਂ ਹਨ। ਪੂਰਾ ਦੇਸ਼ ਉਨ੍ਹਾਂ ਦੇ ਸਮਰਥਨ ਵਿੱਚ ਉਤਰ ਰਿਹਾ ਹੈ। ਖਾਪ ਪੰਚਾਇਤਾਂ ਨੇ ਅਗਲੀ ਲੜਾਈ ਲਈ ਮੀਟਿੰਗ ਬੁਲਾ ਲਈ ਹੈ। ਕਿਸਾਨ ਯੂਨੀਅਨਾਂ ਵੀ ਖਾਪ ਪੰਚਾਇਤਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਣ ਖੜ੍ਹੀਆਂ ਹਨ। ਦੇਸ਼ ਦੀ ਸਭ ਤੋਂ ਪੁਰਾਣੀ ਤੇ ਵੱਡੀ ਮਜ਼ਦੂਰ ਯੂਨੀਅਨ ਏਟਕ ਨੇ ਪਹਿਲਵਾਨਾਂ ਦੇ ਸਮਰਥਨ ਲਈ ਦੇਸ਼ ਭਰ ਵਿੱਚ ਮੁਜ਼ਾਹਰੇ ਕਰਕੇ ਰੋਸ ਪ੍ਰਗਟ ਕਰਨ ਦਾ ਸੱਦਾ ਦਿੱਤਾ ਹੈ। ਲਗਭਗ ਹਰ ਵਿਰੋਧੀ ਪਾਰਟੀ ਦੇ ਆਗੂ ਜੰਤਰ-ਮੰਤਰ ਵਿੱਚ ਪੁੱਜ ਕੇ ਪਹਿਲਵਾਨਾਂ ਦੀ ਲੜਾਈ ਵਿੱਚ ਉਨ੍ਹਾਂ ਨਾਲ ਖੜ੍ਹੇ ਹੋਣ ਦਾ ਭਰੋਸਾ ਦੇ ਚੁੱਕੇ ਹਨ।
ਇਸ ਹਾਲਤ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਪਿਛਲੇ ਚਾਰ ਦਿਨਾਂ ਤੋਂ ਕਰਨਾਟਕ ਵਿੱਚ ਡੇਰੇ ਲਾ ਕੇ ਬੈਠਾ ਹੈ। ਅਗਲੇ ਦੋ ਦਿਨ ਵੀ ਉਹ ਉੱਥੇ ਹੀ ਰਹੇਗਾ। ਉਹ ਵੋਟਰਾਂ ਨੂੰ ਖਿੱਚਣ ਲਈ ਰੋਡ ਸ਼ੋਅ ਕਰ ਰਿਹਾ ਹੈ। ਬਜਰੰਗ ਬਲੀ ਦੇ ਨਾਅਰੇ ਲਾ ਕੇ ਲੋਕਾਂ ਨੂੰ ਤਾਕੀਦ ਕਰ ਰਿਹਾ ਹੈ ਕਿ ਵੋਟਿੰਗ ਮਸ਼ੀਨ ਦਾ ਬਟਨ ਦਬਾਉਣ ਤੋਂ ਪਹਿਲਾਂ ਉਹ ਬਜਰੰਗ ਬਲੀ ਦਾ ਨਾਅਰਾ ਜ਼ਰੂਰ ਲਾਉਣ। ਇੱਕ ਧਾਰਮਕ ਆਸਥਾ ਦੇ ਚਿੰਨ੍ਹ ਦੀ ਵੋਟ ਲੈਣ ਲਈ ਵਰਤੋਂ ਬਾਰੇ ਦੇਸ਼ ਦਾ ਚੋਣ ਕਮਿਸ਼ਨ ਖਾਮੋਸ਼ ਹੈ। ਸੂਬੇ ਵਿੱਚ ਪਾਰਟੀ ਦੀ ਦੁਰਦਸ਼ਾ ਨੂੰ ਦੇਖ ਕੇ ਚੋਣ ਮੁਹਿੰਮ ਦੀ ਵਾਗਡੋਰ ਖੁਦ ਪ੍ਰਧਾਨ ਮੰਤਰੀ ਨੇ ਸੰਭਾਲ ਲਈ ਹੈ। ਇਸ ਸਮੇਂ ਉਹ ਪ੍ਰਧਾਨ ਮੰਤਰੀ ਦੀ ਥਾਂ ਚੋਣ ਪ੍ਰਚਾਰਕ ਬਣ ਚੁੱਕਾ ਹੈ । ਦੇਸ਼ ਵਿੱਚ ਕੀ ਹੋ ਰਿਹਾ ਹੈ, ਇਸ ਨਾਲ ਉਸ ਦਾ ਕੋਈ ਲਾਗਾ ਦੇਗਾ ਨਹੀਂ ਹੈ।
