ਨਵੀਂ ਦਿੱਲੀ : ਫੌਜ ਵਿਚ ਚਾਰ ਸਾਲ ਲਈ ਠੇਕੇ ‘ਤੇ ਭਰਤੀ ਕਰਨ ਦੀ ਅਗਨੀਪੱਥ ਸਕੀਮ ਖਿਲਾਫ ਨੌਜਵਾਨਾਂ ਦਾ ਗੱੁਸਾ ਵੀਰਵਾਰ ਬਿਹਾਰ ਤੋਂ ਮੱਧ ਪ੍ਰਦੇਸ਼ ਦੇ ਗਵਾਲੀਅਰ, ਹਰਿਆਣਾ, ਰਾਜਸਥਾਨ ਤੇ ਯੂ ਪੀ ਦੇ ਕਈ ਹਿੱਸਿਆਂ ਤੋਂ ਇਲਾਵਾ ਹਿਮਾਚਲ ਤੱਕ ਫੈਲ ਗਿਆ |
ਗਵਾਲੀਅਰ ਦੇ ਬਿਰਲਾ ਨਗਰ ਰੇਲਵੇ ਸਟੇਸ਼ਨ ਦੀ ਭੰਨ-ਤੋੜ ਕੀਤੀ ਗਈ | ਨੌਜਵਾਨਾਂ ਨੇ ਗੱਡੀਆਂ ‘ਤੇ ਪਥਰਾਅ ਕੀਤਾ | ਮੁਲਾਜ਼ਮਾਂ ਨੇ ਮਸਾਂ ਆਪਣਾ ਬਚਾਅ ਕੀਤਾ | ਦਿੱਲੀ-ਮੁੰਬਈ ਟਰੈਫਿਕ ਬੁਰੀ ਤਰ੍ਹਾਂ ਪ੍ਰਭਾਵਤ ਹੋਈ | ਬਿਹਾਰ ਦੇ ਛਪਰਾ ਵਿਚ ਇਕ ਇੰਟਰਸਿਟੀ ਟਰੇਨ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ | ਕੈਮੂਰ ਤੇ ਗੋਪਾਲਗੰਜ ਵਿਚ ਵੀ ਚਾਰ ਟਰੇਨਾਂ ਨੂੰ ਅੱਗ ਲਾ ਦਿੱਤੀ ਗਈ | ਸੂਬੇ ਦੇ ਗਯਾ, ਮੁੰਗੇਰ, ਸੀਵਾਨ, ਬਕਸਰ ਤੇ ਭਾਗਲਪੁਰ ਤੋਂ ਵੀ ਹਿੰਸਾ ਦੀਆਂ ਰਿਪੋਰਟਾਂ ਸਨ | ਛਪਰਾ ਸਦਰ ਦੇ ਭਾਜਪਾ ਵਿਧਾਇਕ ਡਾ. ਸੀ ਐੱਨ ਗੁਪਤਾ ਦੇ ਘਰ ‘ਤੇ ਹਮਲਾ ਹੋਇਆ, ਜਦਕਿ ਭਾਜਪਾ ਦੀ ਹੀ ਵਿਧਾਇਕ ਅਰੁਣਾ ਦੇਵੀ ਦੀ ਕਾਰ ‘ਤੇ ਪਥਰਾਅ ਕੀਤਾ ਗਿਆ | ਨਵਾਦਾ ਵਿਚ ਭਾਜਪਾ ਦੇ ਦਫਤਰ ਨੂੰ ਅੱਗ ਲਾ ਦਿੱਤੀ ਗਈ | ਰਾਜਸਥਾਨ ਦੇ ਸੀਕਰ, ਜੈਪੁਰ, ਅਜਮੇਰ, ਨਾਗੌਰ, ਜੋਧਪੁਰ ਤੇ ਝੁਨਝੁਨੂ ਵਿਚ ਰਾਸ਼ਟਰੀ ਲੋਕਤਾਂਤਰਿਕ ਪਾਰਟੀ ਦੇ ਸੱਦੇ ‘ਤੇ ਮੁਜ਼ਾਹਰੇ ਕੀਤੇ ਗਏ |
ਬਿਹਾਰ ਵਿਚ ਪ੍ਰਦਰਸ਼ਨਕਾਰੀਆਂ ਨੇ ਸੜਕਾਂ ‘ਤੇ ਡੰਡ-ਬੈਠਕਾਂ ਵੀ ਕੱਢੀਆਂ | ਨਵਾਦਾ ਵਿਚ ਭਾਜਪਾ ਵਿਧਾਇਕ ਅਰੁਣਾ ਦੇਵੀ ਦੀ ਕਾਰ ‘ਤੇ ਪਥਰਾਅ ਕੀਤਾ, ਜਿਸ ਨਾਲ ਉਹਦੇ ਸਣੇ ਪੰਜ ਵਿਅਕਤੀ ਜ਼ਖਮੀ ਹੋ ਗਏ | ਉਨ੍ਹਾਂ ਕਾਰ ‘ਤੇ ਲੱਗਾ ਝੰਡਾ ਪਾੜ ਦਿੱਤਾ | ਭਬੂਆ ਤੇ ਛਪਰਾ ਵਿਚ ਖੜ੍ਹੀਆਂ ਬੋਗੀਆਂ ਨੂੰ ਅੱਗ ਲਾ ਦਿੱਤੀ | ਅਰਾ ਸਟੇਸ਼ਨ ‘ਤੇ ਧਾਵਾ ਬੋਲਣ ਵਾਲਿਆਂ ‘ਤੇ ਪੁਲਸ ਨੇ ਹੰਝੂ ਗੈਸ ਛੱਡੀ | ਨੌਜਵਾਨਾਂ ਨੇ ਜਹਾਨਾਬਾਦ ਅਤੇ ਬਕਸਰ ਜ਼ਿਲਿ੍ਹਆਂ ਵਿਚ ਰੇਲ ਪਟੜੀਆਂ ‘ਤੇ ਧਰਨਾ ਦਿੱਤਾ, ਜਿਸ ਨਾਲ ਪਟਨਾ-ਗਯਾ ਅਤੇ ਪਟਨਾ-ਬਕਸਰ ਰੇਲ ਮਾਰਗਾਂ ‘ਤੇ ਰੇਲ ਗੱਡੀਆਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ |
