ਭਾਜਪਾ ਗੁਜਰਾਤ ਰਾਜ ਨੂੰ ਮਾਡਲ ਰਾਜ ਵਜੋਂ ਪ੍ਰਚਾਰਨ ਤੋਂ ਨਹੀਂ ਥੱਕਦੀ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ ਰਾਜ ’ਚ ਪੰਜ ਸਾਲ ਦੌਰਾਨ 40 ਹਜ਼ਾਰ ਤੋਂ ਵੱਧ ਮਹਿਲਾਵਾਂ ਦੇ ਲਾਪਤਾ ਹੋਣ ਦਾ ਅਤਿਅੰਤ ਦੁਖਦਾਈ ਇੰਕਸ਼ਾਫ ਹੋਇਆ ਹੈ। ਇਹ ਕਿਸੇ ਨੇ ਦੋਸ਼ ਨਹੀਂ ਲਾਇਆ, ਸਗੋਂ ਸਰਕਾਰੀ ਏਜੰਸੀ ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜੇ ਦੱਸਦੇ ਹਨ। ਅੰਕੜਿਆਂ ਮੁਤਾਬਕ 2016 ਵਿਚ 7105, 2017 ਵਿਚ 7712, 2018 ਵਿਚ 9246 ਤੇ 2019 ਵਿਚ 9268 ਮਹਿਲਾਵਾਂ ਲਾਪਤਾ ਹੋਈਆਂ। 2020 ਵਿਚ 8290 ਮਹਿਲਾਵਾਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ, ਜਿਸ ਦੇ ਬਾਅਦ ਕੁਲ ਗਿਣਤੀ 41621 ਹੋ ਗਈ। ਰਾਜ ਸਰਕਾਰ ਨੇ 2021 ਵਿਚ ਵਿਧਾਨ ਸਭਾ ’ਚ ਦਿੱਤੇ ਬਿਆਨ ਵਿਚ ਕਿਹਾ ਸੀ ਕਿ ਅਹਿਮਦਾਬਾਦ ਤੇ ਵਡੋਦਰਾ ’ਚ ਸਿਰਫ ਇਕ ਸਾਲ (2019-2020) ਵਿਚ 4722 ਮਹਿਲਾਵਾਂ ਲਾਪਤਾ ਹੋ ਗਈਆਂ ਸਨ।
ਅੰਗਰੇਜ਼ੀ ਅਖਬਾਰ ‘ਦੀ ਨਿਊ ਇੰਡੀਅਨ ਐੱਕਸਪ੍ਰੈੱਸ’ ਵਿਚ ਪ੍ਰਕਾਸ਼ਤ ਰਿਪੋਰਟ ਮੁਤਾਬਕ ਸਾਬਕਾ ਆਈ ਪੀ ਐੱਸ ਅਧਿਕਾਰੀ ਤੇ ਗੁਜਰਾਤ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸੁਧੀਰ ਸਿਨਹਾ ਦਾ ਕਹਿਣ ਹੈਕੁਝ ਲਾਪਤਾ ਵਿਅਕਤੀਆਂ ਦੇ ਮਾਮਲਿਆਂ ’ਚ ਮੈਂ ਦੇਖਿਆ ਹੈ ਕਿ ਕੁੜੀਆਂ ਤੇ ਮਹਿਲਾਵਾਂ ਨੂੰ ਕਦੇ-ਕਦੇ ਗੁਜਰਾਤ ਦੇ ਇਲਾਵਾ ਹੋਰਨਾਂ ਰਾਜਾਂ ’ਚ ਘੱਲਿਆ ਜਾਂਦਾ ਹੈ ਤੇ ਜਿਸਮ-ਫਰੋਸ਼ੀ ਲਈ ਮਜਬੂਰ ਕੀਤਾ ਜਾਂਦਾ ਹੈ। ਪੁਲਸ ਦੀ ਇਹ ਸਮੱਸਿਆ ਹੈ ਕਿ ਉਹ ਗੁੰਮਸ਼ੁਦਗੀ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ। ਅਜਿਹੇ ਮਾਮਲੇ ਹੱਤਿਆ ਨਾਲੋਂ ਵੀ ਗੰਭੀਰ ਹੁੰਦੇ ਹਨ, ਕਿਉਕਿ ਜਦ ਕੋਈ ਬੱਚਾ ਲਾਪਤਾ ਹੋ ਜਾਂਦਾ ਹੈ ਤਾਂ ਮਾਂ-ਬਾਪ ਆਪਣੇ ਬੱਚੇ ਲਈ ਵਰ੍ਹਿਆਂ ਤੱਕ ਉਡੀਕ ਕਰਦੇ ਹਨ। ਇਸ ਕਰਕੇ ਗੁੰਮਸ਼ੁਦਗੀ ਦੇ ਮਾਮਲਿਆਂ ਦੀ ਹੱਤਿਆ ਦੇ ਮਾਮਲਿਆਂ ਵਾਂਗ ਸਖਤੀ ਨਾਲ ਜਾਂਚ ਹੋਣੀ ਚਾਹੀਦੀ ਹੈ। ਗੁੰਮਸ਼ੁਦਾ ਲੋਕਾਂ ਦੇ ਮਾਮਲਿਆਂ ਦੀ ਪੁਲਸ ਵੱਲੋਂ ਅਣਦੇਖੀ ਕੀਤੀ ਜਾਂਦੀ ਹੈ, ਕਿਉਕਿ ਉਹ ਜਾਂਚ ਬਿ੍ਰਟਿਸ਼ ਕਾਲ ਦੇ ਤਰੀਕੇ ਨਾਲ ਕਰਦੀ ਹੈ।
ਸਾਬਕਾ ਐਡੀਸ਼ਨਲ ਡੀ ਜੀ ਪੀ ਡਾ. ਰਾਜਨ ਪਿ੍ਰਅਦਰਸ਼ੀ ਨੇ ਕਿਹਾ ਕਿ ਕੁੜੀਆਂ ਦੇ ਲਾਪਤਾ ਹੋਣ ਲਈ ਮਨੁੱਖੀ ਤਸਕਰੀ ਜ਼ਿੰਮੇਦਾਰ ਹੈ। ਆਪਣੇ ਕਾਰਜਕਾਲ ’ਚ ਮੈਂ ਦੇਖਿਆ ਹੈ ਕਿ ਲਾਪਤਾ ਮਹਿਲਾਵਾਂ ਨੂੰ ਮਨੁੱਖੀ ਤਸਕਰ ਗਰੋਹ ਵੱਲੋਂ ਚੁੱਕਿਆ ਜਾਂਦਾ ਹੈ, ਜਿਹੜੇ ਉਨ੍ਹਾਂ ਨੂੰ ਦੂਜੇ ਰਾਜਾਂ ਵਿਚ ਲਿਜਾ ਕੇ ਵੇਚ ਦਿੰਦੇ ਹਨ। ਉਨ੍ਹਾ ਕਿਹਾਜਦ ਮੈਂ ਖੇੜਾ ਜ਼ਿਲ੍ਹੇ ’ਚ ਐੱਸ ਪੀ ਸਾਂ ਤਾਂ ਯੂ ਪੀ ਦੇ ਇਕ ਵਿਅਕਤੀ, ਜੋ ਜ਼ਿਲ੍ਹੇ ’ਚ ਮਜ਼ਦੂਰੀ ਕਰਦਾ ਸੀ, ਨੇ ਇਕ ਗਰੀਬ ਕੁੜੀ ਚੁੱਕ ਲਈ ਤੇ ਯੂ ਪੀ ਲਿਜਾ ਕੇ ਵੇਚ ਦਿੱਤੀ, ਜਿਥੇ ਉਸ ਨੂੰ ਖੇਤ ਮਜ਼ਦੂਰ ਵਜੋਂ ਕੰਮ ’ਤੇ ਲਾਇਆ ਗਿਆ ਸੀ। ਅਸੀਂ ਉਸ ਨੂੰ ਛੁਡਾਉਣ ਵਿਚ ਸਫਲ ਰਹੇ, ਪਰ ਕਈ ਮਾਮਲਿਆਂ ’ਚ ਅਜਿਹਾ ਨਹੀਂ ਹੁੰਦਾ।
ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਤੋਂ ਸਾਫ ਹੈ ਕਿ ਗੁਜਰਾਤ ਵਿਚ ਧੀਆਂ ਤੇ ਮਹਿਲਾਵਾਂ ਸੁਰੱਖਿਅਤ ਨਹੀਂ। ਭਾਜਪਾ ਵਾਲੇ ਅੱਜਕੱਲ੍ਹ ‘ਕੇਰਲਾ ਫਾਈਲਜ਼’ ਨਾਂਅ ਦੀ ਫਿਲਮ ਦਾ ਹਵਾਲਾ ਦੇ ਕੇ ਪ੍ਰਚਾਰ ਕਰ ਰਹੇ ਹਨ ਕਿ 32 ਹਜ਼ਾਰ ਤੋਂ ਵੱਧ ਮਹਿਲਾਵਾਂ ਨੂੰ ਸੀਰੀਆ ਲਿਜਾਇਆ ਗਿਆ ਹੈ, ਪਰ ਉਨ੍ਹਾਂ ਗੁਜਰਾਤ ਤੋਂ ਲਾਪਤਾ ਹੋਈਆਂ ਮਹਿਲਾਵਾਂ ਬਾਰੇ ਚੁੱਪ ਵੱਟੀ ਹੋਈ ਹੈ। ਗੁਜਰਾਤ ਕਾਂਗਰਸ ਦਾ ਕਹਿਣਾ ਹੈ ਕਿ ਨਾਰੀ ਸ਼ਕਤੀ ਦਾ ਨਾਅਰਾ ਜ਼ੋਰ-ਸ਼ੋਰ ਨਾਲ ਲਾਉਣ ਵਾਲੀ ਭਾਜਪਾ ਦੇ ਆਗੂ ਕੇਰਲਾ ਦੀਆਂ ਮਹਿਲਾਵਾਂ ਦੀ ਗੱਲ ਕਰਦੇ ਹਨ, ਪਰ ਆਪਣੇ ਗਿਰੇਬਾਨ ’ਚ ਨਹੀਂ ਝਾਕਦੇ।




