ਲੁੁਧਿਆਣਾ (ਐੱਮ ਐੱਸ ਭਾਟੀਆ,
ਰੈਕਟਰ ਕਥੂਰੀਆ)
ਬਿ੍ਰਜ ਭੂਸ਼ਣ ਸ਼ਰਣ ਸਿੰਘ ਦੀ ਗਿ੍ਰਫਤਾਰੀ ਦੀ ਮੰਗ ਨੂੰ ਲੈ ਕੇ ਏਟਕ ਅਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਮੰਗਲਵਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਬਿ੍ਰਜ ਭੂਸ਼ਣ ’ਤੇ ਮਹਿਲਾ ਭਲਵਾਨਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ। ਇਨ੍ਹਾਂ ਮਹਿਲਾ ਭਲਵਾਨਾਂ ਨੇ ਉਨ੍ਹਾਂ ਦੀ ਗਿ੍ਰਫਤਾਰੀ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ਨਵੀਂ ਦਿੱਲੀ ਵਿਖੇ ਧਰਨਾ ਦਿੱਤਾ ਹੋਇਆ ਹੈ। ਵਿਡੰਬਨਾ ਇਹ ਹੈ ਕਿ ਔਰਤਾਂ ਦੇ ਅੰਦੋਲਨ ਦੇ ਬਾਵਜੂਦ ਭਾਜਪਾ ਦੇ ਸੰਸਦ ਮੈਂਬਰ ਬਿ੍ਰਜ ਭੂਸ਼ਣ ਵਿਰੁੱਧ ਕੋਈ ਐੱਫ ਆਈ ਆਰ ਦਰਜ ਨਹੀਂ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਐੱਫ ਆਈ ਆਰ ਦਰਜ ਕਰਵਾਉਣ ਲਈ ਸੁਪਰੀਮ ਕੋਰਟ ਜਾਣਾ ਪਿਆ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ’ਤੇ ਐੱਫ ਆਈ ਆਰ ਦਰਜ ਕੀਤੀ ਗਈ ਸੀ, ਪਰ ਅਜੇ ਤੱਕ ਉਸ ਨੂੰ ਗਿ੍ਰਫਤਾਰ ਨਹੀਂ ਕੀਤਾ ਗਿਆ। ਇਹ ਬਿਲਕਿਸ ਬਾਨੋ ਦੇ ਪਰਵਾਰ ਦੇ ਬਲਾਤਕਾਰੀ ਅਤੇ ਕਤਲ ਦੇ ਕੇਸ ਦੀ ਯਾਦ ਦਿਵਾਉਂਦਾ ਹੈ ਅਤੇ ਲਖੀਮਪੁਰ ਖੀਰੀ ਕੇਸ ਦੀ ਯਾਦ ਦਿਵਾਉਂਦਾ ਹੈ, ਜਿੱਥੇ ਕਿਸਾਨਾਂ ਦੇ ਕਤਲ ਵਿੱਚ ਸ਼ਾਮਲ ਹੋਣ ਲਈ ਗ੍ਰਹਿ ਰਾਜ ਮੰਤਰੀ ਦੇ ਬੇਟੇ ਦੇ ਵਿਰੁੱਧ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਨ੍ਹਾਂ ਘਟਨਾਵਾਂ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਸਰਪ੍ਰਸਤੀ ਵਾਲੀ ਆਰ ਐੱਸ ਐੱਸ ਦਾ ਫਾਸ਼ੀਵਾਦੀ ਚਿਹਰਾ ਨੰਗਾ ਕਰ ਦਿੱਤਾ ਹੈ। ਭਲਵਾਨਾਂ ਨੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਤਗਮੇ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਹਮੇਸ਼ਾ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਗੱਲ ਕਰਨ ਵਾਲੇ ਪ੍ਰਧਾਨ ਮੰਤਰੀ ਨੇ ਮਹਿਲਾ ਪਹਿਲਵਾਨਾਂ ਦੇ ਹੱਕ ’ਚ ਇਕ ਵੀ ਸ਼ਬਦ ਨਹੀਂ ਬੋਲਿਆ, ਬਿ੍ਰਜ ਭੂਸ਼ਣ ਖਿਲਾਫ ਕਾਰਵਾਈ ਦੀ ਤਾਂ ਗੱਲ ਹੀ ਕੀ ਕਰੀਏ। ਇਹ ਉੱਚ ਕੱਦ ਦੀਆਂ ਪ੍ਰਭਾਵਿਤ ਭਲਵਾਨਾਂ ਲਈ ਪ੍ਰਧਾਨ ਮੰਤਰੀ ਦੇ ਵਿਵਹਾਰ ਦਾ ਪ੍ਰਤੀਬਿੰਬ ਹੈ। ਪ੍ਰਦਰਸ਼ਨਕਾਰੀ ਜਥੇਬੰਦੀਆਂ ਵਿੱਚ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ), ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ (ਆਈ ਡੀ ਪੀ ਡੀ), ਜੁਆਇੰਟ ਕੌਂਸਲ ਆਫ ਟਰੇਡ ਯੂਨੀਅਨਜ਼, ਸੋਸ਼ਲ ਥਿੰਕਰਜ਼ ਫੋਰਮ, ਭਾਰਤ ਜਨ ਗਿਆਨ-ਵਿਗਿਆਨ ਜੱਥਾ, ਸੰਵਿਧਾਨ ਬਚਾਓ ਮੰਚ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਆਲ ਇੰਡੀਆ ਕਿਸਾਨ ਸਭਾ, ਯੂਨੀਅਨ ਅਤੇ ਪੰਜਾਬ ਇਸਤਰੀ ਸਭਾ ਲੁਧਿਆਣਾ ਸ਼ਾਮਲ ਸਨ। ਇਸ ਮੌਕੇ ਡੀ.ਪੀ. ਮੌੜ, ਡਾ: ਅਰੁਣ ਮਿੱਤਰਾ, ਡਾ: ਗਗਨਦੀਪ, ਐੱਮ.ਐੱਸ. ਭਾਟੀਆ, ਰਮੇਸ਼ ਰਤਨ, ਡਾ. ਪਰਮ ਸੈਣੀ, ਸ਼ੁੱਭਦੀਪ, ਵਿਜੇ ਕੁਮਾਰ, ਚਮਕੌਰ ਸਿੰਘ, ਕੁਲਵੰਤ ਕੌਰ, ਰਣਜੀਤ ਸਿੰਘ, ਕੁਸੁਮ ਲਤਾ, ਸੁਸ਼ਮਾ ਓਬਰਾਏ ਆਦਿ ਨੇ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਡਾ. ਮੋਨਿਕਾ ਧਵਨ, ਡਾ. ਤੇਜਿੰਦਰ ਸਿੰਘ, ਡਾ: ਅੰਕੁਸ਼ ਕੁਮਾਰ, ਡਾ. ਸੀਰਤ ਸਿੰਘ, ਕੇਵਲ ਸਿੰਘ ਬਨਵੈਤ, ਜੀ ਐੱਸ ਚਾਵਲਾ, ਅਵਤਾਰ ਛਿੱਬੜ, ਡਾ. ਵਿਨੋਦ ਕੁਮਾਰ, ਅਜੀਤ ਜਵੱਦੀ, ਸਤਨਾਮ ਸਿੰਘ, ਦਾਨ ਸਿੰਘ, ਸਰੋਜ ਕੁਮਾਰ, ਜਗਜੀਤ ਸਿੰਘ, ਰਾਮ ਆਧਾਰ ਸਿੰਘ, ਸਵਰੂਪ ਸਿੰਘ, ਅਨੋੋਦ ਕੁਮਾਰ, ਰਾਮ ਚੰਦ, ਸੰਜੀਤ ਕੁਮਾਰ ਅਤੇ ਮਲਕੀਤ ਮਾਲੜਾ ਨੇ ਇਸ ਪ੍ਰਦਰਸ਼ਨ ਵਿਚ ਹਿੱਸਾ ਲਿਆ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਤਖਤੀਆਂ ਫੜ ਕੇ ਪੰਜਾਬੀ ਭਵਨ ਤੋਂ ਡਿਪਟੀ ਕਮਿਸ਼ਨਰ ਦਫਤਰ ਤੱਕ ਰੋਸ ਮਾਰਚ ਕੀਤਾ ਅਤੇ ਬਿ੍ਰਜ ਭੂਸ਼ਣ ਸ਼ਰਣ ਸਿੰਘ ਦੀ ਗਿ੍ਰਫਤਾਰੀ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ ਸੌਂਪਿਆ।
ਪਟਿਆਲਾ : ਪੀ ਆਰ ਟੀ ਸੀ ਵਰਕਰਜ਼ ਯੂਨੀਅਨ ਏਟਕ ਅਤੇ ਪੀ ਆਰ ਟੀ ਸੀ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਵੱਲੋਂ 10 ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਭਲਵਾਨਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਜ਼ੋਰਦਾਰ ਮੁਜ਼ਾਹਰਾ ਕਰਕੇ ਮੰਗ ਕੀਤੀ ਗਈ ਕਿ ਬਿ੍ਰਜ ਭੂਸ਼ਣ ਨੂੰ ਤੁਰੰਤ ਗਿ੍ਰਫਤਾਰ ਕੀਤਾ ਜਾਵੇ। ਉਸ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ ਦੀ ਪ੍ਰਧਾਨਗੀ ਤੋਂ ਬਰਖਾਸਤ ਕੀਤਾ ਜਾਵੇ, ਉਸ ਦੀ ਮੈਂਬਰ ਪਾਰਲੀਮੈਂਟ ਦੀ ਸੀਟ ਖਤਮ ਕੀਤੀ ਜਾਵੇ ਅਤੇ ਉਸ ਦੇ ਅਨੈਤਿਕ ਤਰੀਕੇ ਨਾਲ ਹੱਕ ਵਿੱਚ ਡਟੀ ਹੋਈ ਭਾਜਪਾ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਅਤੇ ਦੇਸ਼ ਦੀਆਂ ਸਤਿਕਾਰਯੋਗ ਔਰਤਾਂ ਤੋਂ ਮੁਆਫੀ ਮੰਗਣ। ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕਰਦਿਆਂ ਨਿਰਮਲ ਸਿੰਘ ਧਾਲੀਵਾਲ ਜਨਰਲ ਸਕੱਤਰ ਪੰਜਾਬ ਏਟਕ ਨੇ ਕਿਹਾ ਕਿ ਇਕ ਰਾਜ ਕਰਦੀ ਪਾਰਟੀ, ਜਿਹੜੀ ਕਿ ਹੈ ਵੀ ਭਾਜਪਾ ਦੇ ਰੂਪ ਵਿੱਚ ਸਿਰੇ ਦੀ ਤਾਨਾਸ਼ਾਹ, ਜੇਕਰ ਉਸ ਦੇ ਮੈਂਬਰ ਪਾਰਲੀਮੈਂਟ ਦੇ ਖਿਲਾਫ ਮਹਿਲਾ ਪਹਿਲਵਾਨ ਉਸ ਦੀਆਂ ਅੱਤ ਦੀਆਂ ਗਿਰਾਵਟ ਵਾਲੀਆਂ ਕੀਤੀਆਂ ਕਰਤੂਤਾਂ ਦੇ ਖਿਲਾਫ ਅੱਕ ਕੇ ਸੰਘਰਸ਼ ਦੇ ਰਾਹ ਪੈ ਕੇ ਇਨਸਾਫ ਦੀ ਮੰਗ ਰਹੀਆਂ ਹਨ ਤਾਂ ਫਿਰ ਕੋਈ ਵੀ ਮਾਨਵਤਾ ਅਤੇ ਸਮਾਜਕ ਸਰੋਕਾਰਾਂ ਵਾਲਾ ਵਿਅਕਤੀ ਜਾਂ ਪਾਰਟੀ ਸਮਝ ਸਕਦੀ ਹੈ ਕਿ ਮਾਮਲਾ ਕਿੰਨਾ ਗੰਭੀਰ ਹੈ, ਪਰ ਜਿਸ ਤਰ੍ਹਾਂ ਸਰਕਾਰ ਉਸ ਦੋਸ਼ੀ ਦਾ ਬਚਾਅ ਕਰਨ ਲੱਗੀ ਹੋਈ ਹੈ, ਉਸ ਤੋਂ ਹੋਰ ਸ਼ਰਮਨਾਕ ਕੀ ਹੋ ਸਕਦਾ ਹੈ। ਆਪਣੇ ਤਾਕਤਵਰ ਅਹੁਦਿਆਂ ਦੇ ਦਬਾਅ ਥੱਲੇ ਜੇ ਲੋਕ ਨੁਮਾਇੰਦੇ ਦੇ ਰੂਪ ਵਿੱਚ ਬਿ੍ਰਜ ਭੂਸ਼ਣ ਵਰਗਾ ਦਰਿੰਦਗੀ ’ਤੇ ਉਤਰ ਆਏ ਤਾਂ ਇਨਸਾਫਪਸੰਦ ਅਤੇ ਜ਼ੁਲਮ ਦੇ ਵਿਰੁੱਧ ਖੜੇ ਹੋਣ ਵਾਲੇ ਲੋਕ ਹੀ ਅਜਿਹੇ ਘਟੀਆ ਕਾਰਨਾਮਿਆਂ ਨੂੰ ਠੱਲ੍ਹ ਪਾ ਸਕਦੇ ਹਨ। ਇਸ ਰੋਹ ਭਰਪੂਰ ਮੁਜ਼ਾਹਰੇ ਵਿੱਚ ਕਾਫੀ ਗਿਣਤੀ ਵਿੱਚ ਔਰਤ ਮੁਲਾਜ਼ਮਾਂ ਨੇ ਹੱਥਾਂ ਵਿੱਚ ਤਖਤੀਆਂ ਲੈ ਕੇ ਸ਼ਮੂਲੀਅਤ ਕੀਤੀ। ਮੁਜ਼ਾਹਰਾਕਾਰੀਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਚਿਤਾਵਨੀ ਦਿੱਤੀ ਕਿ ਜਿਵੇਂ ਪਹਿਲਵਾਨਾਂ ਦਾ ਸੰਘਰਸ਼ ਦੇਸ਼ ਦੇ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ, ਇਹ ਘੋਲ ਵੀ ਕਿਸਾਨ ਸੰਘਰਸ਼ ਵਾਂਗ ਦੇਸ਼-ਵਿਆਪੀ ਬਣ ਜਾਵੇਗਾ ਅਤੇ ਸਾਡੀਆਂ ਜਥੇਬੰਦੀਆਂ ਇਸ ਸੰਘਰਸ਼ ਵਿੱਚ ਲੋੜੀਂਦਾ ਹਰ ਤਰ੍ਹਾਂ ਦਾ ਯੋਗਦਾਨ ਪਾਉਣਗੀਆਂ। ਜਿਨ੍ਹਾਂ ਹੋਰ ਆਗੂਆਂ ਨੇ ਸੰਬੋਧਨ ਕੀਤਾ, ਉਹਨਾਂ ਵਿੱਚ ਮੁਹੰਮਦ ਖਲੀਲ, ਉਤਮ ਸਿੰਘ ਬਾਗੜੀ, ਸੁਖਦੇਵ ਰਾਮ ਸੁੱਖੀ, ਰਮੇਸ਼ ਕੁਮਾਰ, ਇੰਦਰਜੀਤ ਸਿੰਘ ਢਿੱਲੋਂ, ਕਰਮ ਚੰਦ ਗਾਂਧੀ, ਗੁਰਵਿੰਦਰ ਸਿੰਘ ਗੋਲਡੀ ਅਤੇ ਰਾਜੇਸ਼ ਕੁਮਾਰੀ ਸ਼ਾਮਲ ਸਨ।





