ਨਵੀਂ ਦਿੱਲੀ : ਕੇਂਦਰ ਦੇ ਆਰਡੀਨੈਂਯ ਖਿਲਾਫ ਆਮ ਆਦਮੀ ਪਾਰਟੀ ਦੇਸ਼ ਭਰ ਦੇ ਵਿਰੋਧੀ ਦਲਾਂ ਨੂੰ ਇੱਕ ਮੰਚ ’ਤੇ ਲਿਆਉਣ ਦੀ ਕਵਾਇਦ ’ਚ ਲੱਗੀ ਹੈ। ਇਸ ਸਿਲਸਿਲੇ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੋਧੀ ਨੇਤਾਵਾਂ ਨਾਲ ਮੁਲਾਕਾਤ ਕਰ ਰਹੇ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਹੈਦਰਾਬਾਦ ’ਚ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨਾਲ ਮੁਲਾਕਾਤ ਕੀਤੀ। ਕੇਜਰੀਵਾਲ ਨੇ ਕੇਂਦਰ ਸਰਕਾਰ ਦੇ ਆਰਡੀਨੈਂਸ ਖਿਲਾਫ਼ ਰਾਜ ਸਭਾ ’ਚ ਵੋਟਿੰਗ ਕਰਨ ਦੀ ਮੰਗ ਕੀਤੀ। ਉਨ੍ਹਾ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਆਪ ਸਾਂਸਦ ਸੰਜੈ ਸਿੰਘ ਅਤੇ ਆਪ ਸਾਂਸਦ ਰਾਘਵ ਚੱਢਾ ਵੀ ਮੀਟਿੰਗ ’ਚ ਮੌਜੂਦ ਸਨ।
ਮੀਟਿੰਗ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾ ਦਾ ਕਹਿਣਾ ਹੈ ਕਿ ਉਹ ਦਿੱਲੀ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਆਪ ਦੇ ਨਾਲ ਹਨ। ਕੇਂਦਰ ਸਰਕਾਰ ਵੱਲੋਂ ਪਾਸ ਆਰਡੀਨੈਂਸ ਦੇਸ਼ ਦੇ ਜਨਤੰਤਰ ਅਤੇ ਸੰਵਿਧਾਨ ਖਿਲਾਫ਼ ਹੈ। ਇਸ ਮੌਕੇ ਕੇ ਸੀ ਆਰ ਨੇ ਵੀ ਕੇਂਦਰ ਸਰਕਾਰ ’ਤੇ ਜ਼ੋਰਦਾਰ ਹਮਲਾ ਕੀਤਾ।
ਕੇ ਚੰਦਰਸ਼ੇਖਰ ਰਾਓ ਨੇ ਕਿਹਾਅਸੀਂ ਪ੍ਰਧਾਨ ਮੰਤਰੀ ਤੋਂ ਮੰਗ ਕਰਦੇ ਹਾਂ ਕਿ ਉਹ ਆਰਡੀਨੈਂਸ ਵਾਪਸ ਲੈਣ, ਨਹੀਂ ਤਾਂ ਅਸੀਂ ਸਾਰੇ ਕੇਜਰੀਵਾਲ ਦਾ ਸਮਰਥਨ ਕਰਾਂਗੇ। ਅਸੀਂ ਉਨ੍ਹਾ ਦੇ ਨਾਲ ਖੜੇ ਰਹਾਂਗੇ। ਅਸੀਂ ਆਰਡੀਨੈਂਸ ਨੂੰ ਨਾਕਾਮ ਕਰਨ ਲਈ ਲੋਕ ਸਭਾ ਅਤੇ ਰਾਜ ਸਭਾ ’ਚ ਆਪਣੀ ਤਾਕਤ ਲਾ ਦਿਆਂਗੇ। ਕੇ ਸੀ ਆਰ ਨੇ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਸਰਕਾਰ ਨੂੰ ਕੰਮ ਕਰਨ ਦੇਵੇ। ਇਹ ਆਰਡੀਨੈਂਸ ਨਾ ਤਾਂ ਮੋਦੀ ਲਈ ਚੰਗਾ ਹੈ, ਨਾ ਹੀ ਲੋਕਤੰਤਰ ਲਈ। ਮੌਜੂਦਾ ਸਮਾਂ ਐਮਰਜੈਂਸੀ ਤੋਂ ਵੀ ਬਦਤਰ ਹੈ। ਤੁਸੀਂ ਲੋਕਾਂ ਵੱਲੋਂ ਚੁਣੀ ਸਰਕਾਰ ਨੂੰ ਕੰਮ ਨਹੀਂ ਕਰਨ ਦੇ ਰਹੇ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਸਰਕਾਰ ਇਲੈਕਟਿਡ ਹੈ, ਜਦਕਿ ਐੱਲ ਜੀ ਸਿਲੈਕਟਿਡ। ਲੋਕਤੰਤਰ ’ਚ ਚੁਣੀਆਂ ਹੋਈਆਂ ਸਰਕਾਰਾਂ ਫੈਸਲੇ ਲੈਂਦੀਆ ਹਨ। ਪੰਜਾਬ ’ਚ ਰਾਜਪਾਲ ਨੇ ਬਜਟ ਸੈਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਸੀ, ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਬਜਟ ਸੈਸ਼ਨ ਸ਼ੁਰੂ ਹੋਇਆ ਸੀ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਮਹਾਰਸ਼ਟਰ ’ਚ ਸ਼ਿਵ ਸੈਨਾ ਯੂ ਬੀ ਟੀ ਦੇ ਨੇਤਾ ਊਧਵ ਠਾਕਰੇ, ਰਾਕਾਂਪਾ ਨੇਤਾ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ ਸੀ। ਪਵਾਰ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਸੀ ਕਿ ਸ਼ਰਦ ਪਵਾਰ ਨੇ ਉਨ੍ਹਾ ਨੂੰ ਭਰੋਸਾ ਦਿੱਤਾ ਹੈ ਕਿ ਜਦ ਕੇਂਦਰ ਦਾ ਆਰਡੀਨੈਂਸ ਰਾਜ ਸਭਾ ’ਚ ਆਵੇਗਾ ਤਾਂ ਇਸ ਬਿੱਲ ਨੂੰ ਉਹ ਪਾਸ ਨਹੀਂ ਹੋਣ ਦੇਣਗੇ। ਇਹ ਦਿੱਲੀ ਦੀ ਲੜਾਈ ਨਹੀਂ, ਇਹ ਪੂਰੇ ਸੰਘੀ ਢਾਂਚੇ ਦੀ ਲੜਾਈ ਹੈ। ਕੇਜਰੀਵਾਲ ਨੂੰ ਮਮਤਾ ਤੋਂ ਵੀ ਸਮਰਥਨ ਪ੍ਰਾਪਤ ਹੈ। ਮਮਤਾ ਨੇ ਕਿਹਾ ਕਿ ਲੋਕਤੰਤਰ ਬਚਾਉਣ ਲਈ ਉਹ ਅਰਵਿੰਦ ਕੇਜਰੀਵਾਲ ਨਾਲ ਖੜੀ ਹੈ।