ਚੰਡੀਗੜ੍ਹ (ਗੁਰਜੀਤ ਬਿੱਲਾ) ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਵਾਲੇ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਵੱਲੋਂ ਬੁੱਧਵਾਰ ਪੰਜਾਬ ਸਟੇਟ ਐਨਰਜੀ ਐਕਸ਼ਨ ਪਲਾਨ ਲਾਂਚ ਕੀਤਾ ਗਿਆ ਹੈ, ਤਾਂ ਜੋ ਇਮਾਰਤਾਂ, ਉਦਯੋਗਾਂ, ਨਗਰ-ਪਾਲਿਕਾਵਾਂ, ਖੇਤੀਬਾੜੀ, ਟਰਾਂਸਪੋਰਟ ਅਤੇ ਹੋਰ ਖੇਤਰਾਂ ਵਿੱਚ ਊਰਜਾ ਕੁਸ਼ਲਤਾ ਨੂੰ ਯਕੀਨੀ ਬਣਾਇਆ ਜਾ ਸਕੇ | ਇਸ ਐਕਸ਼ਨ ਪਲਾਨ ਦਾ ਉਦੇਸ ਸੂਬੇ ਦੇ ਵਿਭਾਗਾਂ/ ਏਜੰਸੀਆਂ ਦੀ ਸਭ ਤੋਂ ਟਿਕਾਊ, ਲੰਮੀ ਮਿਆਦ ਵਾਲੀ ਅਤੇ ਇੰਟਰ ਸੈਕਟਰਲ ਨਵਿਆਉਣਯੋਗ/ ਸਾਫ਼ ਤੇ ਸਵੱਛ ਊਰਜਾ ਯੋਜਨਾ ਨੂੰ ਅਪਣਾਉਣ ਵਿੱਚ ਸਹਾਇਤਾ ਕਰਨਾ ਹੈ | ਇਸ ਦੌਰਾਨ ਵਧੀਕ ਮੁੱਖ ਸਕੱਤਰ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਏ ਵੇਣੂ ਪ੍ਰਸਾਦ, ਚੇਅਰਮੈਨ ਪੇਡਾ ਐੱਚ ਐੱਸ. ੰਸਪਾਲ ਅਤੇ ਇੰਡੋ-ਜਰਮਨ ਐਨਰਜੀ ਪ੍ਰੋਗਰਾਮ ਜੀ ਆਈ ਜ਼ੈੱਡ ਦੇ ਮੁਖੀ ਡਾ. ਵਿਨਫਰਾਈਡ ਡੈਮ ਵੱਲੋਂ ਸੂਬੇ ਲਈ ਅੰਮਿ੍ਤਸਰ ਸਮਾਰਟ ਸਿਟੀ ਪੋਰਟਲ ਅਤੇ ਨਵਿਆਉਣਯੋਗ ਪਰਚੇਜ਼ ਔਬਲੀਗੇਸ਼ਨਜ਼ (ਆਰ ਪੀ ਓ) ਪੋਰਟਲ ਦੇ ਨਾਲ ਡਿਸੀਜ਼ਨ ਸਪੋਰਟ ਟੂਲ (ਡੀ ਐੱਸ ਟੀ) ਵੀ ਲਾਂਚ ਕੀਤਾ ਗਿਆ |
ਏ ਵੇਣੂ ਪ੍ਰਸਾਦ ਨੇ ਕਿਹਾ ਕਿ ਅੰਮਿ੍ਤਸਰ ਨੂੰ ਸੋਲਰ ਸਿਟੀ ਵਜੋਂ ਵਿਕਸਤ ਕੀਤਾ ਜਾਵੇਗਾ | ਉਨ੍ਹਾ ਕਿਹਾ ਕਿ ਸਟੇਟ ਐਨਰਜੀ ਐਕਸ਼ਨ ਪਲਾਨ ਹਰੇਕ ਸੈਕਟਰ ਜਿਵੇਂ ਖੇਤੀਬਾੜੀ, ਬਿਜਲੀ, ਨਵਿਆਉਣਯੋਗ, ਸੀ.ਬੀ.