ਵਜ਼ਨ ਘਟਾਉਣ ਲਈ ਲੋਕ ਖਾਣ-ਪੀਣ ’ਤੇ ਕੰਟਰੋਲ ਕਰਨ ਤੋਂ ਇਲਾਵਾ ਜ਼ਿੰਮਾਂ ਵਿਚ ਘੰਟਿਆਂ-ਬੱਧੀ ਕਸਰਤ ਕਰਦੇ ਹਨ, ਖਾਣੇ ਵਿਚ ਇੱਕ-ਇੱਕ ਕੈਲੋਰੀ ਦੀ ਗਿਣਤੀ ਕਰਦੇ ਹਨ, ਫਿਰ ਵੀ ਮਨ ਚਾਹੀ ਬਾਡੀ ਨਹੀਂ ਮਿਲਦੀ ਤਾਂ ਡਾਈਟ ’ਚ ਆਰਟੀਫੀਸ਼ੀਅਲ ਸਵੀਟਨਰ (ਮਸਨੂਈ ਮਿਠਾਸ) ਦਾ ਇਸਤੇਮਾਲ ਵਧਾ ਦਿੰਦੇ ਹਨ। ਇਸ ਦੀ ਵਰਤੋਂ ਉਹ ਚਾਹ, ਕੌਫੀ ਤੇ ਡਿ੍ਰੰਕਸ ਵਿਚ ਕਰਦੇ ਹਨ। ਇਹ ਸਵੀਟਨਰ ਤੇਜ਼ੀ ਨਾਲ ਲੋਕਪਿ੍ਰਯ ਹੋ ਰਹੇ ਹਨ, ਖਾਸਕਰ ਉਨ੍ਹਾਂ ਲੋਕਾਂ ਵਿਚ, ਜਿਹੜੇ ਬਾਡੀ ’ਚ ਵਾਧੂ ਫੈਟ ਘਟਾਉਣੀ ਚਾਹੁੰਦੇ ਹਨ, ਪਰ ਸਵੀਟਨਰ ਦੀ ਵਰਤੋਂ ਕਿੰਨੀ ਖਤਰਨਾਕ ਹੈ, ਇਸ ਦਾ ਖੁਲਾਸਾ ‘ਵਿਸ਼ਵ ਸਿਹਤ ਜਥੇਬੰਦੀ’ ਨੇ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਇਹ ਸਰੀਰ ਵਿਚ ਜ਼ਹਿਰ ਦੀ ਤਰ੍ਹਾਂ ਅਸਰ ਕਰਦਾ ਹੈ। ਇਸ ਤੋਂ ਇਲਾਵਾ ਕਈ ਲਾਇਲਾਜ ਬਿਮਾਰੀਆਂ ਦਾ ਜੋਖਮ ਵਧਾ ਦਿੰਦਾ ਹੈ। ਇੱਕ ਵਿਗਿਆਨਕ ਸਮੀਖਿਆ ਵਿਚ ਪਤਾ ਲੱਗਾ ਹੈ ਕਿ ਇਸ ਤਰ੍ਹਾਂ ਦੀ ਮਿਠਾਸ ਦਾ ਸੇਵਨ ਟਾਈਪ-2 ਡਾਇਬਟੀਜ਼, ਦਿਲ ਦੇ ਰੋਗਾਂ ਤੇ ਮੌਤ ਦੇ ਜੋਖਮ ਨਾਲ ਜੁੜਿਆ ਹੋਇਆ ਹੈ। ਇਕ ਡੈਟੇ ਮੁਤਾਬਕ ਆਰਟੀਫੀਸ਼ੀਅਲ ਸਵੀਟਨਰ ਦੀ ਵਰਤੋਂ ਨਾਲ ਪਿਸ਼ਾਬ ਦੀ ਗੁਥਲੀ ਦੇ ਕੈਂਸਰ ਦਾ ਖਤਰਾ ਵਧਣ ਲਗਦਾ ਹੈ। ਗਰਭਵਤੀਆਂ ਵੱਲੋਂ ਇਸ ਦੀ ਵਰਤੋਂ ਨਾਲ ਬੱਚੇ ਦੇ ਸਮੇਂ ਤੋਂ ਪਹਿਲਾਂ ਜਨਮ ਲੈਣ ਦਾ ਖ਼ਤਰਾ ਵਧ ਸਕਦਾ ਹੈ। ਜਥੇਬੰਦੀ ਨੇ ਸਲਾਹ ਦਿੱਤੀ ਹੈ ਕਿ ਵਜ਼ਨ ਘੱਟ ਕਰਨ ਤੇ ਬਾਡੀ ਵਿਚ ਕੈਲੋਰੀ ਦੀ ਮਾਤਰਾ ਘੱਟ ਕਰਨ ਲਈ ਕੁਦਰਤੀ ਫਰੂਟ ਸਵੀਟਨਰ ਜ਼ਿਆਦਾ ਫਾਇਦੇਮੰਦ ਹੈ। ਡਾਇਬਟੀਜ਼ ਦੇ ਮਰੀਜ਼ਾਂ ਤੋਂ ਮੋਟਾਪੇ ਤੋਂ ਪ੍ਰੇਸ਼ਾਨ ਲੋਕਾਂ ਨੂੰ ਵਜ਼ਨ ਘਟਾਉਣ ਲਈ ਮਸਨੂਈ ਸਵੀਟਨਰਾਂ ਤੋਂ ਬਚਣਾ ਚਾਹੀਦਾ ਹੈ। ਜਥੇਬੰਦੀ ਨੇ ਸਾਵਧਾਨ ਕੀਤਾ ਹੈ ਕਿ ਮਸਨੂਈ ਸਵੀਟਨਰ ਦਾ ਮਤਲਬ ਇਹ ਨਹੀਂ ਕਿ ਇਸ ਵਿਚ ਸ਼ੂਗਰ ਨਹੀਂ ਹੁੰਦੀ। ਇਸ ਤੋਂ ਇਲਾਵਾ ਇਸ ਵਿਚ ਕੋਈ ਪੋਸ਼ਕ ਤੱਤ ਵੀ ਨਹੀਂ ਹੁੰਦਾ। ਜੇ ਲੋਕ ਸਿਹਤਮੰਦ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸ਼ੁਰੂਆਤ ਵਿਚ ਹੀ ਮਿੱਠੇ ਦਾ ਸੇਵਨ ਘੱਟ ਰੱਖਣਾ ਚਾਹੀਦਾ ਹੈ। ਜਥੇਬੰਦੀ ਮੁਤਾਬਕ ਡਾਇਬਿਟੀਜ਼ ਦੇ ਜਿਹੜੇ ਮਰੀਜ਼ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਸਵੀਟਨਰ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਸ਼ੂਗਰ ਕੰਟਰੋਲ ਕਰਨ ਦੇ ਕਿਸੇ ਹੋਰ ਵਿਕਲਪ ਨੂੰ ਚੁਣਨਾ ਚਾਹੀਦਾ ਹੈ। ਉਹ ਮਿੱਠੇ ਫਲ, ਬਿਨਾਂ ਖੰਡ ਵਾਲੀਆਂ ਮਠਿਆਈਆਂ ਤੇ ਤਰਲ ਪਦਾਰਥਾਂ ਦਾ ਸੇਵਨ ਕਰਨ। ਨੇਚਰ ਮੈਡੀਸਨ ਵਿਚ ਪ੍ਰਕਾਸ਼ਤ ਇਕ ਖੋਜ ਵਿਚ ਵੀ ਕਿਹਾ ਗਿਆ ਹੈ ਕਿ ਐਰੀਥਿ੍ਰਟੋਲ ਨਾਂਅ ਦਾ ਲੋਕਪਿ੍ਰਯ ਮਸਨੂਈ ਸਵੀਟਨਰ ਦਿਲ ਦੇ ਦੌਰੇ ਤੇ ਸਟਰੋਕ ਦਾ ਖ਼ਤਰਾ ਵਧਾਉਦਾ ਹੈ।