ਨਵੀਂ ਦਿੱਲੀ : 20 ਆਪੋਜ਼ੀਸ਼ਨ ਪਾਰਟੀਆਂ ਦੇ ਬਾਈਕਾਟ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨ ਐਤਵਾਰ ਸਵੇਰੇ ਸਾਢੇ 7 ਵਜੇ ਧੋਤੀ-ਕੁਰਤੇ ਵਿਚ ਪੁੱਜੇ।
ਹਵਨ ਪੂਜਨ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਸੇਂਗੋਲ ਨੂੰ ਸਾਸ਼ਟਾਂਗ ਪ੍ਰਣਾਮ ਕੀਤਾ। ਮਹਾਤਮਾ ਗਾਂਧੀ ਨੂੰ ਨਮਨ ਕੀਤਾ ਤੇ ਸਾਵਰਕਰ ਦੇ ਚਿੱਤਰ ’ਤੇ ਫੁੱਲ ਚੜ੍ਹਾਏ। ਸੇਂਗੋਲ ਨੂੰ ਸਾਸ਼ਟਾਂਗ ਪ੍ਰਣਾਮ ਕੀਤਾ, ਫਿਰ ਤਾਮਿਲਨਾਡੂ ਤੋਂ ਸੰਤਾਂ ਨੇ ਇਸ ਨੂੰ ਮੋਦੀ ਨੂੰ ਸੌਂਪਿਆ। ਇਸ ਦੇ ਬਾਅਦ ਮੋਦੀ ਨੇ ਸੇਂਗੋਲ ਨੂੰ ਸਪੀਕਰ ਦੀ ਕੁਰਸੀ ਦੇ ਨਾਲ ਸਥਾਪਤ ਕੀਤਾ।
ਉਦਘਾਟਨੀ ਸਮਾਗਮ ਵਿਚ ਮੌਜੂਦ ਸਾਂਸਦਾਂ ਤੇ ਪ੍ਰਾਹੁਣਿਆਂ ਨੂੰ ਸੇਂਗੋਲ ’ਤੇ ਬਣੀ ਫਿਲਮ ਦਿਖਾਈ ਗਈ। ਮੋਦੀ ਨੇ ਕਿਹਾ ਕਿ ਮਹਾਨ ਚੋਲ ਸਾਮਰਾਜ ਵਿਚ ਸੇਂਗੋਲ ਨੂੰ ਕਰਤੱਵ ਪੱਥ ਦਾ, ਸੇਵਾ ਪੱਥ ਦਾ ਤੇ ਰਾਸ਼ਟਰ ਪੱਥ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਇਹ ਸੁਭਾਗ ਹੈ ਕਿ ਪਵਿੱਤਰ ਸੇਂਗੋਲ ਨੂੰ ਉਹ ਉਸ ਦੀ ਸ਼ਾਨ ਪਰਤਾ ਸਕੇ ਹਨ। ਜਦੋਂ ਵੀ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ, ਇਹ ਸੇਂਗੋਲ ਸਾਰਿਆਂ ਨੂੰ ਪ੍ਰੇਰਨਾ ਦਿੰਦਾ ਰਹੇਗਾ।
ਸ਼ਾਹਰੁਖ ਖਾਨ ਨੇ ਹਿੰਦੀ ਤੇ ਅੰਗਰੇਜ਼ੀ ਵਿਚ ਜਾਰੀ ਕੀਤੀ ਇਕ ਵੀਡੀਓ ’ਚ ਨਵੇਂ ਸੰਸਦ ਭਵਨ ਦੀ ਖੂਬਸੂਰਤੀ ਬਿਆਨੀ ਹੈ। ਉਸ ਨੇ ਕਿਹਾ ਕਿ ਨਵਾਂ ਸੰਸਦ ਭਵਨ ਲੋਕਤੰਤਰੀ ਤਾਕਤ ਅਤੇ ਤਰੱਕੀ ਦਾ ਪ੍ਰਤੀਕ ਹੈ। ਇਹ ਪਰੰਪਰਾ ਨੂੰ ਆਧੁਨਿਕਤਾ ਨਾਲ ਮਿਲਾਉਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪੋਸਟ ’ਤੇ ਪ੍ਰਤੀਕਿਰਿਆ ਦਿੱਤੀ। ਇਸ ਤੋਂ ਪਹਿਲਾਂ ਸ਼ਾਹਰੁਖ ਨੇ ਟਵੀਟ ਕੀਤਾਉਨ੍ਹਾਂ ਲੋਕਾਂ ਲਈ ਕਿੰਨਾ ਸ਼ਾਨਦਾਰ ਨਵਾਂ ਘਰ ਹੈ, ਜੋ ਸਾਡੇ ਸੰਵਿਧਾਨ ਨੂੰ ਕਾਇਮ ਰੱਖਦੇ ਹਨ, ਇਸ ਮਹਾਨ ਰਾਸ਼ਟਰ ਦੇ ਹਰ ਨਾਗਰਿਕ ਦੀ ਨੁਮਾਇੰਦਗੀ ਕਰਦੇ ਹਨ ਅਤੇ ਆਪਣੇ ਲੋਕਾਂ ਦੀ ਵਿਭਿੰਨਤਾ ਦੀ ਰੱਖਿਆ ਕਰਦੇ ਹਨ।