ਇਮਰਾਨ ਨੂੰ ਕਾਲਰੋਂ ਫੜ ਕੇ ਗੱਡੀ ’ਚ ਸੁੱਟਿਆ

0
193

ਇਸਲਾਮਾਬਾਦ : ਦੋ ਮਾਮਲਿਆਂ ਦੀ ਸੁਣਵਾਈ ਲਈ ਇਸਲਾਮਾਬਾਦ ਹਾਈ ਕੋਰਟ ’ਚ ਪੇਸ਼ ਹੋਣ ਪੁੱਜੇ ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀ ਟੀ ਆਈ) ਦੇ ਚੇਅਰਮੈਨ ਨੂੰ ਮੰਗਲਵਾਰ ਅਲ-ਕਾਦਿਰ ਟਰੱਸਟ ਕੇਸ ਵਿਚ ਗਿ੍ਰਫਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਇਮਰਾਨ ਦੇ ਹੱਕ ’ਚ ਪਾਕਿਸਤਾਨ ’ਚ ਲੋਕ ਸੜਕਾਂ ’ਤੇ ਨਿੱਤਰ ਆਏ ਸਨ।
ਆਈ ਜੀ ਅਕਬਰ ਨਾਸਿਰ ਖਾਨ ਨੇ ਕਿਹਾ ਕਿ ਇਮਰਾਨ ਨੂੰ 50 ਅਰਬ ਰੁਪਏ ਨੂੰ ਕਾਨੂੰਨੀ ਬਣਾਉਣ ਲਈ ਇਕ ਰੀਅਲ ਅਸਟੇਟ ਫਰਮ ਤੋਂ ਇਮਰਾਨ ਤੇ ਉਨ੍ਹਾ ਦੀ ਪਤਨੀ ਵੱਲੋਂ ਅਰਬਾਂ ਰੁਪਏ ਹਾਸਲ ਕਰਨ ਦੇ ਕੇਸ ਵਿਚ ਗਿ੍ਰਫਤਾਰ ਕੀਤਾ ਗਿਆ ਹੈ। ਆਈ ਜੀ ਨੇ ਕਿਹਾ ਕਿ ਇਸਲਾਮਾਬਾਦ ਵਿਚ ਦਫਾ 144 ਲਾ ਦਿੱਤੀ ਗਈ ਹੈ ਤੇ ਗੜਬੜ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਕੇਂਦਰੀ ਗ੍ਰਹਿ ਮੰਤਰੀ ਰਾਣਾ ਸਨਾਉਲ੍ਹਾ ਨੇ ਕਿਹਾ ਕਿ ਇਮਰਾਨ ਕਈ ਨੋਟਿਸ ਦੇਣ ਦੇ ਬਾਵਜੂਦ ਕੋਰਟ ’ਚ ਪੇਸ਼ ਨਹੀਂ ਹੋਏ। ਉਨ੍ਹਾ ਨੂੰ ਕੌਮੀ ਜਵਾਬਦੇਹੀ ਬਿਊਰੋ ਨੇ ਕੌਮੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ’ਚ ਗਿ੍ਰਫਤਾਰ ਕੀਤਾ ਹੈ। ਉਨ੍ਹਾ ਕਿਹਾ ਕਿ ਇਮਰਾਨ ਨੂੰ ਤਸੀਹੇ ਨਹੀਂ ਦਿੱਤੇ ਗਏ।