ਮਨੀਪੁਰ ਸੜ ਰਿਹਾ ਹੈ। ਹੁਣ ਤੱਕ 54 ਮੌਤਾਂ ਹੋ ਚੁੱਕੀਆਂ ਹਨ। ਸੂਬੇ ਦੇ ਆਪਣੇ ਹੀ ਲੋਕ ਇੱਕ ਦੂਜੇ ਨੂੰ ਮਾਰ ਰਹੇ ਹਨ। ਅੱਧੇ ਮਨੀਪੁਰ ਵਿੱਚ ਕਰਫਿਊ ਲਾਗੂ ਹੈ ਤੇ ਦੇਖਦਿਆਂ ਹੀ ਗੋਲੀ ਮਾਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਭਾਜਪਾ ਦੀ ਸੂਬਾਈ ਹਕੂਮਤ ਦੀਆਂ ਕਾਰਵਾਈਆਂ ਨੇ ਸੂਬੇ ਨੂੰ ਗ੍ਰਹਿ ਯੁੱਧ ਵਿੱਚ ਧੱਕ ਦਿੱਤਾ ਹੈ। ਇਸ ਹਾਲਤ ਵਿੱਚ ਪ੍ਰਧਾਨ ਮੰਤਰੀ ਨੂੰ ਉੱਥੇ ਜਾ ਕੇ ਹਾਲਤ ਨੂੰ ਸਮਝਣ ਤੇ ਮਸਲੇ ਨੂੰ ਹੱਲ ਕਰਨ ਦੀ ਲੋੜ ਸੀ, ਪਰ ਉਹ ਤਾਂ ਇਸ ਬਾਰੇ ਇੱਕ ਬਿਆਨ ਤੱਕ ਦੇਣ ਨੂੰ ਤਿਆਰ ਨਹੀਂ। ਚੋੋਣ ਮੁਹਿੰਮ ਦੌਰਾਨ ਉਸ ਦੇ ਹਾਵ-ਭਾਵ ਦੱਸਦੇ ਹਨ ਕਿ ਉਹ ਇਸ ਬਾਰੇ ਨਿਸਚਿੰਤ ਹੈ।
ਮਹਿਲਾ ਪਹਿਲਵਾਨਾਂ ਦੇ ਮਸਲੇ ਉੱਤੇ ਵੀ ਉਸ ਨੇ ਇਹੋ ਰਵੱਈਆ ਅਪਣਾ ਰੱਖਿਆ ਹੈ। ਇਹੋ ਪਹਿਲਵਾਨ ਹਨ, ਜਦੋਂ ਉਹ ਮੈਡਲ ਜਿੱਤ ਕੇ ਆਈਆਂ ਸਨ ਤਾਂ ਪ੍ਰਧਾਨ ਮੰਤਰੀ ਨੇ ਦੇਸ਼ ਦਾ ਮਾਣ ਵਧਾਉਣ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਸੀ। ਅੱਜ ਉਹੋ ਮਹਿਲਾ ਪਹਿਲਵਾਨ ਉਸ ਦੀ ਰਿਹਾਇਸ਼ ਤੋਂ ਕੁਝ ਦੂਰੀ ਉੱਤੇ ਆਪਣੀ ਇੱਜ਼ਤ ਦੀ ਰਾਖੀ ਲਈ ਇਨਸਾਫ਼ ਦੀ ਭੀਖ ਮੰਗ ਰਹੀਆਂ ਹਨ, ਪਰ ਪ੍ਰਧਾਨ ਮੰਤਰੀ ਦੇ ਮੂੰਹੋਂ ਉਨ੍ਹਾਂ ਲਈ ਹਮਦਰਦੀ ਦੇ ਦੋ ਸ਼ਬਦ ਵੀ ਨਹੀਂ ਨਿਕਲ ਰਹੇ। ਸਾਰਾ ਦੇਸ਼ ਜਾਣਦਾ ਹੈ ਕਿ ਪ੍ਰਧਾਨ ਮੰਤਰੀ ਦੇ ਹੁਕਮ ਬਿਨਾਂ ਕੇਂਦਰ ਦੀ ਸਰਕਾਰ ਵਿੱਚ ਇੱਕ ਪੱਤਾ ਵੀ ਨਹੀਂ ਹਿਲ ਸਕਦਾ, ਫਿਰ ਕਿਉਂ ਨਾ ਸਮਝਿਆ ਜਾਵੇ ਕਿ ਬਿ੍ਰਜ ਭੂਸ਼ਣ ਸ਼ਰਣ ਦੀ ਪਿੱਠ ਉੱਤੇ ਉਸ ਦਾ ਹੱਥ ਹੈ।
ਪ੍ਰਧਾਨ ਮੰਤਰੀ ਨੂੰ ਕੋਈ ਚਿੰਤਾ ਨਹੀਂ ਕਿ ਕੋਈ ਉਸ ਨੂੰ ਕੀ ਕਹਿ ਰਿਹਾ ਹੈ। ਉਸ ਨੂੰ ਤਾਂ ਇੱਕੋ ਚਿੰਤਾ ਹੈ ਕਿ ਹਰ ਹਾਲਤ ’ਚ ਕਰਨਾਟਕ ਜਿੱਤਣਾ ਹੈ। ਕਾਂਗਰਸ ਦੀ ਸੋਸ਼ਲ ਮੀਡੀਆ ਇੰਚਾਰਜ ਸੁਪਿ੍ਰਆ ਸ੍ਰੀਨੇਤ ਨੇ ਪ੍ਰਧਾਨ ਮੰਤਰੀ ਨੂੰ ਖਰੀਆਂ-ਖਰੀਆਂ ਸੁਣਾਉਂਦਿਆਂ ਕਿਹਾ ਹੈ, ‘‘ਹੁਣ ਜ਼ਰੂਰੀ ਹੋ ਗਿਆ ਹੈ ਕਿ ਤੁਹਾਨੂੰ ਰਾਜ ਧਰਮ ਦੀ ਯਾਦ ਦਿਲਾਈ ਜਾਵੇ। ਆਪ ਇੱਕ ਚੁਣੇ ਪ੍ਰਧਾਨ ਮੰਤਰੀ ਹੋ, ਨਾ ਕਿ ਭਾਜਪਾ ਦੇ ਪ੍ਰਚਾਰਕ। ਮਨੀਪੁਰ ਵਿੱਚ ਹਿੰਸਾ ਤੇ ਸਾੜਫੂਕ ਨੇ ਪੂਰੇ ਸੂਬੇ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ।’’ ਇਸ ਦੇ ਨਾਲ ਹੀ ਉਨ੍ਹਾ ਕਿਹਾ , ‘‘ਜੇਕਰ ਪੂਰਾ ਮਨੀਪੁਰ ਸੜ ਕੇ ਰਾਖ ਹੋ ਜਾਵੇ ਤਾਂ ਤੁਹਾਡੇ ਲਈ ਕੋਈ ਅਰਥ ਨਹੀਂ ਰੱਖਦਾ। ਕੋਈ ਨੈਤਿਕਤਾ ਨਹੀਂ ਬਚੀ। ਗ੍ਰਹਿ ਮੰਤਰੀ ਪੂਰੀ ਤਰ੍ਹਾਂ ਨਾਕਾਮ ਹੋ ਚੁੱਕੇ ਹਨ। ਕਦੇ ਅਸਾਮ ਤੇ ਮੇਘਾਲਿਆ ਵਿੱਚ ਫਾਇਰਿੰਗ ਹੁੰਦੀ ਹੈ, ਕਦੇ ਕਰਨਾਟਕ ਤੇ ਮਹਾਰਾਸ਼ਟਰ ਵਿੱਚ ਝਗੜਾ ਹੁੰਦਾ ਹੈ। ਹੁਣ ਸ਼ਾਹ ਕੋਲ ਸੱਤਾ ਵਿੱਚ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।’’
-ਚੰਦ ਫਤਿਹਪੁਰੀ




