ਠਾਕੁਰ ਜਾਤ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਸੱਤਾ ਸੰਭਾਲਣ ਤੋਂ ਬਾਅਦ ਯੂ ਪੀ ਅੰਦਰ ਦਲਿਤ ਜਾਤੀਆਂ ਉੱਤੇ ਜਬਰ ਦਾ ਕੁਹਾੜਾ ਤੇਜ਼ੀ ਨਾਲ ਚੱਲਣਾ ਸ਼ੁਰੂ ਹੋ ਗਿਆ ਸੀ। ਪਿਛਲੇ ਦਿਨੀਂ ਆਗਰਾ ਦੇ ਮੁਹੱਲੇ ਸੁਹੱਲਾ ਜਾਟਵ ਬਸਤੀ ਵਿੱਚ ਇੱਕ 24 ਸਾਲਾ ਦਲਿਤ ਲਾੜੇ ਦੀ ਘੋੜੀ ਚੜ੍ਹਨ ਕਾਰਨ ਉੱਚੀ ਜਾਤ ਦੇ ਲੋਕਾਂ ਨੇ ਕੁੱਟਮਾਰ ਕੀਤੀ ਤੇ ਘੋੜੀ ਤੋਂ ਉਤਰਨ ਲਈ ਮਜਬੂਰ ਕਰ ਦਿੱਤਾ।
ਲਾੜੇ ਦੀ ਸੱਸ ਗੀਤਾ ਜਾਟਵ ਨੇ ਆਗਰੇ ਦੇ ਸਦਰ ਬਜ਼ਾਰ ਥਾਣੇ ਵਿੱਚ ਦਰਜ ਕਰਾਈ ਰਿਪੋਰਟ ਵਿੱਚ ਕਿਹਾ ਹੈ ਕਿ ਉਸ ਦੀ ਬੇਟੀ ਦੀ ਬਰਾਤ ਜਦੋਂ ਮੁਹੱਲੇ ਵਿੱਚੋਂ ਗੁਜ਼ਰ ਰਹੀ ਸੀ ਤਾਂ ਉੱਚ ਜਾਤੀ ਦੇ 20-25 ਲੱਠਮਾਰਾਂ ਨੇ ਲਾੜੇ ਨੂੰ ਘੋੜੀ ਤੋਂ ਉਤਰਨ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਸਾਡੇ ਪਿੰਡ ਵਿੱਚ ਦਲਿਤ ਘੋੜੀ ਨਹੀਂ ਚੜ੍ਹਦੇ, ਤੁਹਾਡੀ ਹਿੰਮਤ ਕਿਵੇਂ ਹੋਈ? ਗੀਤਾ ਨੇ ਅੱਗੇ ਕਿਹਾ ਕਿ ਜਦੋਂ ਬਸਤੀ ਦੇ ਦਲਿਤ ਲੋਕ ਝਗੜਾ ਨਿਪਟਾਉਣ ਆਏ ਤਾਂ ਲੱਠਮਾਰਾਂ ਨੇ ਉਨ੍ਹਾਂ ਨੂੰ ਕੁੱਟ ਕੇ ਭਜਾ ਦਿੱਤਾ ਤੇ ਔਰਤਾਂ ਨਾਲ ਛੇੜਛਾੜ ਵੀ ਕੀਤੀ।
ਗੀਤਾ ਦੀ ਸ਼ਿਕਾਇਤ ’ਤੇ ਪੁਲਸ ਨੇ ਯੋਗੇਸ਼ ਠਾਕੁਰ, ਸੋਨੂੰ ਠਾਕੁਰ ਰਾਹੁਲ, ਕੁਣਾਲ ਤੇ ਸ਼ਿਸ਼ੂਪਾਲ ਸਣੇ 20 ਅਗਿਆਤ ਵਿਅਕਤੀਆਂ ਵਿਰੁੱਧ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਐਕਟ ਅਧੀਨ ਵੱਖ-ਵੱਖ ਧਾਰਾਵਾਂ ਲਾ ਕੇ ਮੁਕੱਦਮਾ ਦਰਜ ਕਰ ਲਿਆ ਹੈ। ਹਾਲਾਂਕਿ ਪੁਲਸ ਮੁਤਾਬਕ ਕਿਸੇ ਨੂੰ ਵੀ ਗਿ੍ਰਫ਼ਤਾਰ ਨਹੀਂ ਕੀਤਾ ਗਿਆ। ਸ਼ਾਇਦ ਗਿ੍ਰਫ਼ਤਾਰੀਆਂ ਹੋਣ ਵੀ ਨਾ, ਕਿਉਂਕਿ ‘ਸਈਆਂ ਭਏ ਕੋਤਵਾਲ, ਡਰ ਕਾਹੇ ਕਾ।’