ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਦੇ ਵਿੱਤ, ਯੋਜਨਾਬੰਦੀ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਐਤਵਾਰ ਦੱਸਿਆ ਕਿ ਆਬਕਾਰੀ ਵਿਭਾਗ ਵੱਲੋਂ ਬੀਤੀ ਰਾਤ (ਸ਼ਨੀਵਾਰ) ਨੂੰ ਸੂਬੇ ਭਰ ਵਿੱਚ ਸ਼ਰਾਬ ਦੇ ਬਾਰਾਂ ਦੀ ਚੈਕਿੰਗ ਅਤੇ ਨਿਗਰਾਨੀ ਲਈ ‘ਨਾਈਟ ਸਵੀਪ’ ਨਾਮੀ ਵਿਆਪਕ ਅਪ੍ਰੇਸ਼ਨ ਚਲਾਇਆ। ਉਨ੍ਹਾ ਦੱਸਿਆ ਕਿ ਇਸ ਮੁਹਿੰਮ ਦੌਰਾਨ ਟੀਮਾਂ ਵੱਲੋਂ ਰਾਤ ਸਮੇਂ ਮੋਹਾਲੀ, ਜਲੰਧਰ ਅਤੇ ਅੰਮਿ੍ਰਤਸਰ ਖੇਤਰ ਦੇ ਬਾਰਾਂ, ਪੱਬਾਂ ਅਤੇ ਰੈਸਟੋਰੈਂਟਾਂ ਵੱਲੋਂ ਵੱਖ-ਵੱਖ ਕਾਨੂੰਨਾਂ ਦੀ ਪਾਲਣਾ ਸੰਬੰਧੀ ਜਾਂਚ ਵੀ ਕੀਤੀ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਮੌਕੇ ‘ਤੇ ਹੀ ਕਾਨੂੰਨ ਦੀਆਂ ਧਾਰਾਵਾਂ ਅਨੁਸਾਰ ਕਾਰਵਾਈ ਕੀਤੀ ਗਈ।
ਚੀਮਾ ਨੇ ਦੱਸਿਆ ਕਿ ਬਾਰਾਂ, ਪੱਬਾਂ ਅਤੇ ਰੈਸਟੋਰੈਂਟਾਂ ਵਿੱਚ ‘ਹੁੱਕਾ’ ਪੀਣ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਇਹ ਵਿਸ਼ੇਸ਼ ਅਪ੍ਰੇਸ਼ਨ ਚਲਾਇਆ ਗਿਆ। ਉਨ੍ਹਾ ਦੱਸਿਆ ਕਿ ਵਿੱਤ ਕਮਿਸ਼ਨਰ ਕਰ ਵਿਕਾਸ ਪ੍ਰਤਾਪ ਅਤੇ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਦੀ ਨਿਗਰਾਨੀ ਹੇਠ ਬੀਤੀ ਰਾਤ 13 ਤੋਂ ਵੱਧ ਟੀਮਾਂ ਵੱਲੋਂ ਚੈਕਿੰਗ ਕੀਤੀ ਗਈ।
ਇਸ ਮੁਹਿੰਮ ਸੰਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਅਤੇ ਕਰ ਮੰਤਰੀ ਨੇ ਦੱਸਿਆ ਕਿ ਐੱਸ ਏ ਐੱਸ ਨਗਰ (ਮੁਹਾਲੀ) ਜ਼ਿਲ੍ਹੇ ਦੇ ਨਯਾਗਾਓਂ ਖੇਤਰ ਵਿੱਚ ‘ਆਈ ਲਵ ਹੌਟ ਸ਼ਾਟ’ ਨਾਮੀ ਇੱਕ ਰੈਸਟੋਰੈਂਟ ਵੱਲੋਂ ਆਪਣੇ ਗਾਹਕਾਂ ਨੂੰ ਸਿਰਫ਼ ਚੰਡੀਗੜ੍ਹ ਖੇਤਰ ਵਿੱਚ ਵੇਚੀ ਜਾ ਸਕਣ ਵਾਲੀ ਬੀਅਰ ਦੇ ਨਾਲ ‘ਹੁੱਕਾ’ ਪੀਣ ਨੂੰ ਦਿੱਤਾ ਜਾ ਰਿਹਾ ਸੀ, ਜਿਸ ਨਾਲ ਉਹ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਦੀ ਉਲੰਘਣਾ ਕਰ ਰਹੇ ਸਨ। ਰੈਸਟੋਰੈਂਟ ਦੀ ਤਲਾਸ਼ੀ ਦੌਰਾਨ 20 ਹੁੱਕੇ, ਬੀਅਰ ਦੀਆਂ 07 ਬੋਤਲਾਂ, ਤੰਬਾਕੂ ਦੇ ਵੱਖ-ਵੱਖ ਫਲੇਵਰ ਅਤੇ ਚਾਰਕੋਲ ਜ਼ਬਤ ਕੀਤਾ ਗਿਆ। ਇਸ ਮਾਮਲੇ ਵਿੱਚ ਰੈਸਟੋਰੈਂਟ ਦੇ ਮਾਲਕਾਂ ਵਿਰੁੱਧ ਪੰਜਾਬ ਐਕਸਾਈਜ਼ ਐਕਟ 1914, ਸਿਗਰੇਟ ਐਂਡ ਅਦਰ ਤੰਬਾਕੂ ਪ੍ਰੋਡਕਟ ਐਕਟ 2003, ਪੋਆਈਜ਼ਨ ਐਕਟ 1919 ਅਤੇ ਭਾਰਤੀ ਦੰਡਾਵਲੀ 1860 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਨਯਾਗਾਓਂ, ਮੋਹਾਲੀ ਵਿਖੇ ਐੱਫ ਆਈ ਆਰ ਨੰਬਰ 40 ਮਿਤੀ 28.05.2023 ਦਰਜ ਕੀਤੀ ਗਈ। ਇਸ ਤੋਂ ਇਲਾਵਾ ਬੈਸਟੇਕ ਮਾਲ, ਸੈਕਟਰ 66 ਮੋਹਾਲੀ ਵਿੱਚ ‘ਬੁਰਜ’ (ਡਬਲਯੂ ਵ੍ਹਾਈਟ ਹਾਸਪਿਟੈਲਿਟੀ), ‘ਸਕੱਲ’ (ਫਰੈਡਜ਼ ਹਾਸਪਿਟੈਲਿਟੀ) ਅਤੇ ‘ਮਾਸਕ ਲੌਂਜ ਐਂਡ ਬਾਰ’ ਨਾਮੀ ਤਿੰਨ ਬਾਰ ਨਿਰਧਾਰਤ ਸਮੇਂ ਤੋਂ ਬਾਅਦ ਵੀ ਖੁੱਲ੍ਹੇ ਪਾਏ ਗਏ। ਨਤੀਜੇ ਵਜੋਂ ਇਨ੍ਹਾਂ ਬਾਰਾਂ ਵਿਰੁੱਧ ਪੰਜਾਬ ਆਬਕਾਰੀ ਐਕਟ 1914 ਅਤੇ ਪੰਜਾਬ ਲਿਕਰ ਲਾਇਸੈਂਸ ਰੂਲਜ਼ 1956 ਦੀਆਂ ਸੰਬੰਧਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ।
ਅੰਮਿ੍ਰਤਸਰ ਵਿੱਚ ‘ਪੈਡਲਰਜ਼ ਬਾਰ’ ਨਾਮੀ ਬਾਰ ਨਿਰਧਾਰਤ ਸਮੇਂ ਤੋਂ ਬਾਅਦ ਵੀ ਖੁੱਲ੍ਹਾ ਸੀ ਅਤੇ 25 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਵੀ ਸ਼ਰਾਬ ਪਰੋਸ ਰਿਹਾ ਸੀ। ਬਾਰ ਦੀ ਤਲਾਸ਼ੀ ਦੌਰਾਨ 17 ਬੋਤਲਾਂ ਬਿਨਾਂ ਡਿਊਟੀ ਵਾਲੀ ਸ਼ਰਾਬ ਅਤੇ ਮਿਆਦ ਪੁੱਗ ਚੁੱਕੀ ਬੀਅਰ ਦੀਆਂ 05 ਬੋਤਲਾਂ ਵੀ ਬਰਾਮਦ ਹੋਈਆਂ, ਜਿਨ੍ਹਾਂ ਨੂੰ ਮੌਕੇ ’ਤੇ ਜ਼ਬਤ ਕਰ ਲਿਆ ਗਿਆ। ਉਨ੍ਹਾ ਦੱਸਿਆ ਕਿ ਇਸੇ ਤਰ੍ਹਾਂ ਜਲੰਧਰ ਵਿੱਚ ‘ਪੈਡਲਰਜ਼’ ਨਾਮੀ ਬਾਰ ਨਿਰਧਾਰਤ ਸਮਾਂ-ਸੀਮਾਂ ਤੋਂ ਬਾਅਦ ਵੀ ਖੁੱਲ੍ਹਾ ਸੀ। ਬਾਰ ਦੀ ਤਲਾਸ਼ੀ ਦੌਰਾਨ ਮਿਆਦ ਪੁਗ ਚੁੱਕੀ ਬੀਅਰ ਦੀਆਂ 03 ਬੋਤਲਾਂ ਵੀ ਬਰਾਮਦ ਹੋਈਆਂ, ਜਿਨ੍ਹਾਂ ਨੂੰ ਮੌਕੇ ’ਤੇ ਜ਼ਬਤ ਕਰ ਲਿਆ ਗਿਆ। ਇਹਨਾਂ ਉਲੰਘਣਾਵਾਂ ਨੂੰ ਵੇਖਦਿਆਂ ਬਾਰ ਦੇ ਖਿਲਾਫ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਤਹਿਤ ਸਖ਼ਤ ਕਾਰਵਾਈ ਆਰੰਭੀ ਗਈ।