ਬੈਲਗਰੇਡ : ਸਰਬੀਆ ਦੇ ਦਰਜਨਾਂ ਸਕੂਲਾਂ ਨੂੰ ਬੰਬਾਂ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਇਹ ਜਾਣਕਾਰੀ ਬੁੱਧਵਾਰ ਸਿੱਖਿਆ ਮੰਤਰਾਲੇ ਨੇ ਦਿੱਤੀ ਹੈ। ਮਈ ਮਹੀਨੇ ਦੇ ਸ਼ੁਰੂ ’ਚ ਗੋਲੀਬਾਰੀ ਦੀਆਂ ਦੋ ਘਟਨਾਵਾਂ ਵਾਪਰੀਆਂ ਸਨ, ਜਿਨ੍ਹਾਂ ਵਿੱਚੋਂ ਇਕ ਘਟਨਾ ਐਲੀਮੈਂਟਰੀ ਸਕੂਲ ’ਚ ਵਾਪਰੀ ਸੀ। ਸਿੱਖਿਆ ਮੰਤਰਾਲੇ ਅਨੁਸਾਰ ਬੈਲਗਰੇਡ ਦੇ 78 ਐਲੀਮੈਂਟਰੀ ਸਕੂਲਾਂ ਅਤੇ 37 ਹਾਈ ਸਕੂਲਾਂ ਨੂੰ ਈਮੇਲ ਰਾਹੀਂ ਧਮਕੀਆਂ ਮਿਲੀਆਂ ਕਿ ਸਕੂਲਾਂ ਨੂੰ ਉਡਾਉਣ ਲਈ ਧਮਾਕਾਖੇਜ ਸਮਗਰੀ ਪਲਾਂਟ ਕਰ ਦਿੱਤੀ ਗਈ ਹੈ। ਇਸ ਮਗਰੋਂ ਵਿਦਿਆਰਥੀਆਂ ਦੀਆਂ ਜਮਾਤਾਂ ਮੁਅੱਤਲ ਕਰ ਦਿੱਤੀਆਂ ਗਈਆਂ ਅਤੇ ਸਕੂਲੀ ਇਮਾਰਤਾਂ ਨੂੰ ਖਾਲੀ ਕਰਵਾ ਕੇ ਚੈਕਿੰਗ ਕੀਤੀ ਗਈ। ਫਿਲਹਾਲ ਪੁਲਸ ਨੂੰ ਕਿਸੇ ਵੀ ਇਮਾਰਤ ਵਿੱਚੋਂ ਧਮਾਕਾਖੇਜ ਸਮਗਰੀ ਨਹੀਂ ਮਿਲੀ, ਪਰ ਇਸ ਸੰਬੰਧੀ ਅੰਤਮ ਰਿਪੋਰਟ ਹਾਲੇ ਦਾਇਰ ਨਹੀਂ ਕੀਤੀ ਗਈ।