ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਬਿਆਨ ’ਚ ਕਿਹਾ ਹੈ ਕਿ ਅਜ਼ਾਦੀ ਸੰਗਰਾਮ ਦੇ ਮਹਾਨ ਸੰਗਰਾਮੀਆਂ, ਗ਼ਦਰੀ, ਕੂਕੇ, ਬੱਬਰ, ਕਿਰਤੀ, ਨੌਜਵਾਨ ਭਾਰਤ ਸਭਾ, ਅਜ਼ਾਦ ਹਿੰਦ ਫੌਜ ਅਤੇ ਛਾਉਣੀਆਂ ’ਚ ਬਗ਼ਾਵਤਾਂ ਕਰਨ ਵਾਲੇ ਫੌਜੀਆਂ ਨੇ ਅਥਾਹ ਕੁਰਬਾਨੀਆਂ ਕਰਕੇ ਜੋ ਅਜ਼ਾਦ, ਜਮਹੂਰੀ, ਸਿਹਤਮੰਦ ਕਦਰਾਂ ਕੀਮਤਾਂ ਭਰੇ ਸੱਭਿਆਚਾਰਕ ਮਾਹੌਲ ਦੀ ਸਿਰਜਣਾ ਕਰਨ ਦਾ ਸੁਪਨਾ ਲਿਆ ਸੀ, ਅੱਜ ਕੇਂਦਰੀ ਭਾਜਪਾ ਹਕੂਮਤ ਨੇ ਕੌਮਾਂਤਰੀ ਖਿਡਾਰੀਆਂ ਦੀ ਅਵਾਜ਼ ਬੰਦ ਕਰਨ ਲਈ ਕੋਝੇ ਹੱਥ ਕੰਡੇ ਅਤੇ ਜਾਬਰਾਨਾ ਕਦਮ ਚੁੱਕ ਕੇ ਉਨ੍ਹਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੀ ਨੰਗੀ ਚਿੱਟੀ ਤੌਹੀਨ ਕਰਨ ਦਾ ਬੇਸ਼ਰਮੀ ਭਰਿਆ ਰਾਹ ਫੜ ਰੱਖਿਆ ਹੈ। ਉਨ੍ਹਾਂ ਕਿਹਾ ਕਿ ਪੁਰਅਮਨ ਖਿਡਾਰੀਆਂ ਉਪਰ ਹੱਲਾ ਬੋਲ ਕੇ ਉਨ੍ਹਾਂ ਦੀ ਖਿੱਚ ਧੂਹ ਕਰਨ, ਝੂਠੇ ਕੇਸ ਮੜ੍ਹਨ ਅਤੇ ਧਰਨਾ ਉਖਾੜਨ ਦਾ ਧੱਕੜ ਕਦਮ ਚੁੱਕਿਆ ਹੈ ਅਤੇ ਦੂਜੇ ਪਾਸੇ ਭਾਜਪਾ ਹਕੂਮਤ ਆਪਣੇ ਸਾਂਸਦ ਬਿ੍ਰਜ ਭੂਸ਼ਣ ਸ਼ਰਨ ਸਿੰਘ ਦੀ ਪਿੱਠ ਥਾਪੜ ਕੇ ਪੁਸ਼ਤ ਪਨਾਹੀ ਕਰ ਰਹੀ ਹੈ। ਪ੍ਰੈਸ ਨੋਟ ’ਚ ਕਿਹਾ ਹੈ ਕਿ ਕੌਮਾਂਤਰੀ ਪੱਧਰ ਦੀਆਂ ਨਾਮਵਰ ਮਹਿਲਾ ਭਲਵਾਨ ਸਿਰਫ਼ ਆਪਣੀ ਅਣਖ ਇੱਜ਼ਤ ਦੀ ਹੀ ਲੜਾਈ ਨਹੀਂ ਲੜ ਰਹੀਆਂ ਸਗੋਂ ਪੂਰੇ ਮੁਲਕ ਦੀ ਆਬਰੂ ਲਈ ਜੱਦੋ ਜਹਿਦ ਕਰ ਰਹੀਆਂ ਹਨ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਮੰਗ ਕੀਤੀ ਹੈ ਕਿ ਭਲਵਾਲਾਂ ’ਤੇ ਮੜ੍ਹੇ ਝੂਠੇ ਕੇਸ ਵਾਪਸ ਲਏ ਜਾਣ, ਉਨ੍ਹਾਂ ਨੂੰ ਜੰਤਰ ਮੰਤਰ ’ਤੇ ਪੁਰਅਮਨ ਧਰਨਾ ਲਾਉਣ ਦਿੱਤਾ ਜਾਵੇ। ਭਾਜਪਾ ਸਾਂਸਦ ਬਿ੍ਰਜ ਭੂਸ਼ਣ ਸ਼ਰਨ ’ਤੇ ਹੁਣ ਜਦੋਂ ਕਿ ਐਫ਼ ਆਈ ਆਰ ਦਰਜ ਹੋ ਚੁੱਕੀ ਹੈ, ਤਾਂ ਉਸ ਨੂੰ ਬਿਨਾਂ ਕਿਸੇ ਦੇਰੀ ਦੇ ਗਿ੍ਰਫ਼ਤਾਰ ਕਰਕੇ ਸਾਰੇ ਅਹੁਦਿਆਂ ਤੋਂ ਬਰਖ਼ਾਸਤ ਕੀਤਾ ਜਾਏ। ਕਮੇਟੀ ਨੇ ਮੁਲਕ ਦੀਆਂ ਸਮੂਹ ਦੇਸ਼ ਭਗਤ, ਇਨਸਾਫ਼ ਪਸੰਦ ਅਤੇ ਜਮਹੂਰੀ ਸ਼ਕਤੀਆਂ ਨੂੰ ਇਕਜੁੱਟ ਹੋ ਕੇ ਮਹਿਲਾ ਭਲਵਾਨਾਂ ਦੇ ਹੱਕੀ ਸੰਗਰਾਮ ਲਈ ਸਾਂਝੀ ਅਵਾਜ਼ ਬੁਲੰਦ ਕਰਨ ਲਈ ਬੇਖੌਫ਼ ਹੋ ਕੇ ਅੱਗੇ ਆਉਣ ਦੀ ਜ਼ੋਰਦਾਰ ਅਪੀਲ ਕੀਤੀ ਹੈ।




