ਨਵੀਂ ਦਿੱਲੀ : ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਜ ਭੂਸ਼ਣ ਸ਼ਰਣ ਸਿੰਘ ਵੱਲੋਂ ਕੀਤੇ ਕਥਿਤ ਜਿਨਸੀ ਸ਼ੋਸ਼ਣ ਖਿਲਾਫ ਭਲਵਾਨਾਂ ਵੱਲੋਂ ਜਾਰੀ ਪ੍ਰਦਰਸ਼ਨ ਪ੍ਰਤੀ ਕੇਂਦਰ ਸਰਕਾਰ ਦੇ ਮੱਠੇ ਹੁੰਗਾਰੇ ਤੋਂ ਨਿਰਾਸ਼ ਕੁਸ਼ਤੀ ‘ਚ ਇਕਲੌਤੀ ਮਹਿਲਾ ਉਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਮਾਮਲੇ ‘ਤੇ ਚੁੱਪ ਰਹਿਣ ਕਾਰਨ ਆਲੋਚਨਾ ਕੀਤੀ ਹੈ | ਮਲਿਕ ਨੇ ਕਿਹਾ ਕਿ ਮੋਦੀ ਨੇ ਤਮਗਾ ਜੇਤੂਆਂ ਨੂੰ ਚਾਹ ਲਈ ਬੁਲਾਇਆ ਸੀ, ਪਰ ਜਦੋਂ ਉਹ ਮੁਸੀਬਤ ‘ਚ ਹੁੰਦੇ ਹਨ ਤਾਂ ਉਹ ਸੁਣਦੇ ਵੀ ਨਹੀਂ | ਉਸ ਨੇ ਕਿਹਾ-ਮੋਦੀ ਜੀ ਹਮੇਸ਼ਾ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦੀ ਗੱਲ ਕਰਦੇ ਹਨ | ਜਦੋਂ ਅਸੀਂ ਦੇਸ਼ ਦਾ ਨਾਂਅ ਰੌਸ਼ਨ ਕੀਤਾ ਤਾਂ ਉਨ੍ਹਾ ਸਾਨੂੰ ਚਾਹ ਅਤੇ ਰਾਤ ਦੇ ਖਾਣੇ ਲਈ ਬੁਲਾਇਆ | ਮੈਨੂੰ ਲੱਗਦਾ ਹੈ ਕਿ ਉਹ ਸਾਨੂੰ ਉਦੋਂ ਹੀ ਯਾਦ ਕਰਦੇ ਹਨ, ਜਦੋਂ ਅਸੀਂ ਤਮਗੇ ਲਿਆਉਂਦੇ ਹਾਂ ਅਤੇ ਉਦੋਂ ਨਹੀਂ, ਜਦੋਂ ਅਸੀਂ ਮੁਸੀਬਤ ‘ਚ ਹੁੰਦੇ ਹਾਂ |
ਸਾਕਸ਼ੀ ਨੇ ਬਿ੍ਜ ਭੂਸ਼ਣ ਨੂੰ ਚੁਣੌਤੀ ਦਿੱਤੀ ਕਿ ਉਹ ਨਾਰਕੋ ਟੈਸਟ ਕਰਵਾ ਕੇ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ | ਉਸ ਨੇ ਕਿਹਾ ਕਿ ਸਰਕਾਰ ਬਿ੍ਜ ਭੂਸ਼ਣ ਵਿਰੁੱਧ ਕਾਰਵਾਈ ਨਹੀਂ ਕਰ ਰਹੀ, ਕਿਉਂਕਿ ਉਹ ਭਾਜਪਾ ਦਾ ਸੰਸਦ ਮੈਂਬਰ ਹੈ | ਪ੍ਰਦਰਸ਼ਨਕਾਰੀ ਭਲਵਾਨਾਂ ਵੱਲੋਂ ਤਮਗੇ ਵਾਪਸ ਕਰਨ ਦੀਆਂ ਰਿਪੋਰਟਾਂ ਬਾਰੇ ਮਲਿਕ ਨੇ ਕਿਹਾ ਕਿ ਜੇ ਇਨਸਾਫ ਨਹੀਂ ਮਿਲਿਆ ਤਾਂ ਅਸੀਂ ਇਨ੍ਹਾਂ ਤਮਗਿਆਂ ਦਾ ਕੀ ਕਰਾਂਗੇ? ਇਸ ਦੌਰਾਨ ਵਿਨੇਸ਼ ਫੋਗਾਟ ਨੇ ਕਿਹਾ ਕਿ ਪ੍ਰਦਰਸ਼ਨ ਨੇ ਹੋਰ ਐਥਲੀਟਾਂ ਨੂੰ ਜਿਨਸੀ ਸ਼ੋਸ਼ਣ ਦੇ ਖਿਲਾਫ ਬੋਲਣ ਦੀ ਹਿੰਮਤ ਦਿੱਤੀ ਹੈ | ਇਸੇ ਦੌਰਾਨ ਵਿਨੇਸ਼ ਫੋਗਾਟ ਨੇ ਰਤਨ ਟਾਟਾ ਨੂੰ ਬੇਨਤੀ ਕੀਤੀ ਹੈ ਕਿ ਉਹ ਪਤਾ ਲਾਉਣ ਕਿ ਜਿਹੜਾ ਫੰਡ ਉਨ੍ਹਾ ਦਿੱਤਾ ਉਹ ਕੁਸ਼ਤੀ ਫੈਡਰੇਸ਼ਨ ਕੋਲ ਪੁੱਜਿਆ ਕਿ ਨਹੀਂ?
ਬਜਰੰਗ ਪੂਨੀਆ ਨੇ ਮੰਗ ਕੀਤੀ ਕਿ ਸਾਰੇ ਕੁਸ਼ਤੀ ਮੁਕਾਬਲੇ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਐਡਹਾਕ ਪੈਨਲ ਦੀ ਨਿਗਰਾਨੀ ਵਿਚ ਹੋਣ, ਨਹੀਂ ਤਾਂ ਉਹ ਵਿਰੋਧ ਕਰਨਗੇ | ਇਸੇ ਦੌਰਾਨ ਭਲਵਾਨਾਂ ਨੇ ਬਿ੍ਜ ਭੂਸ਼ਣ ਖਿਲਾਫ ਜਾਂਚ ਦੀ ਸੁਸਤ ਰਫਤਾਰ ‘ਤੇ ਵੀਰਵਾਰ ਕਾਲੇ ਆਰਮਬੈਂਡ ਲਾਉਣ ਦਾ ਫੈਸਲਾ ਕੀਤਾ ਹੈ |





