ਅਟਾਰੀ : ਭਾਰਤ-ਪਾਕਿਸਤਾਨ ਵਿਚਕਾਰ ਹੋਏ ਸਮਝੌਤਿਆਂ ਤਹਿਤ ਪਾਕਿਸਤਾਨ ਸਰਕਾਰ ਵੱਲੋਂ ਵੱਖ-ਵੱਖ ਜੇਲ੍ਹਾਂ ’ਚੋਂ 198 ਭਾਰਤੀ ਮਛੇਰੇ ਰਿਹਾਅ ਕੀਤੇ ਗਏ। ਦੇਰ ਰਾਤ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤੇ। ਵਾਹਗਾ-ਅਟਾਰੀ ਸਰਹੱਦ ਵਿਖੇ ਰੀਟਰੀਟ ਸੈਰੇਮਨੀ ਤੋਂ ਬਾਅਦ ਭਾਰਤੀ ਮਛੇਰਿਆਂ ਨੂੰ ਪਾਕਿਸਤਾਨ ਰੇਂਜਰਜ਼ ਅਧਿਕਾਰੀ ਵੱਲੋਂ ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਦੇ ਹਵਾਲੇ ਕੀਤਾ ਗਿਆ। ਜਾਣਕਾਰੀ ਅਨੁਸਾਰ ਭਾਰਤੀ ਮਛੇਰੇ ਕਰਾਚੀ ਸਥਿਤ ਮਲੀਰ ਤੇ ਲਾਂਡੀ ਜੇਲ੍ਹਾਂ ’ਚ ਪਿਛਲੇ 18 ਮਹੀਨਿਆਂ ਤੋਂ ਲੈ ਕੇ 30 ਮਹੀਨਿਆਂ ਤੋਂ ਬੰਦ ਸਨ, ਜੋ ਭਾਰਤ ਤੋਂ ਸਮੁੰਦਰ ਰਸਤੇ ਮੱਛੀਆਂ ਫੜਦੇ ਹੋਏ ਪਾਕਿਸਤਾਨੀ ਖੇਤਰ ਦੇ ਪਾਣੀਆਂ ’ਚ ਦਾਖਲ ਹੋਣ ਸਮੇਂ ਗਿ੍ਰਫ਼ਤਾਰ ਕੀਤੇ ਗਏ ਸਨ। ਅਟਾਰੀ ਸਰਹੱਦ ਵਿਖੇ ਭਾਰਤੀ ਮਛੇਰਿਆਂ ਦੀ ਕਸਟਮ ਵਿਭਾਗ ਦੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਅੰਮਿ੍ਰਤਸਰ ਦੇ ਅਧਿਕਾਰੀ ਦੇ ਹਵਾਲੇ ਕੀਤਾ ਗਿਆ।
ਉੜੀ ’ਚ ਅੱਤਵਾਦੀਆਂ ਦੀ ਘੁਸਪੈਠ ਨਾਕਾਮ
ਜੰਮੂ ਕਸ਼ਮੀਰ : ਸੁਰੱਖਿਆ ਬਲਾਂ ਨੇ ਸ਼ਨੀਵਾਰ ਜੰਮੂ-ਕਸ਼ਮੀਰ ਦੇ ਉੜੀ ਸੈਕਟਰ ’ਚ ਕੰਟਰੋਲ ਰੇਖਾ ’ਤੇ ਘੁਸਪੈਠ ਨੂੰ ਨਾਕਾਮ ਕਰ ਦਿੱਤਾ, ਪਰ ਇਸ ਗੋਲੀਬਾਰੀ ’ਚ ਥਲ ਸੈਨਾ ਦਾ ਜੇ ਸੀ ਓ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਅੱਤਵਾਦੀਆਂ ਨੇ ਸ਼ਨੀਵਾਰ ਤੜਕੇ ਬਾਰਾਮੂਲਾ ਦੇ ਉੜੀ ਸੈਕਟਰ ’ਚ ਘੁਸਪੈਠ ਦੀ ਕੋਸ਼ਿਸ਼ ਕੀਤੀ, ਪਰ ਚੌਕਸ ਜਵਾਨਾਂ ਨੇ ਉਨ੍ਹਾਂ ਨੂੰ ਨਾਕਾਮ ਕਰ ਦਿੱਤਾ।