ਲਾਹੌਰ : ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੱਤਾਧਾਰੀ ਗਠਜੋੜ ’ਤੇ ਆਪਣੀ ਪਾਰਟੀ ਵਿਰੁੱਧ ਫੌਜ ਨੂੰ ਖੜ੍ਹਾ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਉਂਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਬੜੇ ਭਿਆਨਕ ਦੌਰ ਵੱਲ ਵਧ ਰਿਹਾ ਹੈ ਤੇ ਜੇ ਹਾਲਾਤ ਨਾ ਸੁਧਰੇ ਤਾਂ ਦੇਸ਼ ਦੇ ਟੁਕੜੇ ਹੋ ਜਾਣਗੇ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ ਟੀ ਆਈ) ਦੇ 70 ਸਾਲਾ ਚੇਅਰਮੈਨ ਨੇ ਆਪਣੇ ਜਮਾਨ ਪਾਰਕ ਸਥਿਤ ਘਰ ਤੋਂ ਵੀਡੀਓ ਲਿੰਕ ਸੰਬੋਧਨ ’ਚ ਕਿਹਾ ਕਿ ਸਿਆਸੀ ਅਸਥਿਰਤਾ ਨੂੰ ਖਤਮ ਕਰਨ ਦਾ ਇੱਕੋ-ਇੱਕ ਹੱਲ ਚੋਣਾਂ ਕਰਵਾਉਣਾ ਹੈ। ਅਜਿਹਾ ਨਾ ਹੋਣ ’ਤੇ ਪੂਰਬੀ ਪਾਕਿਸਤਾਨ ਵਰਗਾ ਹਾਲ ਹੋਵੇਗਾ। ਭਾਵ ਇਹ ਟੁੱਟ ਜਾਵੇਗਾ। ਇਮਰਾਨ ਨੇ ਕਿਹਾ-ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ ਡੀ ਐੱਮ) ਦੇ ਨੇਤਾਵਾਂ ਅਤੇ ਇੱਥੋਂ ਭੱਜ ਕੇ ਲੰਡਨ ਗਏ ਨਵਾਜ਼ ਸ਼ਰੀਫ ਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਹੈ ਕਿ ਦੇਸ਼ ਦੇ ਸੰਵਿਧਾਨ ਦੀ ਬੇਅਦਬੀ ਹੋ ਰਹੀ ਹੈ। ਸਰਕਾਰੀ ਸੰਸਥਾਵਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ ਜਾਂ ਪਾਕਿਸਤਾਨੀ ਫੌਜ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਲੁੱਟੀ ਗਈ ਦੌਲਤ ਨੂੰ ਬਚਾਉਣ ਲਈ ਉਹ ਆਪਣੇ ਸਵਾਰਥਾਂ ਲਈ ਕੰਮ ਕਰ ਰਹੇ ਹਨ।
ਇਸੇ ਦੌਰਾਨ ਪਾਕਿਸਤਾਨ ਦੀ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਇਮਰਾਨ ਖਾਨ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਤੁਹਾਡੇ ਫਾਸ਼ੀਵਾਦ, ਰਾਸ਼ਟਰ ਵਿਰੋਧੀ ਅਤੇ ਦੇਸ਼ ’ਤੇ ਹਮਲਿਆਂ ਨਾਲ ਨਜਿੱਠਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ, ਤਾਂ ਜੋ ਕੋਈ ਵੀ ਰਾਜਨੀਤੀ ਦੇ ਓਹਲੇ ’ਚ ਦੇਸ਼ ’ਤੇ ਹਮਲਾ ਨਾ ਕਰੇ।