ਵਿਦਿਆਰਥੀਆਂ ਨੇ ਯੂ ਪੀ ਦੇ ਬੁਲੰਦ ਸ਼ਹਿਰ ‘ਚ ਜੀ ਟੀ ਰੋਡ ਜਾਮ ਕਰ ਦਿੱਤਾ ਅਤੇ ਅਗਨੀਪੱਥ ਸਕੀਮ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ | ਗੋਂਡਾ ਵਿੱਚ ਪ੍ਰਦਰਸ਼ਨ ਦੀ ਅਗਵਾਈ ਵਿਦਿਆਰਥੀਆਂ ਨੇ ਕੀਤੀ, ਜਿਨ੍ਹਾਂ ਤਖਤੀਆਂ ਫੜੀਆਂ ਹੋਈਆਂ ਸਨ ਅਤੇ ਯੋਜਨਾ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ | ਇਸੇ ਤਰ੍ਹਾਂ ਉਨਾਓ ‘ਚ ਵੀ ਵਿਦਿਆਰਥੀਆਂ ਅਤੇ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ |
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਂਗੜਾ ਦੌਰੇ ਤੋਂ ਪਹਿਲਾਂ ਵੱਡੀ ਗਿਣਤੀ ‘ਚ ਫੌਜ ‘ਚ ਭਰਤੀ ਦੇ ਚਾਹਵਾਨ ਨੌਜਵਾਨਾਂ ਨੇ ਕੇਂਦਰ ਸਰਕਾਰ ਦੀ ਅਗਨੀਪੱਥ ਯੋਜਨਾ ਦੇ ਖਿਲਾਫ ਗੱਗਲ ਹਵਾਈ ਅੱਡੇ ‘ਤੇ ਪ੍ਰਦਰਸ਼ਨ ਕੀਤਾ | ਨੌਜਵਾਨਾਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਥਲ, ਜਲ ਤੇ ਹਵਾਈ ਸੈਨਾਵਾਂ ‘ਚ ਰੈਗੂਲਰ ਭਰਤੀ ਨੂੰ ਖਤਮ ਕਰ ਦਿੱਤਾ ਹੈ | ਕਾਂਗੜਾ ਜ਼ਿਲ੍ਹੇ ਵਿਚ ਹਥਿਆਰਬੰਦ ਬਲਾਂ ‘ਚ ਸ਼ਾਮਲ ਹੋਣਾ ਬਹੁਤ ਸਾਰੇ ਪਰਵਾਰਾਂ ‘ਚ ਪ੍ਰੰਪਰਾ ਹੈ ਤੇ ਕਾਂਗੜਾ ਜ਼ਿਲ੍ਹੇ ‘ਚ ਸੇਵਾ ਕਰ ਰਹੇ ਅਤੇ ਸਾਬਕਾ ਸੈਨਿਕਾਂ ਦੀ ਗਿਣਤੀ 1 ਲੱਖ ਦੇ ਕਰੀਬ ਹੈ | ਇਸ ਦੌਰਾਨ ਭਾਜਪਾ ਆਗੂਆਂ ਨੇ ਇਸ ਧਰਨੇ ਪਿੱਛੇ ਕਾਂਗਰਸ ਦੀ ਸ਼ਹਿ ਹੋਣ ਦਾ ਦੋਸ਼ ਲਾਇਆ |