ਜੀ., ਨਗਰ ਪਾਲਿਕਾਵਾਂ, ਟਰਾਂਸਪੋਰਟ, ਇਮਾਰਤਾਂ ਅਤੇ ਉਦਯੋਗਾਂ ਵਿੱਚ ਨੈੱਟ ਜ਼ੀਰੋ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ | ਪੇਡਾ ਵੱਲੋਂ 20 ਤੋਂ ਵੱਧ ਵਿਭਾਗਾਂ/ ਸੰਸਥਾਵਾਂ ਦੇ ਸਲਾਹਕਾਰਾਂ ਦੀ ਤਜਰਬੇਕਾਰ ਟੀਮ ਅਤੇ ਨੁਮਾਇੰਦਿਆਂ ਦੀ ਮਦਦ ਨਾਲ ਤਕਨੀਕੀ ਸਹਾਇਤਾ ਲੈਣ ਵਾਸਤੇ ਜਰਮਨ ਦੇ ਇਕਨਾਮਿਕ ਕੋਆਪਰੇਸ਼ਨ ਅਤੇ ਡਿਵੈੱਲਪਮੈਂਟ ਮੰਤਰਾਲੇ ਤੋਂ ਫੰਡ ਪ੍ਰਾਪਤ ਜੀ ਆਈ ਜੈੱਡ ਦੇ ਆਈ ਜੀ ਈ ਐੱਨ ਐਕਸੈੱਸ ਟੂ ਐਨਰਜੀ ਪ੍ਰੋਗਰਾਮ ਨਾਲ ਸਮਝੌਤਾ ਸਹੀਬੱਧ ਕੀਤਾ ਹੈ |
ਇਸ ਐਕਸ਼ਨ ਪਲਾਨ ਨੂੰ ਤੇਜੀ ਨਾਲ ਲਾਗੂ ਕਰਨ ਅਤੇ ਇਸ ਦੀ ਪ੍ਰਗਤੀ ਦੀ ਤਿਮਾਹੀ ਆਧਾਰ ‘ਤੇ ਸਮੀਖਿਆ ਕਰਨ ਦੀ ਲੋੜ ‘ਤੇ ਜੋਰ ਦਿੰਦਿਆਂ ਉਨ੍ਹਾ ਬਿਜਲੀ ਖੇਤਰ ਨੂੰ ਡੀਕਾਰਬੋਨਾਈਜ (ਕਾਰਬਨ ਮੁਕਤ) ਕਰਨ ਲਈ ਸਾਰੇ ਵਿਭਾਗਾਂ ਨੂੰ ਆਪਣੇ ਦਫਤਰਾਂ ਦੀਆਂ ਇਮਾਰਤਾਂ ਨੂੰ ਸੋਲਰ ਪੈਨਲਾਂ ਨਾਲ ਲੈਸ ਕਰਨ ਸੰਬੰਧੀ ਕਦਮ ਚੁੱਕਣ ਲਈ ਕਿਹਾ, ਜਿਸ ਨਾਲ ਉਨ੍ਹਾਂ ਦੇ ਬਿਜਲੀ ਦੀ ਖਪਤ ਸਬੰਧੀ ਖਰਚਿਆਂ ਨੂੰ 25 ਫੀਸਦ ਤੋਂ 30 ਫੀਸਦ ਤੱਕ ਘਟਾਉਣ ਵਿੱਚ ਮਦਦ ਮਿਲੇਗੀ | ਪੇਡਾ ਦੇ ਚੇਅਰਮੈਨ ਐੱਚ ਐੱਸ ਹੰਸਪਾਲ ਨੇ ਕਿਹਾ ਕਿ ਪੇਡਾ ਊਰਜਾ ਸੰਭਾਲ ਐਕਟ, 2001 ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਦੀ ਡੈਜ਼ੀਗਨੇਟਿਡ ਏਜੰਸੀ ਹੈ ਅਤੇ ਪੇਡਾ ਦਾ ਉਦੇਸ਼ 2070 ਤੱਕ ਨੈੱਟ ਜ਼ੀਰੋ ਟੀਚਿਆਂ ਨੂੰ ਪ੍ਰਾਪਤ ਕਰਨਾ ਹੈ | ਉਨ੍ਹਾ ਬੀ ਈ ਈ ਵੱਲੋਂ ਸੂਬਾ ਪੱਧਰ ‘ਤੇ ਸਟੇਟ ਐਨਰਜੀ ਐਫੀਸ਼ੈਂਸੀ ਪਲਾਨ (ਸੀ ਈ ਏ ਪੀ ) ਤਿਆਰ ਕੀਤੇ ਜਾਣ ਦਾ ਵੀ ਜਿਕਰ ਕੀਤਾ | ਪੰਜਾਬ ਨੇ ਸਟੇਟ ਐਨਰਜੀ ਵਿਜਨ 2047 ਵੀ ਤਿਆਰ ਕੀਤਾ ਹੈ |
