24.3 C
Jalandhar
Thursday, March 28, 2024
spot_img

ਖਰਬੂਜ਼ੇ ਦੀ ਮਹਿਕ ਹਿਮਾਚਲ ਤੇ ਹਰਿਆਣਾ ਹੁੰਦੀ ਹੋਈ ਹੈਦਰਾਬਾਦ ਪਹੁੰਚੀ

ਸ਼ਾਹਕੋਟ (ਗਿਆਨ ਸੈਦਪੁਰੀ)
ਖਰਬੂਜ਼ੇ/ਹਦਵਾਣੇ ਲਈ ਮਾਰਕੀਟ ਕਮੇਟੀ ਸ਼ਾਹਕੋਟ ਅਧੀਨ ਆਉਂਦੀ ਰੂਪੇਵਾਲ ਮੰਡੀ ਮੁਲਕ ਭਰ ਵਿੱਚ ਮਸ਼ਹੂਰ ਹੈ। ਮਈ-ਜੂਨ ਮਹੀਨਿਆਂ ਦੇ 40-45 ਦਿਨ ਚੱਲਣ ਵਾਲੀ ਖਰਬੂਜ਼ਾ ਮੰਡੀ ਦੀ ਅੱਜ ਤੱਕ ਦੀ ਰਿਪੋਰਟ ਅਨੁਸਾਰ ਬਹੁਤ ਸਾਰੇ ਕਾਰਨਾਂ ਕਰਕੇ ਪਿਛਲੇ ਸਾਲ ਦੇ ਮੁਕਾਬਲੇ ਖਰੀਦ/ ਵੇਚ ਦੇ ਮਾਮਲੇ ਵਿੱਚ ਇਸ ਵਾਰ ਮੰਦਵਾੜਾ ਨਜ਼ਰ ਆਇਆ ਹੈ। ਸੀਜ਼ਨ ਦੌਰਾਨ ਮੌਸਮ ਦੇ ਮਿਜ਼ਾਜ ਦਾ ਪ੍ਰਤੀਕੂਲ ਹੋਣਾ, ਉੱਲੀ ਰੋਗ ਦੀ ਮਾਰ ਅਤੇ ਬੀਜਾਂਦ ਵਿੱਚ ਕਮੀ ਆਉਣ ਦੇ ਬਾਵਜੂਦ ਇਸ ਖੇਤਰ ਵਿੱਚ ਪੈਦਾ ਹੋਣ ਵਾਲੇ ਮਤੀਰੇ ਅਤੇ ਖਰਬੂਜ਼ੇ ਦੀ ਮਹਿਕ ਤੇ ਮਿਠਾਸ ਉੱਤਰੀ ਭਾਰਤ ਦੇ ਹਿਮਾਚਲ ਪ੍ਰਦੇਸ਼ ਤੋਂ ਲੈ ਕੇ ਹਰਿਆਣਾ ਹੁੰਦੀ ਹੋਈ ਦੱਖਣ ਦੇ ਸ਼ਹਿਰ ਹੈਦਰਾਬਾਦ ਤੱਕ ਪਹੁੰਚੀ।
‘ਕੁਝ ਫੁੱਲਾਂ ਦੀ ਪਛਾਣ ਮਹਿਕ ਹੁੰਦੀ ਹੈ ਤੇ ਕੁਝ ਦੀ ਰੰਗ’, ਫੁੱਲਾਂ ਦੇ ਹਵਾਲੇ ਨਾਲ ਖਰਬੂਜ਼ੇ ਦੀ ਮਿਠਾਸ ਅਤੇ ਮਹਿਕ ਬਾਰੇ ਖਰਬੂਜ਼ਾ ਵਪਾਰੀ ਜੁਗਿੰਦਰ ਸਿੰਘ ਜਗਰਾਲ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾ ਦਿਲਚਸਪ ਜਵਾਬ ਦਿੱਤਾ। ਉਨ੍ਹਾ ਦੋ ਥਾਵਾਂ ’ਤੇ ਪਏ ਖਰਬੂੁਜ਼ਿਆਂ ਵਿੱਚੋਂ ਦੋ ਖਰਬੂਜ਼ੇ ਇਸ ਪੱਤਰਕਾਰ ਨੂੰ ਦਿਖਾਉਂਦਿਆਂ ਦੱਸਿਆ ਕਿ ਇਹ ਅਕਾਰ ਅਤੇ ਰੰਗ ਵਿੱਚ ਲਗਭਗ ਇੱਕੋ ਜਿਹੇ ਨਜ਼ਰ ਆਉਦੇ ਹਨ, ਪਰ ਇਨ੍ਹਾਂ ਵਿਚਲੇ ਫਰਕ ਨੂੰ ਪਾਰਖੂ ਜਾਣਦੇ ਹਨ। ਇਸ ਵਪਾਰੀ ਨੇ ਦੱਸਿਆ ਕਿ ਉਸ ਦੇ ਇੱਕ ਹੱਥ ਵਿੱਚ ਸਮਰਾਟ ਕਿਸਮ ਦਾ ਖਰਬੂਜ਼ਾ ਹੈ ਤੇ ਦੂਸਰੇ ਵਿੱਚ ਗੋਲਡਨ ਗਲੋਰੀ। ਸਮਰਾਟ ਮੁਕਾਬਲਤਨ ਨਿੱਗਰ ਵੀ ਹੈ ਤੇ ਮਿੱਠਾ ਵੀ, ਪਰ ਇਸ ਦੀ ਖੁਸ਼ਬੂ ਕੋਈ ਨਹੀਂ। ਗੋਲਡਨ ਗਲੋਰੀ ਪਹਿਲੇ ਦੇ ਮੁਕਾਬਲੇ ਮਿੱਠਾ ਘੱਟ ਹੈ, ਪਰ ਇਸ ਦੀ ਖੁਸ਼ਬੂ ਆਲਾ-ਦੁਆਲਾ ਸੁਗੰਧਤ ਕਰ ਦਿੰਦੀ ਹੈ। ਕਿਸਮਾਂ ਦੇ ਸੰਬੰਧ ਵਿੱਚ ਉਸ ਨੇ ਹੋਰ ਦੱਸਿਆ ਕਿ ਮਾਰਕਿਟ ਵਿੱਚ ਵਿਕਣ ਆਏ ਖਰਬੂਜ਼ੇ ਵਿੱਚ ਮਿੱਠਾ ਤਾਂ ਵੱਧ ਮਧੂ ਹੈ, ਪਰ ਗਾਹਕ ਗੋਲਡਨ ਗਲੋਰੀ ਨੂੰ ਜ਼ਿਆਦਾ ਪਸੰਦ ਕਰਦੇ ਹਨ। ਜਗਰਾਲ ਨੇ ਦੱਸਿਆ ਕਿ ਰਾਜਸਥਾਨ, ਪੱਛਮੀ ਬੰਗਾਲ ਅਤੇ ਦੱਖਣ ਭਾਰਤ ਦੇ ਤਿਲੰਗਾਨਾ ਤੱਕ ਖਰਬੂਜ਼ੇ ਦੀ ਸਪਲਾਈ ਕਰਦੇ ਹਨ। ਉਸ ਨੇ ਇਹ ਵੀ ਦੱਸਿਆ ਕਿ ਖਰਬੂਜ਼ਾ ਮੰਡੀ ਅਜੇ ਹੋਰ 20 ਦਿਨ ਚੱਲ ਸਕਦੀ ਹੈ, ਜੇਕਰ ਮੌਸਮ ਦੀ ਮਾਰ ਨਾ ਪਵੇ। ਮਾਰਕੀਟ ਕਮੇਟੀ ਸ਼ਾਹਕੋਟ ਦੇ ਸਕੱਤਰ ਤਜਿੰਦਰ ਕੁਮਾਰ ਨੇ ਖਰਬੂਜ਼ੇ ਦੀ ਮੰਡੀਕਰਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਰਬੂਜ਼ੇ/ ਹਦਵਾਣੇ ਦੀ ਬੋਲੀ ਪਿਛਲੇ ਸਾਲ 6 ਮਈ ਤੋਂ ਸ਼ੁਰੂ ਹੋ ਗਈ ਸੀ, ਪਰ ਇਸ ਵਾਰ 10 ਮਈ ਨੂੰ ਪਹਿਲੀ ਬੋਲੀ ਹੋਈ ਸੀ। ਉਨ੍ਹਾ ਦੱਸਿਆ ਕਿ ਇਸ ਵਾਰ ਇਸ ਖੇਤਰ ਵਿੱਚ ਮੱਕੀ ਦੀ ਬੀਜਾਂਦ ਹੇਠ ਰਕਬਾ ਵਧਣ ਕਾਰਨ ਖਰਬੂਜ਼ੇ ਹੇਠਲਾ ਰਕਬਾ ਘਟਿਆ ਹੈ। ਅਗੇਤੀ ਫਸਲ ਨੂੰ ਬਿਮਾਰੀ ਪੈ ਜਾਣ ਕਾਰਨ ਖਰਬੂਜ਼ੇ ਦੀ ਫਸਲ ਦੀ ਪੈਦਾਵਾਰ ’ਤੇ ਵੀ ਨਾਂਹ-ਪੱਖੀ ਅਸਰ ਪਿਆ ਹੈ। ਸਕੱਤਰ ਨੇ ਦੱਸਿਆ ਕਿ ਫੀਸ ਦੀ ਵਸੂਲੀ ਲਈ ਉਪਰਾਲੇ ਵਧਾਏ ਹਨ। ਸਾਨੂੰ ਉਮੀਦ ਹੈ ਕਿ ਮਾਰਕੀਟ ਫੀਸ ਦਾ ਟਾਰਗੈਟ ਹਾਸਲ ਕਰ ਲਵਾਂਗੇ। ਉਨ੍ਹਾਂ ਸਟਾਫ ਦੀ ਕਮੀ ਦੀ ਵੀ ਗੱਲ ਕੀਤੀ।
ਪਿਛਲੇ ਕਈ ਸਾਲਾਂ ਤੋਂ ਉੱਤਰ ਪ੍ਰਦੇਸ ਤੋਂ ਇੱਥੇ ਆ ਕੇ ਖਰਬੂਜ਼ੇ ਦਾ ਵਪਾਰ ਕਰਨ ਵਾਲੇ ਮੁਹੰਮਦ ਮੌਸਮ ਅਤੇ ਮੁਜੀਬ ਮੁੱਲਾ ਨੇ ਦੱਸਿਆ ਕਿ ਰੂਪੇਵਾਲ ਖੇਤਰ ਵਿੱਚ ਖਰਬੂਜ਼ੇ ’ਤੇ ਮੌਸਮ ਦੀ ਮਾਰ ਕਰਨ ਮੰਗ ਮੁਤਾਬਕ ਖਰਬੂਜ਼ਾ ਉਪਲੱਬਧ ਨਹੀ ਹੋ ਸਕਿਆ। ਉਨ੍ਹਾਂ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਖੇਤਰ ਵਿੱਚ ਖਰਬੂਜ਼ੇ ਦੀ ਪਛੇਤੀ ਬਿਜਾਈ ਕਾਫੀ ਹੈ। ਸੁਲਤਾਨਪੁਰ ਲੋਧੀ ਏਰੀਏ ਦੀ ਤਾਸਪੁਰ ਲੱਗਦੀ ਖਰਬੂਜ਼ਾ ਮੰਡੀ ਤੋਂ ਮੰਗ ਦੀ ਪੂਰਤੀ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਵਪਾਰੀਆਂ ਨੇ ਮਤੀਰੇ ਦੀ ਮੁਰਦੁੱਲਾ, ਸੈਂਚਰੀ ਤੇ ਜੰਨਤ ਕਿਸਮਾਂ ਦੀ ਵਧੇਰੇ ਮੰਗ ਦਾ ਵੀ ਜ਼ਿਕਰ ਕੀਤਾ।
ਪਿੰਡ ਰੂਪੇਵਾਲ ਦੇ ਕਿਸਾਨ ਜਸਵੀਰ ਸਿੰਘ ਅਤੇ ਗੁਰਇਕਬਾਲ ਸਿੰਘ ਨੇ ਖਰਬੂਜ਼ੇ ਦੀ ਘੱਟ ਬੀਜਾਂਦ ਹੋਣ ਬਾਰੇ ਗੱਲ ਕਰਦਿਆਂ ਦੱਸਿਆ ਕਿ ਮੌਸਮ ਅਤੇ ਬਿਮਾਰੀਆਂ ਦੇ ਪੱਖ ਤੋਂ ਖਰਬੂਜ਼ੇ ਨਾਲੋਂ ਮੱਕੀ ਦੀ ਫਸਲ ਸੁਰੱਖਿਅਤ ਹੈ। ਇਸ ਕਰਕੇ ਉਨ੍ਹਾਂ ਖਰਬੂਜ਼ੇ ਦੀ ਥਾਂ ਮੱਕੀ ਪੈਦਾ ਕਰਨ ਨੂੰ ਪਹਿਲ ਦਿੱਤੀ ਹੈ। ਉਨ੍ਹਾ ਦੱਸਿਆ ਕਿ ਖਰਬੂਜ਼ੇ/ਹਦਵਾਣੇ ਦੇ ਭਾਅ ਠੀਕ ਰਹਿਣ ਕਰਕੇ ਉਤਪਾਦਕ ਨਿਰਾਸ਼ਤਾ ਤੋਂ ਬਚ ਗਏ ਹਨ। ਖੇਤਬਾੜੀ ਵਿਕਾਸ ਅਫਸਰ ਸ਼ਾਹਕੋਟ ਜਸਵੀਰ ਸਿੰਘ ਨੇ ਇਸ ਵਾਰ ਖਰਬੂਜ਼ੇ ਦੀ ਫਸਲ ਨੂੰ ਲੱਗੀ ਬਿਮਾਰੀ ਬਾਰੇ ਦੱਸਿਆ ਕਿ ਮੌਸਮ ਦੇ ਪ੍ਰਤੀਕੂਲ ਹੋਣ ਕਾਰਨ ਖਰਬੂਜ਼ੇ ਦੀ ਅਗੇਤੀ ਫਸਲ ਨੂੰ ਉੱਲੀ ਰੋਗ ਨੇ ਆਪਣੀ ਜਕੜ ਵਿੱਚ ਲੈ ਲਿਆ ਸੀ। ਉਨ੍ਹਾ ਦੱਸਿਆ ਕਿ ਇਹ ਰੋਗ ਹੁੰਮਸ ਕਾਰਨ ਲੱਗਦਾ ਹੈ। ਇਸ ਦੀ ਰੋਕਥਾਮ ਲਈ ਬਾਜ਼ਾਰ ਕਈ ਸਾਰੀਆਂ ਉੱਲੀ ਨਾਸ਼ਕ ਦਵਾਈਆਂ ਉਪਲੱਬਧ ਹਨ। ਬਾਜ਼ਾਰ ਵਿੱਚ ਮੌਜੂਦ ਦਵਾਈਆਂ ਮਹਿੰਗੀਆਂ ਹੋਣ ਦੇ ਸੰਦਰਭ ਵਿੱਚ ਕਿਸਾਨ ਹਰਜਿੰਦਰ ਸਿੰਘ ਬਾਗਪੁਰ ਨੇ ਕਿਹਾ ਕਿ ਖਰਬੂਜ਼ੇ/ ਹਦਵਾਣੇ ਦਾ ਭਾਅ ਚੰਗਾ ਹੋਣ ਦੇ ਬਾਵਜੂਦ ਬਿਮਾਰੀ ਕਾਰਨ ਵੱਧ ਦਵਾਈ ਵਰਤ ਹੋਣ ਕਾਰਨ ਖਰਬੂਜ਼ਾ ਉਤਪਾਦਕਾਂ ਦੇ ਚਿਹਰੇ ਓਨੇ ਨਹੀਂ ਟਹਿਕੇ, ਜਿੰਨੀ ਆਸ ਸੀ।

Related Articles

LEAVE A REPLY

Please enter your comment!
Please enter your name here

Latest Articles