70 ਸਾਲਾ ਇਮਰਾਨ ਦੇ ਵਾਰੰਟ ਗਿ੍ਰਫਤਾਰੀ ਇਕ ਮਈ ਨੂੰ ਜਾਰੀ ਕੀਤੇ ਗਏ ਸਨ। ਕੋਰਟ ’ਚ ਮੌਜੂਦ ਵਕੀਲ ਗੌਹਰ ਖਾਨ ਨੇ ਦੱਸਿਆ ਕਿ ਰੇਂਜਰਾਂ ਨੇ ਇਮਰਾਨ ਦੇ ਸਿਰ ਤੇ ਲੱਤਾਂ ’ਤੇ ਵਾਰ ਕੀਤਾ। ਉਨ੍ਹਾ ਦੀ ਵ੍ਹੀਲਚੇਅਰ ਚੁੱਕ ਕੇ ਪਰ੍ਹਾਂ ਵਗਾਹ ਮਾਰੀ। ਟੀ ਵੀ ਫੁਟੇਜ ਵਿਚ ਨਜ਼ਰ ਆਇਆ ਕਿ ਰੇਂਜਰਾਂ ਨੇ ਇਮਰਾਨ ਨੂੰ ਕਾਲਰ ਤੋਂ ਫੜ ਕੇ ਗੁੱਛੀ ਬਣਾ ਕੇ ਵੈਨ ’ਚ ਸੁੱਟਿਆ। ਚਸ਼ਮਦੀਦ ਮੁਤਾਬਕ ਇਮਰਾਨ ਦੇ ਹਾਈ ਕੋਰਟ ਦੇ ਗੇਟ ਦੇ ਅੰਦਰ ਵੜਦਿਆਂ ਰੇਂਜਰ ਤੇ ਹਥਿਆਰਬੰਦ ਜਵਾਨ ਉਨ੍ਹਾ ਦੇ ਨਾਲ ਹੀ ਅੰਦਰ ਆ ਗਏ। ਬਖਤਰਬੰਦ ਗੱਡੀਆਂ ਨਾਲ ਗੇਟ ਬਲਾਕ ਕਰ ਦਿੱਤਾ ਗਿਆ ਤੇ ਇਮਰਾਨ ਨੂੰ ਚੁੱਕ ਲਿਆ ਗਿਆ।
ਇਮਰਾਨ ਨੇ ਪਿਛਲੇ ਦਿਨੀਂ ਦੋਸ਼ ਲਾਇਆ ਸੀ ਕਿ ਆਈ ਐੱਸ ਆਈ ਦੇ ਸੀਨੀਅਰ ਅਧਿਕਾਰੀ ਮੇਜਰ ਜਨਰਲ ਫੈਸਲ ਨਸੀਰ ਉਨ੍ਹਾ ਨੂੰ ਵਜ਼ੀਰਾਬਾਦ ਵਿਚ ਕਤਲ ਕਰਨ ਦੀ ਕੋਸ਼ਿਸ਼ ’ਚ ਸ਼ਾਮਲ ਸਨ। ਇਮਰਾਨ ਨੇ ਮੰਗਲਵਾਰ ਫਿਰ ਵੀਡੀਓ ਜਾਰੀ ਕਰਕੇ ਇਹ ਦੋਸ਼ ਦੁਹਰਾਇਆ ਸੀ। ਉਨ੍ਹਾ ਕਿਹਾ ਸੀ ਕਿ ਪਾਕਿਸਤਾਨ ਸਿਰਫ ਫੌਜ ਦਾ ਨਹੀਂ ਹੈ। ਉਹ ਸੱਚ ਕਹਿ ਰਹੇ ਹਨ ਕਿ ਫੌਜੀ ਅਫਸਰ ਦੋ ਵਾਰ ਉਨ੍ਹਾ ਦੇ ਕਤਲ ਦੀ ਸਾਜ਼ਿਸ਼ ਰਚ ਚੁੱਕਾ ਹੈ। ਫੌਜ ਨੇ ਦੋਸ਼ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਇਸ ਦਾ ਖੰਡਨ ਕੀਤਾ ਸੀ। ਇਹ ਵੀ ਕਿਹਾ ਸੀ ਕਿ ਇਮਰਾਨ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।
ਪੀ ਟੀ ਆਈ ਦੇ ਸਕੱਤਰ ਜਨਰਲ ਅਸਦ ਉਮਰ ਨੇ ਕਿਹਾ ਕਿ ਵਾਈਸ ਚੇਅਰਮੈਨ ਸ਼ਾਹ ਮਹਿਮੂਦ ਕੁਰੈਸ਼ੀ ਦੀ ਅਗਵਾਈ ਵਾਲੀ ਛੇ ਮੈਂਬਰੀ ਕਮੇਟੀ ਫੈਸਲਾ ਕਰੇਗੀ ਕਿ ਪਾਰਟੀ ਨੇ ਕੀ ਕਰਨਾ ਹੈ। ਉਮਰ ਨੇ ਕਿਹਾਪਾਕਿਸਤਾਨ ਦੇ ਸਭ ਤੋਂ ਵੱਡੇ ਆਗੂ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਸਾਰੀ ਦੁਨੀਆ ਦੇਖ ਰਹੀ ਹੈ ਕਿ ਦੇਸ਼ ਵਿਚ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ। ਕੁਰੈਸ਼ੀ ਨੇ ਕਿਹਾ ਕਿ ਉਹ ਇਮਰਾਨ ਦੀ ਰਿਹਾਈ ਲਈ ਸਿਆਸੀ ਤੇ ਕਾਨੂੰਨੀ ਜੰਗ ਲੜਨਗੇ।