ਹਰਿਆਣਾ ਦੇ ਪਲਵਲ ਸ਼ਹਿਰ ‘ਚ ਡੀ ਸੀ ਦਫਤਰ ਤੇ ਕੋਠੀ ‘ਤੇ ਹਮਲੇ ਕੀਤੇ | ਖਬਰ ਹੈ ਕਿ ਡੀ ਸੀ ਯਸ਼ਪਾਲ ਖਤਾਨਾ ਜ਼ਖਮੀ ਹੋ ਗਏ | ਪੰਜ ਪੁਲਸ ਗੱਡੀਆਂ ਨੂੰ ਅੱਗਾਂ ਲਾ ਦਿੱਤੀਆਂ, ਜਿਸ ਦੌਰਾਨ ਕਈ ਪੁਲਸ ਵਾਲੇ ਜ਼ਖਮੀ ਹੋ ਗਏ | ਸਰਕਾਰੀ ਬੱਸਾਂ ਨੂੰ ਵੀ ਨੁਕਸਾਨ ਪਹੁੰਚਾਇਆ | ਮੀਡੀਆ ਸੈਂਟਰ ‘ਤੇ ਵੀ ਹਮਲਾ ਕੀਤਾ | ਪਥਰਾਅ ‘ਚ ਕਈ ਪੱਤਰਕਾਰ ਵੀ ਜ਼ਖਮੀ ਹੋ ਗਏ | ਨੌਜਵਾਨ ਭਾਜਪਾ ਸਰਕਾਰ ਖਿਲਾਫ ਨਾਅਰੇ ਲਾ ਰਹੇ ਸਨ | ਪੁਲਸ ਨੇ ਨੌਜਵਾਨਾਂ ਨੂੰ ਖਦੇੜਨ ਲਈ ਲਾਠੀਚਾਰਜ ਕਰਨ ਤੋਂ ਇਲਾਵਾ ਹੰਝੂ ਗੈਸ ਛੱਡੀ ਅਤੇ ਹਵਾਈ ਫਾਇਰ ਕੀਤੇ | ਸ਼ਹਿਰ ਵਿਚ ਦਫਾ ਚੁਤਾਲੀ ਲਾਉਣ ਤੋਂ ਇਲਾਵਾ ਇੰਟਰਨੈੱਟ ਤੇ ਐੱਸ ਐੱਮ ਐੱਸ ਸੇਵਾ ਬੰਦ ਕਰ ਦਿੱਤੀ ਗਈ |
ਨੌਜਵਾਨਾਂ ਨੇ ਗੁਰੂਗ੍ਰਾਮ ਦੇ ਬਿਲਾਸਪੁਰ, ਸਿੱਧਰਾਵਾਲੀ ਖੇਤਰਾਂ ਦੇ ਨਾਲ-ਨਾਲ ਰੇਵਾੜੀ ‘ਚ ਵੀ ਪ੍ਰਦਰਸ਼ਨ ਕੀਤਾ | ਉਨ੍ਹਾਂ ਗੁਰੂਗ੍ਰਾਮ-ਜੈਪੁਰ ਹਾਈਵੇ ‘ਤੇ ਆਵਾਜਾਈ ‘ਚ ਵਿਘਨ ਪਾਇਆ | ਰਿਵਾੜੀ ਦੇ ਅੱਡੇ ਨੂੰ ਘੇਰਨ ਵਾਲਿਆਂ ‘ਤੇ ਪੁਲਸ ਨੇ ਲਾਠੀਚਾਰਜ ਕੀਤਾ | ਨੌਜਵਾਨਾਂ ਨੇ ਦਿੱਲੀ ਦੇ ਨਾਂਗਲੋਈ ਰੇਲਵੇ ਸਟੇਸ਼ਨ ਉਪਰ ਰੇਲ ਗੱਡੀ ਰੋਕ ਲਈ | ਇਹ ਗੱਡੀ ਕਰੀਬ ਅੱਧਾ ਘੰਟਾ ਉੱਥੇ ਹੀ ਰੁਕੀ ਰਹੀ ਤੇ ਗੁੱਸੇ ‘ਚ ਆਏ ਨੌਂਜਵਾਨ ਰੇਲ ਪਟੜੀਆਂ ਮੱਲ ਕੇ ਬੈਠੇ ਰਹੇ | ਉਹ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਨ | ਉਨ੍ਹਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਸਖਤ ਨਿੰਦਾ ਕੀਤੀ ਕਿ ਉਨ੍ਹਾ ਨੌਜਵਾਨਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ | ਰੇਲਵੇ ਸਟੇਸ਼ਨ ਉਤੇ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਮੈਡੀਕਲ ਤੇ ਸਰੀਰਕ ਫਿਟਨੈੱਸ ਟੈਸਟ 2020 ‘ਚ ਪਾਸ ਕਰ ਲਏ ਸਨ ਤੇ ਉਦੋਂ ਕਿਹਾ ਗਿਆ ਕਿ ਤਿੰਨ ਮਹੀਨੇ ਬਾਅਦ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ | ਉਸ ਮਗਰੋਂ ਕੋਰੋਨਾ ਮਹਾਂਮਾਰੀ ਫੈਲਣ ਕਾਰਨ ਭਰਤੀ ਰੋਕ ਦਿੱਤੀ ਗਈ | ਪ੍ਰਦਰਸ਼ਨ ਵਿਚ ਦਿੱਲੀ ਦਿਹਾਤ ਦੇ ਇਲਾਕਿਆਂ ਦੇ ਨੌਜਵਾਨ ਸ਼ਾਮਲ ਹੋਏ |