ਨਵੀਂ ਦਿੱਲੀ : ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਸ਼ੁੱਕਰਵਾਰ ਕਿਹਾ ਕਿ ਅਗਨੀਪੱਥ ਯੋਜਨਾ ਤਹਿਤ ਉਮਰ ਸੀਮਾ ਨੂੰ 21 ਤੋਂ ਵਧਾ ਕੇ 23 ਕਰਨ ਦੇ ਫੈਸਲੇ ਨਾਲ ਉਨ੍ਹਾਂ ਨੌਜਵਾਨਾਂ ਨੂੰ ਫੌਜ ਵਿਚ ਰੁਜ਼ਗਾਰ ਦਾ ਮੌਕਾ ਮਿਲੇਗਾ, ਜੋ ਭਰਤੀ ਹੋਣ ਦੀ ਯੋਜਨਾ ਬਣਾ ਰਹੇ ਸਨ, ਪਰ ਪਿਛਲੇ ਦੋ ਸਾਲਾਂ ਵਿਚ ਕੋਵਿਡ ਮਹਾਂਮਾਰੀ ਕਾਰਨ ਉਹ ਅਜਿਹਾ ਨਹੀਂ ਕਰ ਸਕੇ | ਉਨ੍ਹਾ ਨੌਜਵਾਨਾਂ ਨੂੰ ‘ਅਗਨੀਵੀਰ’ ਬਣ ਕੇ ਫੌਜ ਵਿਚ ਭਰਤੀ ਹੋਣ ਦੇ ਮਿਲੇ ਮੌਕੇ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਇਸ ਯੋਜਨਾ ਤਹਿਤ ਜਲਦੀ ਹੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ | ਜਨਰਲ ਪਾਂਡੇ ਨੇ ਕਿਹਾ ਕਿ ਸ਼ਾਇਦ ਨੌਜਵਾਨ ਅਗਨੀਪੱਥ ਯੋਜਨਾ ਨੂੰ ਸਮਝ ਨਹੀਂ ਸਕੇ ਹਨ ਅਤੇ ਸਮਝ ਗਏ ਤਾਂ ਮਹਿਸੂਸ ਕਰਨਗੇ ਕਿ ਇਹ ਉਨ੍ਹਾਂ ਲਈ ਚੰਗੀ ਹੈ | ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਤੇ ਵੱਖ-ਵੱਖ ਸੂਬਾ ਸਰਕਾਰਾਂ ਨੇ ਐਲਾਨਿਆ ਹੈ ਕਿ ਚਾਰ ਸਾਲ ਦੀ ਸੇਵਾ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ, ਨਿਜੀ ਤੇ ਹੋਰ ਅਦਾਰਿਆਂ ਵਿਚ ਖਪਾਇਆ ਜਾਵੇਗਾ | ਜਲ ਸੈਨਾ ਮੁਖੀ ਆਰ ਹਰੀ ਕੁਮਾਰ ਨੇ ਕਿਹਾ ਕਿ ਜਿਹੜੇ 75 ਫੀਸਦੀ ਨੌਜਵਾਨ ਚਾਰ ਸਾਲ ਦੀ ਸੇਵਾ ਕਰਕੇ ਵਿਹਲੇ ਹੋਣਗੇ ਉਨ੍ਹਾਂ ਲਈ ਕਰਨ ਲਈ ਕਾਫੀ ਕੁਝ ਹੋਵੇਗਾ ਕਿਉਂਕਿ ਉਨ੍ਹਾਂ ਦੀ ਉਮਰ ਉਦੋਂ ਮਸੀਂ 22 ਸਾਲ ਹੋਵੇਗੀ | ਹਵਾਈ ਸੈਨਾ ਦੇ ਮੁਖੀ ਵੀ ਆਰ ਚੌਧਰੀ ਨੇ ਕਿਹਾ ਕਿ ਉਹ 24 ਜੂਨ ਤੋਂ ਭਰਤੀ ਸ਼ੁਰੂ ਕਰਨ ਜਾ ਰਹੇ ਹਨ |
