ਸੱਦ ਕੇ ਨਾ ਮਿਲਣ ‘ਤੇ ਗੁੱਸੇ ਹੋਏ ਖੇਤ ਮਜ਼ਦੂਰ ਮੁੱਖ ਮੰਤਰੀ ਦੀਆਂ ਅਰਥੀਆਂ ਸਾੜਨਗੇ

0
392

ਚੰਡੀਗੜ੍ਹ : ਮਜ਼ਦੂਰ ਮੰਗਾਂ ਲਈ ਸੰਘਰਸ਼ ਕਰ ਰਹੀਆਂ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮਜ਼ਦੂਰ ਮੋਰਚੇ ਵੱਲੋਂ 10 ਜੂਨ ਨੂੰ ਸੰਗਰੂਰ ‘ਚ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਸਮੇਂ ਸੰਗਰੂਰ ਪ੍ਰਸ਼ਾਸਨ ਨੇ ਮੁੱਖ ਮੰਤਰੀ ਨਾਲ ਮਜ਼ਦੂਰ ਮੰਗਾਂ ‘ਤੇ 17 ਜੂਨ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਰਖਵਾਈ ਸੀ, ਪਰ ਇਹ ਅਚਾਨਕ ਰੱਦ ਕਰ ਦਿੱਤੀ ਗਈ |
ਇਸ ਤੋਂ ਬਾਅਦ ਮਜ਼ਦੂਰ ਮੁਕਤੀ ਮੋਰਚਾ ਦੇ ਭਗਵੰਤ ਸਿੰਘ ਸਮਾਉਂ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਲਖਵੀਰ ਲੌਂਗੋਵਾਲ, ਪੰਜਾਬ ਖੇਤ ਮਜ਼ਦੂਰ ਸਭਾ ਦੀ ਕਾਮਰੇਡ ਦੇਵੀ ਕੁਮਾਰੀ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਭੂਪ ਚੰਦ ਚੰਨੋ, ਪੇਂਡੂ ਮਜ਼ਦੂਰ ਯੂਨੀਅਨ ਆਜ਼ਾਦ ਦੇ ਬਲਵਿੰਦਰ ਝਲੂਰ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਜ਼ਦੂਰਾਂ ਦੇ ਮਸਲਿਆਂ ਨੂੰ ਨਜ਼ਰਅੰਦਾਜ਼ ਕਰਕੇ ਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੂੰ ਬਿਨਾਂ ਮੀਟਿੰਗ ਕੀਤੇ ਵਾਪਸ ਮੋੜ ਕੇ ਸਾਬਿਤ ਕਰ ਦਿੱਤਾ ਹੈ ਕਿ ਮਾਨ ਸਰਕਾਰ ਵੀ ਦਲਿਤ ਮਜ਼ਦੂਰ ਵਿਰੋਧੀ ਸਰਕਾਰ ਹੈ | ਇਸ ਸਮੇਂ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਐਲਾਨ ਕੀਤਾ ਕਿ 18 ਜੂਨ ਤੋਂ 22 ਜੂਨ ਤੱਕ ਪੰਜਾਬ ਅੰਦਰ ਮੁੱਖ ਮੰਤਰੀ ਪੰਜਾਬ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ ਅਤੇ ਸੰਗਰੂਰ ਲੋਕ ਸਭਾ ਦੀ ਹੋ ਰਹੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ, ਮੰਤਰੀ ਸਹਿਤ ਵਿਧਾਇਕਾਂ ਦਾ ਵਿਰੋਧ ਕੀਤਾ ਜਾਵੇਗਾ | 24 ਤੋਂ 30 ਜੂਨ ਤੱਕ ਵਿਧਾਨ ਸਭਾ ਦੇ ਸੈਸ਼ਨ ਦੇ ਦੂਜੇ ਦਿਨ 25 ਜੂਨ ਨੂੰ ਪੰਜਾਬ ਦੇ ਹਜ਼ਾਰਾਂ ਮਜ਼ਦੂਰ ਵਿਧਾਨ ਸਭਾ ਵੱਲ ਮਾਰਚ ਕਰਨਗੇ | ਮਜ਼ਦੂਰ ਆਗੂਆਂ ਨੇ ਕਿਹਾ ਕਿ ਜੇਕਰ ਮਾਨ ਸਰਕਾਰ ਨੇ 2 ਸਾਲਾਂ ਤੋਂ ਰੁਕੀ ਦਿਹਾੜੀ ਰੇਟ ਲਿਸਟ ਮਹਿੰਗਾਈ ਭੱਤੇ ਸਮੇਤ ਘੱਟੋ-ਘੱਟ ਰੋਜ਼ਾਨਾ ਦੀ 700 ਰੁਪਏ ਦਿਹਾੜੀ, ਝੋਨਾ ਲਵਾਈ 6000 ਲਾਗੂ ਨਾ ਕੀਤੀ, ਮਜ਼ਦੂਰਾਂ ਸਿਰ ਚੜਿ੍ਹਆ ਸਮੁੱਚਾ ਕਰਜ਼ਾ ਮਾਫ ਨਾ ਕੀਤਾ, ਪੰਚਾਇਤੀ ਜ਼ਮੀਨ ਦੇ ਤੀਜੇ ਹਿੱਸੇ ਦੀ ਜ਼ਮੀਨ ਦਲਿਤ ਮਜ਼ਦੂਰਾਂ ਨੂੰ ਪੱਕੇ ਤੌਰ ‘ਤੇ ਨਾ ਦਿੱਤੀ ਤਾਂ ਪੂਰੇ ਪੰਜਾਬ ਅੰਦਰ ਮਜ਼ਦੂਰਾਂ ਵੱਲੋਂ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਸਕੱਤਰ ਹਰਵਿੰਦਰ ਸੇਮਾ, ਵਿਜੈ ਕੁਮਾਰ ਭੀਖੀ, ਮੱਖਣ ਰਾਮਗੜ੍ਹ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਪਰਗਟ ਸਿੰਘ ਕਾਲਾਝਾੜ, ਪੰਜਾਬ ਖੇਤ ਮਜ਼ਦੂਰ ਸਭਾ ਦੇ ਕਾਮਰੇਡ ਕਿ੍ਸ਼ਨ ਚੌਹਾਨ, ਪੇਂਡੂ ਮਜ਼ਦੂਰ ਯੂਨੀਅਨ ਆਜ਼ਾਦ ਦੇ ਰਾਜ ਸਿੰਘ ਖੋਖਰ ਵੀ ਮੌਜੂਦ ਸਨ |

LEAVE A REPLY

Please enter your comment!
Please enter your name here