ਇਸ ਵਿਲੱਖਣ ਪਲਾਨ ਨੂੰ ਤਿਆਰ ਕਰਨ ਲਈ ਪੇਡਾ ਦੇ ਯਤਨਾਂ ਦੀ ਸਲਾਘਾ ਕਰਦਿਆਂ ਇੰਡੋ-ਜਰਮਨ ਐਨਰਜੀ ਪ੍ਰੋਗਰਾਮ ਜੀ ਆਈ ਜ਼ੈੱਡ ਦੇ ਮੁਖੀ ਡਾ. ਵਿਨਫਰਾਈਡ ਡੈਮ ਨੇ ਨੈੱਟ ਜ਼ੀਰੋ ਟੀਚੇ ਦੀ ਪ੍ਰਾਪਤੀ ਲਈ ਭਾਰਤ ਦੇ ਉਦੇਸ਼ ਨੂੰ ਪੂਰਾ ਕਰਨ ਵਾਸਤੇ ਲੰਮੇ ਸਮੇਂ ਦੀ ਐਨਰਜੀ ਪਲਾਨਿੰਗ ਦੇ ਮਹੱਤਵ ‘ਤੇ ਚਾਨਣਾ ਪਾਇਆ |
ਸਾਰੇ ਭਾਗੀਦਾਰਾਂ ਦਾ ਸੁਆਗਤ ਕਰਦਿਆਂ ਪੇਡਾ ਦੇ ਡਾਇਰੈਕਟਰ ਐੱਮ ਪੀ. ਸਿੰਘ ਨੇ ਸਟੇਟ ਐਨਰਜੀ ਐਕਸ਼ਨ ਪਲਾਨ ਅਤੇ ਆਨਲਾਈਨ ਡਿਸੀਜਨ ਸਪੋਰਟ ਟੂਲ ਬਾਰੇ ਜਾਣਕਾਰੀ ਦਿੱਤੀ, ਜਿਸ ਦੀ ਵਰਤੋਂ ਕਰਦਿਆਂ ਸਾਰੇ ਸਬੰਧਤ ਵਿਭਾਗ ਸੂਬੇ ਲਈ ਕੋਈ ਵੀ ਵੱਡੇ ਵਿਕਾਸ ਟੀਚੇ ਨਿਰਧਾਰਤ ਕਰਨ ਤੋਂ ਪਹਿਲਾਂ ਡਾਟਾ-ਆਧਾਰਤ ਵਿਕਾਸ ਯੋਜਨਾਵਾਂ ਤਿਆਰ ਕਰਦੇ ਹਨ |
ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਬਿਜਲੀ ਵਿਭਾਗ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਅਜੋਏ ਕੁਮਾਰ ਸਿਨਹਾ, ਗਮਾਡਾ ਦੇ ਮੁੱਖ ਪ੍ਰਸ਼ਾਸਕ ਅਮਨਦੀਪ ਬਾਂਸਲ ਅਤੇ ਚੀਫ਼ ਟਾਊਨ ਪਲਾਨਰ ਪੰਜਾਬ ਪੰਕਜ ਬਾਵਾ, ਸੀਨੀਅਰ ਸਲਾਹਕਾਰ ਜੀ ਆਈ ਜ਼ੈੱਡ. ਇੰਡੀਆ ਨਿਧੀ ਸਰੀਨ, ਪੇਡਾ ਦੇ ਜਾਇੰਟ ਡਾਇਰੈਕਟਰ ਕੁਲਬੀਰ ਸਿੰਘ ਸੰਧੂ ਤੋਂ ਇਲਾਵਾ ਟਰਾਂਸਪੋਰਟ, ਲੋਕ ਨਿਰਮਾਣ, ਤਕਨੀਕੀ ਸਿੱਖਿਆ, ਨਿਵੇਸ਼ ਪ੍ਰੋਤਸਾਹਨ, ਹੁਨਰ ਵਿਕਾਸ, ਉਚੇਰੀ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ |





