ਕਰਨਾਟਕ ਚੋਣਾਂ ’ਚ ਭਾਜਪਾ ਚਾਹ ਕੇ ਵੀ ਕਾਂਗਰਸ ਤੋਂ ਪਾਰ ਨਹੀਂ ਜਾ ਸਕੀ। ਬਾਵਜੂਦ ਇਸ ਦੇ ਕੇ ਜਦ ਡਬਲ ਇੰਜਣ ਸਰਕਾਰ ਦੇ ਵਿਕਾਸ ਦਾ ਨਾਅਰਾ ਕਿਤੇ ਵੀ ਠਹਿਰਦਾ ਨਹੀਂ ਦਿਖਾਈ ਦਿੰਦਾ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਗਾਲ਼ਾਂ ਨੂੰ ਵੀ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ, ਉਹ ਵੀ ਦਾਅ ਨਹੀਂ ਚੱਲਿਆ ਤਾਂ ਬਜਰੰਗ ਬਲੀ ਨੂੰ ਵੀ ਚੋਣ ਮੈਦਾਨ ’ਚ ਉਤਰਾਇਆ, ਪਰ ਸ਼ਨੀਵਾਰ ਗਿਣਤੀ ਸ਼ੁਰੂ ਹੁੰਦੇ ਹੀ ਭਾਜਪਾ ਦੇ ਸਾਰੇ ਦਾਅ ਚਿੱਤ ਹੋ ਗਏ। ਕਾਂਗਰਸ ਬਹੁਮਤ ਪ੍ਰਾਪਤ ਕਰਨ ’ਚ ਕਾਮਯਾਬ ਰਹੀ। 224 ਮੈਂਬਰੀ ਅਸੰਬਲੀ ’ਚ ਬਹੁਮਤ ਲਈ 113 ਦੇ ਅੰਕੜੇ ਦੀ ਜ਼ਰੂਰਤ ਸੀ, ਜਿਸ ਨੂੰ ਕਾਂਰਗਸ ਨੇ ਹਾਸਲ ਕਰ ਲਿਆ। ਭਾਜਪਾ ਨੇ ਕਰਨਾਟਕ ਚੋਣਾਂ ਲਈ ਸਾਲ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਹਿਜਾਬ ਵਿਵਾਦ ਦੀ ਸ਼ੁਰੂਆਤ ਕਰਨਾਟਕ ਤੋਂ ਹੋਈ ਸੀ। ਬਜਰੰਗ ਦਲ ਅਤੇ ਹੋਰ ਸੰਗਠਨਾਂ ਨੇ ਹਿਜਾਬ ਨੂੰ ਲੈ ਕੇ ਤਿੱਖੇ ਹਮਲੇ ਕੀਤੇ। ਉਸ ਤੋਂ ਬਾਅਦ ਇਹ ਦੁਨੀਆ ਭਰ ’ਚ ਫੈਲ ਗਿਆ। ਭਾਜਪਾ ਨੂੰ ਲੱਗਦਾ ਸੀ ਕਿ ਹਿਜਾਬ ਵਿਵਾਦ ਨਾਲ ਹਿੰਦੂ ਵੋਟਰਾਂ ਨੂੰ ਆਪਣੇ ਵੱਲ ਖਿੱਚ ਲਵਾਂਗੇ, ਪਰ ਇਸ ਤਰ੍ਹਾਂ ਹੋਇਆ ਨਹੀਂ। ਚੋਣਾਂ ਤੋਂ ਪਹਿਲਾਂ ਬਸਵਰਾਜ ਸਰਕਾਰ ਨੇ ਮੁਸਲਮਾਨਾਂ ਨੂੰ ਦਿੱਤੇ ਜਾ ਰਹੇ ਚਾਰ ਫੀਸਦੀ ਰਾਖਵਾਂਕਰਨ ਨੂੰ ਖ਼ਤਮ ਕਰਨ ਦਿੱਤਾ। ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ, ਪਰ ਨਤੀਜੇ ਦੇਖ ਨਹੀਂ ਲੱਗਦਾ ਕਿ ਭਾਜਪਾ ਦਾ ਦਾਅ ਉਸ ਦੇ ਕਿਸੇ ਵੀ ਕੰਮ ਆਇਆ। ਦੱਖਣ ਦੇ ਪੰਜ ਵੱਡੇ ਸੂਬੇ ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ ਅਤੇ ਕੇਰਲ ’ਚੋਂ ਸਿਰਫ਼ ਕਰਨਾਟਕ ਹੀ ਇਸ ਤਰ੍ਹਾਂ ਦਾ ਸੂਬਾ ਸੀ, ਜਿੱਥੇ ਭਾਜਪਾ ਦੀ ਸੱਤਾ ਸੀ। ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ ਅਤੇ ਕੇਰਲ ’ਚ ਭਾਜਪਾ ਮਜ਼ਬੂਤ ਨਹੀਂ ਹੈ। ਇਨ੍ਹਾਂ ਸੂਬਿਆਂ ’ਚ ਮਜ਼ਬੂਤ ਸਥਿਤੀ ਬਣਾਉਣ ਲਈ ਆਰ ਐੱਸ ਐੱਸ ਹੱਥ-ਪੈਰ ਮਾਰ ਰਿਹਾ ਹੈ, ਪਰ ਲੱਗਦਾ ਨਹੀਂ ਕਿ ਕੋਈ ਵੱਡੀ ਸਫ਼ਲਤਾ ਉਸ ਦੇ ਹੱਥ ਲੱਗੀ। ਚਾਰ ਸੂਬਿਆਂ ’ਚ ਭਾਜਪਾ ਚਾਹ ਕੇ ਵੀ ਮਜ਼ਬੂਤ ਟੀਮ ਨਹੀਂ ਬਣਾ ਸਕੀ। ਕਰਨਾਟਕ ਦੀ ਸੱਤਾ ਭਾਜਪਾ ਦੇ ਹੱਥੋਂ ਨਿਕਲ ਜਾਣ ਤੋਂ ਉਸ ਦੇ ਮਿਸ਼ਨ ਸਾਊਥ ਨੂੰ ਵੀ ਬਰੇਕਾਂ ਲੱਗ ਗਈਆਂ ਹਨ।