ਭਾਰਤੀ ਫੌਜ ਵਿੱਚ ਭਰਤੀ ਲਈ ਕੇਂਦਰ ਵੱਲੋਂ ਐਲਾਨੀ ਗਈ ਅਗਨੀਪੱਥ ਯੋਜਨਾ ਦਾ ਖੱੁਲ੍ਹ ਕੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ | ਯੂ ਪੀ, ਬਿਹਾਰ ਤੇ ਰਾਜਸਥਾਨ ਵਿੱਚ ਨੌਜਵਾਨ ਸੜਕਾਂ ਉੱਤੇ ਉੱਤਰ ਆਏ ਹਨ | ਰੱਖਿਆ ਮੰਤਰੀ ਰਾਜਨਾਥ ਵੱਲੋਂ ਇਸ ਯੋਜਨਾ ਦੇ ਐਲਾਨ ਤੋਂ ਅਗਲੇ ਦਿਨ ਹੀ ਥਾਂ-ਥਾਂ ਮੁਜ਼ਾਹਰੇ ਸ਼ੁਰੂ ਹੋ ਗਏ ਸਨ | ਨੌਜਵਾਨਾਂ ਨੂੰ ਚਿੰਤਾ ਹੈ ਕਿ ਉਹ 4 ਸਾਲ ਦੀ ਨੌਕਰੀ ਤੋਂ ਬਾਅਦ ਕੀ ਕਰਨਗੇ | ਜੇਕਰ ਨੌਕਰੀ 4 ਸਾਲ ਦੀ ਹੈ ਤਾਂ ਉਹ ਦੇਸ਼ ਦੀ ਰਾਖੀ ਲਈ ਆਪਣੀ ਜਾਨ ਦਾਅ ਉੱਤੇ ਕਿਉਂ ਲਾਉਣ?
ਸਰਕਾਰ ਵੱਲੋਂ ਐਲਾਨੀ ਯੋਜਨਾ ਬਾਰੇ ਅਹਿਮ ਸਵਾਲ ਇਹ ਉੱਠ ਰਿਹਾ ਹੈ ਕਿ ਦੇਸ਼ ਦੀ ਸੁਰੱਖਿਆ ਲਈ ਜਾਨ ਵਾਰਨ ਵਾਸਤੇ ਭਰਤੀ ਹੋਣ ਵਾਲੇ ਫੌਜੀ ਵੀ ਹੁਣ ਠੇਕੇ ਉੱਤੇ ਰੱਖੇ ਜਾਇਆ ਕਰਨਗੇ | ਜੇਕਰ ਇਹ ਹੋ ਗਿਆ ਤਾਂ ਸਾਰੇ ਇਹੋ ਚਾਹੁੰਣਗੇ ਕਿ ਕਿਸੇ ਤਰ੍ਹਾਂ ਆਪਣੇ 4 ਸਾਲ ਪੂਰੇ ਕਰਕੇ ਸੁੱਖੀ-ਸਾਂਦੀ ਘਰ ਪਹੁੰਚ ਜਾਈਏ | ਸਰਹੱਦਾਂ ਦੀ ਰਾਖੀ ਹਰ ਫੌਜੀ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਹੇਠ ਕਰਦਾ ਹੈ | ਇਸ ਯੋਜਨਾ ਰਾਹੀਂ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਸਭ ਤੋਂ ਵੱਧ ਨੁਕਸਾਨ ਪੁੱਜੇਗਾ |
ਇਸ ਯੋਜਨਾ ਦਾ ਸਭ ਤੋਂ ਵੱਧ ਵਿਰੋਧ ਬਿਹਾਰ ਵਿੱਚ ਹੋ ਰਿਹਾ ਹੈ | ਬਿਹਾਰ ਦੇ ਕਈ ਜ਼ਿਲਿ੍ਹਆਂ ਵਿੱਚ ਪ੍ਰਦਰਸ਼ਨਕਾਰੀ ਹਿੰਸਕ ਹੋ ਗਏ ਹਨ | ਬਕਸਰ ਵਿੱਚ ਗੁੱਸੇ ਨਾਲ ਭਰੇ ਪ੍ਰਦਰਸ਼ਨਕਾਰੀਆਂ ਨੇ ਮੁਸਾਫ਼ਰਾਂ ਨਾਲ ਭਰੀ ਇੱਕ ਰੇਲ ਗੱਡੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਹੈ | ਆਰਾ, ਜਹਾਨਾਬਾਦ, ਛਪਰਾ, ਬਕਸਰ, ਸਹਰਸਾ, ਬੇਗੂਸਰਾਏ, ਮੁਜ਼ੱਫਰਪੁਰ, ਨਵਾਦਾ ਤੇ ਮੁੰਗੇਰ ਸਮੇਤ ਪੂਰੇ ਬਿਹਾਰ ਨੂੰ ਇਸ ਅੰਦੋਲਨ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ | ਮੁਜ਼ਾਹਰਾਕਾਰੀਆਂ ਨੇ ਕੈਮੂਰ ਇੰਟਰਸਿਟੀ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ | ਇਹ ਪ੍ਰਦਰਸ਼ਨ ਦੂਜੇ ਦਿਨ ਵੀ ਜਾਰੀ ਰਹੇ | ਜਹਾਨਾਬਾਦ ਵਿੱਚ ਵਿਦਿਆਰਥੀਆਂ ਨੇ ਹਾਈਵੇਅ ਸਮੇਤ ਰੇਲ ਟਰੈਕ ਵੀ ਜਾਮ ਕਰ ਦਿੱਤਾ | ਸਹਰਸਾ ਵਿੱਚ ਵਿਦਿਆਰਥੀਆਂ ਨੇ ਰੇਲਵੇ ਸਟੇਸ਼ਨ ਉੱਤੇ ਪਹੁੰਚ ਕੇ ਟੈ੍ਰਕ ਜਾਮ ਕਰ ਦਿੱਤਾ | ਇਸ ਨਾਲ ਗੱਡੀਆਂ ਦੀ ਆਵਾਜਾਈ ਬੰਦ ਹੋ ਗਈ |
ਪ੍ਰਦਰਸ਼ਨਕਾਰੀ ਨੌਜਵਾਨਾਂ ਦਾ ਕਹਿਣਾ ਹੈ ਕਿ 4 ਸਾਲ ਪੂਰਾ ਹੋਣ ਉੱਤੇ 25 ਫ਼ੀਸਦੀ ਅਗਨਵੀਰਾਂ ਨੂੰ ਸਥਾਈ ਨੌਕਰੀ ਮਿਲ ਜਾਵੇਗੀ, ਪਰ ਬਾਕੀ 75 ਫੀਸਦੀ ਵਿਹਲੇ ਹੋ ਜਾਣਗੇ | ਉਨ੍ਹਾਂ ਦਾ ਕਹਿਣਾ ਹੈ ਕਿ 2021 ਵਿੱਚ ਫੌਜੀ ਭਰਤੀ ਲਈ ਟੈਸਟ ਹੋਇਆ ਸੀ, ਹਜ਼ਾਰਾਂ ਨੌਜਵਾਨ ਇਸ ਵਿੱਚ ਸ਼ਾਮਲ ਹੋਏ ਸਨ | ਸਰੀਰਕ ਯੋਗਤਾ ਪਾਸ ਕਰਨ ਤੋਂ ਬਾਅਦ ਉਨ੍ਹਾਂ ਦਾ ਮੈਡੀਕਲ ਵੀ ਹੋ ਗਿਆ ਸੀ | ਉਹ ਇੱਕ ਸਾਲ ਤੋਂ ਲਿਖਤੀ ਪ੍ਰੀਖਿਆ ਦਾ ਇੰਤਜ਼ਾਰ ਕਰ ਰਹੇ ਸਨ ਕਿ ਸਰਕਾਰ ਨਵੀਂ ਅਗਨੀਪੱਥ ਯੋਜਨਾ ਲੈ ਕੇ ਆ ਗਈ ਹੈ | ਇਨ੍ਹਾਂ ਮੁਜ਼ਾਹਰਾਕਾਰੀਆਂ ਦੀ ਮੰਗ ਹੈ ਕਿ ਇਹ ਯੋਜਨਾ ਤੁਰੰਤ ਵਾਪਸ ਲਈ ਜਾਵੇ |
ਇੱਕ ਸਾਬਕਾ ਕਰਨਲ ਪ੍ਰਮੋਦ ਸ਼ਰਮਾ ਦਾ ਕਹਿਣਾ ਹੈ ਕਿ ਸਾਡੀ ਫੌਜ ਦਾ ਇੱਕ ਗੌਰਵਸ਼ਾਲੀ ਇਤਿਹਾਸ ਰਿਹਾ ਹੈ | ਜਦੋਂ ਕੋਈ ਫੌਜੀ ਫੌਜ ਵਿੱਚ ਭਰਤੀ ਹੁੰਦਾ ਹੈ ਤਾਂ ਉਹ ਆਪਣੀ ਪਲਟਨ ਨੂੰ ਆਪਣਾ ਘਰ ਸਮਝ ਕੇ ਦੁਸ਼ਮਣ ਨਾਲ ਲੜਦਾ ਹੈ | ਇਸ ਯੋਜਨਾ ਦੇ ਲਾਗੂ ਹੋਣ ਨਾਲ ਉਹ ਆਪਣੇ ਆਪ ਨੂੰ ਭਾੜੇ ਦਾ ਸੈਨਿਕ ਸਮਝੇਗਾ, ਇਹ ਦੇਸ਼ ਦੀ ਸੁਰੱਖਿਆ ਲਈ ਖ਼ਤਰਨਾਕ ਹੈ | ਉਨ੍ਹਾ ਕਿਹਾ ਕਿ ਇਹ ਯੋਜਨਾ ਸੱਤਾਧਾਰੀ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਲੈ ਕੇ ਆਏ ਹਨ, ਤਾਂ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਠੇਕੇ ਉੱਤੇ ਭਰਤੀ ਕਰਕੇ 2024 ਦੀਆਂ ਚੋਣਾਂ ਜਿੱਤੀਆਂ ਜਾ ਸਕਣ ਤੇ ਚੋਣਾਂ ਜਿੱਤਣ ਤੋਂ ਦੋ ਕੁ ਸਾਲ ਬਾਅਦ ਉਨ੍ਹਾਂ ਨੂੰ ਘਰ ਤੋਰ ਦਿੱਤਾ ਜਾਵੇਗਾ |
-ਚੰਦ ਫਤਿਹਪੁਰੀ