ਅਮਰਾਵਤੀ : ਆਂਧਰਾ ਦੇ ਮੁੱਖ ਮੰਤਰੀ ਵਾਈ ਐੱਸ ਜਗਨ ਮੋਹਨ ਰੈੱਡੀ ਨੇ ਰਾਜ ’ਚ ਗੁਰਦੁਆਰਿਆਂ ਨੂੰ ਪ੍ਰਾਪਰਟੀ ਟੈਕਸ ਤੋਂ ਛੋਟ ਦੇਣ ਦੇ ਨਿਰਦੇਸ਼ ਦੇਣ ਦੇ ਨਾਲ-ਨਾਲ ਗ੍ਰੰਥੀਆਂ ਨੂੰ ਵੀ ਉਹ ਸਾਰੇ ਲਾਭ ਦੇਣ ਲਈ ਕਿਹਾ ਹੈ ਜੋ ਪੁਜਾਰੀਆਂ, ਪਾਦਰੀਆਂ ਅਤੇ ਮੌਲਵੀਆਂ ਨੂੰ ਦਿੱਤੇ ਜਾ ਰਹੇ ਹਨ। ਇਸ ਦੇ ਨਾਲ ਮੁੱਖ ਮੰਤਰੀ ਨੇ ਰਾਜ ’ਚ ਸਿੱਖ ਭਾਈਚਾਰੇ ਦੀ ਭਲਾਈ ਲਈ ਵਿਸ਼ੇਸ਼ ਕਾਰਪੋਰੇਸ਼ਨ ਦੀ ਸਥਾਪਨਾ ਕਰਨ ਦਾ ਐਲਾਨ ਵੀ ਕੀਤਾ। ਆਂਧਰਾ ਪ੍ਰਦੇਸ਼ ਰਾਜ ਘੱਟਗਿਣਤੀ ਕਮਿਸ਼ਨ ਦੇ ਮੈਂਬਰ ਜਤਿੰਦਰਜੀਤ ਸਿੰਘ ਦੀ ਅਗਵਾਈ ’ਚ ਸਿੱਖ ਭਾਈਚਾਰੇ ਦੇ ਵਫਦ ਨੇ ਇੱਥੇ ਮੁੱਖ ਮੰਤਰੀ ਰੈਡੀ ਨਾਲ ਉਨ੍ਹਾ ਦੇ ਕੈਂਪ ਦਫਤਰ ’ਚ ਮੁਲਾਕਾਤ ਕੀਤੀ ਅਤੇ ਉਨ੍ਹਾ ਨੂੰ ਸਿੱਖਾਂ ਅਤੇ ਉਨ੍ਹਾਂ ਨਾਲ ਸੰਬੰਧਤ ਭਾਈਚਾਰਿਆਂ ਲਈ ਕਾਰਪੋਰੇਸ਼ਨ ਬਣਾਉਣ ਲਈ ਕਦਮ ਚੁੱਕਣ ਲਈ ਕਿਹਾ।
ਉਨ੍ਹਾ ਦੀ ਅਪੀਲ ’ਤੇ ਗੌਰ ਕਰਦਿਆਂ ਮੁੱਖ ਮੰਤਰੀ ਨੇ ਸਿੱਖਾਂ ਲਈ ਕਮੇਟੀ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕੱਤਕ ਦੀ ਪੂਰਨਮਾਸ਼ੀ ’ਤੇ ਗੁਰੂ ਨਾਨਕ ਜਯੰਤੀ ਦੀ ਛੁੱਟੀ ਐਲਾਨਣ ’ਤੇ ਸਹਿਮਤੀ ਪ੍ਰਗਟਾਈ।