ਜਿਸ ਅਲ ਕਾਦਿਰ ਟਰੱਸਟ ਕੇਸ ’ਚ ਇਮਰਾਨ ਨੂੰ ਗਿ੍ਰਫਤਾਰ ਕੀਤਾ ਗਿਆ ਹੈ, ਉਹ ਇਕ ਯੂਨੀਵਰਸਿਟੀ ਨਾਲ ਜੁੜਿਆ ਮਾਮਲਾ ਹੈ। ਇਮਰਾਨ ਨੇ ਪ੍ਰਧਾਨ ਮੰਤਰੀ ਹੁੰਦਿਆਂ 2019 ’ਚ ਪੰਜਾਬ ਦੇ ਜੇਹਲਮ ਜ਼ਿਲ੍ਹੇ ਦੇ ਸੋਹਾਵਾ ’ਚ ਸੂਫੀਇਜ਼ਮ ਬਾਰੇ ਅਲ ਕਾਦਿਰ ਯੂਨੀਵਰਸਿਟੀ ਲਈ ਗੈਰਕਾਨੂੰਨੀ ਤੌਰ ’ਤੇ ਅਰਬਾਂ ਰੁਪਏ ਦੀ ਜ਼ਮੀਨ ਹਾਸਲ ਕੀਤੀ। ਪਾਕਿਸਤਾਨ ਦੇ ਸਭ ਤੋਂ ਅਮੀਰ ਮਲਿਕ ਰਿਆਜ਼ ਨੇ ਦੋਸ਼ ਲਾਇਆ ਸੀ ਕਿ ਇਮਰਾਨ ਤੇ ਉਨ੍ਹਾ ਦੀ ਪਤਨੀ ਬੁਸ਼ਰਾ ਬੀਬੀ ਨੇ ਉਨ੍ਹਾ ਨੂੰ ਗਿ੍ਰਫਤਾਰੀ ਦਾ ਡਰ ਦਿਖਾ ਕੇ ਅਰਬਾਂ ਰੁਪਏ ਦੀ ਜ਼ਮੀਨ ਆਪਣੇ ਨਾਂਅ ਕਰਵਾ ਲਈ। ਬਾਅਦ ’ਚ ਰਿਆਜ਼ ਤੇ ਉਨ੍ਹਾ ਦੀ ਬੇਟੀ ਦੀ ਗੱਲਬਾਤ ਦਾ ਆਡੀਓ ਲੀਕ ਹੋਇਆ ਸੀ, ਜਿਸ ਵਿਚ ਰਿਆਜ਼ ਦੀ ਬੇਟੀ ਕਹਿੰਦੀ ਹੈ ਕਿ ਬੁਸ਼ਰਾ ਲਗਾਤਾਰ ਪੰਜ ਕੈਰੇਟ ਦੀ ਹੀਰੇ ਦੀ ਅੰਗੂਠੀ ਮੰਗ ਰਹੀ ਹੈ। ਰਿਆਜ਼ ਕਹਿੰਦੇ ਹਨ ਕਿ ਜੇ ਸਾਡਾ ਕੰਮ ਕਰ ਦਿੰਦੀ ਹੈ ਤਾਂ ਪੰਜ ਕੈਰੇਟ ਦੀ ਅੰਗੂਠੀ ਦੇ ਦਿਓ। ਖਾਸ ਗੱਲ ਇਹ ਹੈ ਕਿ ਅਲ ਕਾਦਿਰ ਯੂਨੀਵਰਸਿਟੀ ਵਿਚ ਦੋ ਹੀ ਟਰੱਸਟੀ ਹਨਇਮਰਾਨ ਤੇ ਬੁਸ਼ਰਾ। ਇਸ ਯੂਨੀਵਰਸਿਟੀ ਵਿਚ 6 ਸਾਲ ’ਚ ਸਿਰਫ 32 ਵਿਦਿਆਰਥੀ ਦਾਖਲ ਹੋਏ। ਇਮਰਾਨ ’ਤੇ ਕੁਲ ਮਿਲਾ ਕੇ 108 ਕੇਸ ਹਨ।

LEAVE A REPLY

Please enter your comment!
Please enter your name here