ਜੰਤਰ-ਮੰਤਰ ’ਤੇ ਮਹਿਲਾ ਭਲਵਾਨਾਂ ਦੀ ਲੜਾਈ ਇਸ ਸਮੇਂ ਆਖਰੀ ਦੌਰ ਵਿੱਚ ਪੁੱਜ ਚੁੱਕੀ ਹੈ। ਦੇਸ਼ ਭਰ ਵਿੱਚੋਂ ਉਨ੍ਹਾਂ ਨੂੰ ਸਮਰਥਨ ਮਿਲ ਰਿਹਾ ਹੈ। ਹਰਿਆਣਾ ਤੇ ਉੱਤਰ ਪ੍ਰਦੇਸ਼ ਦੀਆਂ ਖਾਪ ਪੰਚਾਇਤਾਂ ਪੂਰੀ ਤਰ੍ਹਾਂ ਭਲਵਾਨਾਂ ਨਾਲ ਆਣ ਖੜ੍ਹੀਆਂ ਹਨ। ਕਿਸਾਨ ਜਥੇਬੰਦੀਆਂ ਪੂਰੀ ਸਰਗਰਮੀ ਨਾਲ ਅੰਦੋਲਨ ਵਿੱਚ ਹਿੱਸਾ ਲੈ ਰਹੀਆਂ ਹਨ। ਪਿਛਲੇ ਹਫ਼ਤੇ ਦਿੱਲੀ ਪੁਲਸ ਵੱਲੋਂ ਅੰਦੋਲਨਕਾਰੀ ਭਲਵਾਨਾਂ ਵਿਰੁੱਧ ਕੀਤੀ ਗਈ ਕਾਰਵਾਈ ਨੇ ਬਲਦੀ ’ਤੇ ਤੇਲ ਦਾ ਕੰਮ ਕੀਤਾ ਹੈ। ਇਸ ਸਮੇਂ ਖਾਪ ਪੰਚਾਇਤਾਂ ਤੇ ਕਿਸਾਨਾਂ ਨੇ ਭਲਵਾਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰ ਸਾਂਭ ਲਈ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਹੁਣ ਕੋਈ ਪੁਲਸ ਕਾਰਵਾਈ ਕਰਦੀ ਹੈ ਤਾਂ ਉਹ ਕੌਮੀ ਸ਼ਾਹਰਾਹ ਨੂੰ ਜਾਮ ਕਰ ਦੇਣਗੇ। ਪਿਛਲੇ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਪੰਜਾਬ ਦੇ ਕਿਸਾਨਾਂ ਨੇ ਜੰਤਰ-ਮੰਤਰ ਉੱਤੇ ਪੁੱਜ ਕੇ ਪੁਲਸ ਦੇ ਬੈਰੀਕੇਡਾਂ ਨੂੰ ਤੋੜ ਦਿੱਤਾ ਸੀ। ਕਿਸਾਨ ਔਰਤਾਂ ਦਾ ਵੱਡਾ ਜਥਾ ਵੀ ਧਰਨੇ ਵਿੱਚ ਸ਼ਾਮਲ ਹੋ ਚੁੱਕਾ ਹੈ। ਭਲਵਾਨਾਂ ਨੂੰ ਸਮਰਥਨ ਦੇਣ ਲਈ ਪੁੱਜਣ ਵਾਲਿਆਂ ਦੀ ਗਿਣਤੀ ਹਰ ਦਿਨ ਵਧ ਰਹੀ ਹੈ।
ਹਰਿਆਣੇ ਦੀਆਂ ਵਿਰੋਧੀ ਪਾਰਟੀਆਂ ਦੇ ਆਗੂ ਵੀ ਲਗਾਤਾਰ ਧਰਨੇ ਵਿੱਚ ਪੁੱਜ ਰਹੇ ਹਨ। ਸਭ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਧਰਨੇ ਵਿੱਚ ਪੁੱਜ ਕੇ ਆਪਣੀ ਪਾਰਟੀ ਵੱਲੋਂ ਸਮਰਥਨ ਦਾ ਐਲਾਨ ਕੀਤਾ ਸੀ। ਉਨ੍ਹਾ ਤੋਂ ਬਾਅਦ ਇਨੈਲੋ ਆਗੂ ਅਭੈ ਸਿੰਘ ਚੌਟਾਲਾ ਤੇ ਹੋਰ ਕਈ ਵਿਰੋਧੀ ਆਗੂ ਜੰਤਰ-ਮੰਤਰ ਦੇ ਧਰਨੇ ਵਿੱਚ ਪੁੱਜੇ ਸਨ। ਇਸ ਦਾ ਇਹ ਨਤੀਜਾ ਨਿਕਲਿਆ ਕਿ ਸੱਤਾਧਾਰੀ ਭਾਜਪਾ ਅੰਦਰ ਵੀ ਭਲਵਾਨਾਂ ਦੀ ਹਮੈਤ ਵਿੱਚ ਅਵਾਜ਼ਾਂ ਉੱਠਣ ਲੱਗੀਆਂ ਹਨ। ਅਸਲ ਵਿੱਚ ਹਰਿਆਣੇ ਦੇ ਭਾਜਪਾ ਆਗੂਆਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਜੇਕਰ ਮਸਲੇ ਦਾ ਨਿਬੇੜਾ ਨਹੀਂ ਹੁੰਦਾ ਤੇ ਅੰਦੋਲਨ ਜ਼ੋਰ ਫੜ ਜਾਂਦਾ ਹੈ ਤਾਂ ਉਨ੍ਹਾਂ ਨੂੰ ਕਿਸਾਨ ਅੰਦੋਲਨ ਵਾਲੇ ਦਿਨ ਨਾ ਦੇਖਣੇ ਪੈਣ। ਯਾਦ ਰਹੇ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨ ਜਥਿਆਂ ਨੇ ਭਾਜਪਾ ਦੇ ਮੰਤਰੀਆਂ, ਵਿਧਾਇਕਾਂ ਤੇ ਹੋਰ ਆਗੂਆਂ ਦੇ ਪਿੰਡਾਂ ਵਿੱਚ ਵੜਨ ਉੱਤੇ ਪਾਬੰਦੀ ਲਾ ਦਿੱਤੀ ਸੀ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰੈਲੀ ਵਾਲੀ ਸਟੇਜ ਨੂੰ ਤੋੜ ਦਿੱਤਾ ਸੀ ਤੇ ਖੱਟਰ ਨੂੰ ਹੈਲੀਕਾਪਟਰ ਵਿੱਚੋਂ ਵੀ ਨਹੀਂ ਸੀ ਉਤਰਨ ਦਿੱਤਾ। ਹਰਿਆਣੇ ਦੇ ਭਾਜਪਾਈ ਉਹ ਦਿਨ ਦੁਬਾਰਾ ਨਹੀਂ ਦੇਖਣਾ ਚਾਹੁੰਦੇ।
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਧਰਨੇ ਵਿੱਚ ਪੁੱਜ ਕੇ ਕਿਹਾ ਕਿ ਉਹ ਭਲਵਾਨਾਂ ਦਾ ਸਮਰਥਨ ਕਰਦਾ ਹੈ ਤੇ ਵਿਚੋਲਗੀ ਦੀ ਕੋਸ਼ਿਸ਼ ਕਰੇਗਾ। ਇਸੇ ਦੌਰਾਨ ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਬਿਰੇਂਦਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਭਲਵਾਨਾਂ ਵੱਲੋਂ ਲਾਏ ਦੋਸ਼ ਗੰਭੀਰ ਕਿਸਮ ਦੇ ਹਨ। ਖੱਟਰ ਸਰਕਾਰ ਦੀ ਹਮੈਤ ਕਰਨ ਵਾਲੇ ਅਜ਼ਾਦ ਵਿਧਾਇਕ ਰਣਜੀਤ ਸਿੰਘ ਚੌਟਾਲਾ ਨੇ ਕਿਹਾ ਕਿ ਜਿਸ ਵਿਅਕਤੀ ਉੱਤੇ ਅਜਿਹੇ ਦੋਸ਼ ਲੱਗੇ ਹੋਣ ਉਸ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਹਿਸਾਰ ਤੋਂ ਭਾਜਪਾ ਦੇ ਸਾਂਸਦ ਬਰਜੇਂਦਰ ਸਿੰਘ ਨੇ ਕਿਹਾ, ‘‘ਮੈਂ ਇਕੱਲਾ ਭਾਜਪਾ ਸਾਂਸਦ ਹਾਂ, ਜਿਹੜਾ ਭਲਵਾਨਾਂ ਦੇ ਨਾਲ ਖੜ੍ਹਾ ਹਾਂ। ਮੈਂ ਜਾਣਦਾ ਹਾਂ ਕਿ ਇਹ ਪਾਰਟੀ ਨੂੰ ਪਸੰਦ ਨਹੀਂ ਹੋਵੇਗਾ।’’ ਹਰਿਆਣਾ ਦੇ ਭਾਜਪਾ ਆਗੂਆਂ ਦੇ ਬਿਆਨਾਂ ਤੋਂ ਪਤਾ ਲਗਦਾ ਹੈ ਕਿ ਭਲਵਾਨਾਂ ਨਾਲ ਵਧੀਕੀਆਂ ਦਾ ਮਸਲਾ ਹਰਿਆਣੇ ਵਿੱਚ ਭਾਵਨਾਤਮਕ ਮੁੱਦਾ ਬਣ ਚੁੱਕਾ ਹੈ। ਇਸ ਨੂੰ ਜਲਦੀ ਹੱਲ ਨਾ ਕੀਤਾ ਗਿਆ ਤਾਂ ਇਸ ਦੇ ਗੰਭੀਰ ਰਾਜਨੀਤਕ ਨਤੀਜੇ ਨਿਕਲਣਗੇ। ਕਿਸਾਨ ਜਥੇਬੰਦੀਆਂ ਤੇ ਖਾਪ ਪੰਚਾਇਤਾਂ ਨੇ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਤੇ ਭਾਜਪਾ ਸਾਂਸਦ ਬਿ੍ਰਜਭੂਸ਼ਣ ਦੀ ਗਿ੍ਰਫ਼ਤਾਰੀ ਲਈ ਅਲਟੀਮੇਟਮ ਦੇ ਕੇ ਕਿਹਾ ਹੈ ਕਿ ਜੇਕਰ ਉਸ ਨੂੰ ਗਿ੍ਰਫ਼ਤਾਰ ਨਾ ਕੀਤਾ ਗਿਆ ਤਾਂ ਉਹ 21 ਮਈ ਨੂੰ ਵੱਡੇ ਫੈਸਲੇ ਲੈਣ ਲਈ ਮਜਬੂਰ ਹੋਣਗੇ।