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਕਿਹਾ ਕਿ ਅਗਨੀਪੱਥ ਯੋਜਨਾ ਤਹਿਤ ਫੌਜ ‘ਚ ਭਰਤੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋਵੇਗੀ | ਉਨ੍ਹਾ ਚਾਹਵਾਨ ਨੌਜਵਾਨਾਂ ਨੂੰ ਸੁਝਾਅ ਦਿੱਤਾ ਕਿ ਉਹ ਤਿਆਰੀਆਂ ਸ਼ੁਰੂ ਕਰ ਦੇਣ | ਉਨ੍ਹਾ ਅਗਨੀਪੱਥ ਯੋਜਨਾ ਨੂੰ ਦੇਸ਼ ਦੇ ਰੱਖਿਆ ਖੇਤਰ ‘ਚ ਭਰਤੀ ਲਈ ‘ਸੁਨਹਿਰੀ ਮੌਕਾ’ ਦੱਸਦਿਆਂ ਪਹਿਲੇ ਬੈਚ ਦੀ ਭਰਤੀ ਪ੍ਰਕਿਰਿਆ ਲਈ ਉਮਰ ਹੱਦ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ |
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਸਭਾ ਹਲਕਾ ਵਾਰਾਨਸੀ ਵਿਚ ਵੀ ਹਿੰਸਕ ਪ੍ਰਦਰਸ਼ਨ ਜਾਰੀ ਹਨ | ਇਸੇ ਦੌਰਾਨ ਭਾਜਪਾ ਨੇ ਇਨ੍ਹਾਂ ਹਿੰਸਕ ਘਟਨਾਵਾਂ ਦੀ ਨਿੰਦਾ ਕੀਤੀ ਹੈ ਅਤੇ ਵਿਰੋਧੀ ਧਿਰਾਂ ਨੂੰ ਨੌਜਵਾਨ ਨੂੰ ਉਕਸਾਉਣ ਦੇ ਦੋਸ਼ ਲਾਏ ਹਨ | ਪਾਰਟੀ ਦੇ ਤਰਜਮਾਨ ਗੌਰਵ ਭਾਟੀਆ ਨੇ ਕਿਹਾ ਕਿ ਅਗਨੀਪੱਥ ਯੋਜਨਾ ਤਹਿਤ ਭਰਤੀ ਲਈ ਸਰਕਾਰ ਨੇ ਉਪਰਲੀ ਉਮਰ ਹੱਦ ਵਧਾ ਦਿੱਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਦਾ ਰਵੱਈਆ ਇਸ ਯੋਜਨਾ ਪ੍ਰਤੀ ਕਾਫੀ ਲਚੀਲਾ ਹੈ | ਇਸੇ ਦੌਰਾਨ ਭਾਜਪਾ ਦੇ ਕਈ ਸੀਨੀਅਰ ਆਗੂਆਂ, ਜਿਨ੍ਹਾਂ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਹਨ, ਨੇ ਪ੍ਰਦਰਸ਼ਨਕਾਰੀਆਂ ਤੱਕ ਪਹੁੰਚ ਕੀਤੀ ਹੈ | ਸ਼ਾਹ ਨੇ ਕਿਹਾ ਕਿ ਕੋਵਿਡ ਕਾਰਨ ਫੌਜ ਦੀ ਭਰਤੀ ਪ੍ਰਕਿਰਿਆ ‘ਚ ਪਿਛਲੇ ਦੋ ਸਾਲਾਂ ‘ਚ ਵਿਘਨ ਪਿਆ ਹੋਇਆ ਸੀ ਤੇ ਪ੍ਰਧਾਨ ਮੰਤਰੀ ਨੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਧਿਆਨ ‘ਚ ਰੱਖਦਿਆਂ ਅਗਨੀਪੱਥ ਯੋਜਨਾ ਤਹਿਤ ਭਰਤੀ ਲਈ ਉਪਰਲੀ ਉਮਰ ਸੀਮਾ ਵਧਾ ਕੇ 21 ਤੋਂ 23 ਵਰ੍ਹੇ ਕਰ ਦਿੱਤੀ ਹੈ |