ਜਲੰਧਰ (ਸੁਰਿੰਦਰ ਕੁਮਾਰ)
ਇੱਥੋਂ ਦੇ ਸੰਤੋਖਪੁਰਾ ਇਲਾਕੇ ਵਿੱਚ ਕਬਾੜ ਦੇ ਗੁਦਾਮ ਵਿੱਚ ਹੋਏ ਧਮਾਕੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਹਨ। ਚਸ਼ਮਦੀਦਾਂ ਮੁਤਾਬਕ ਧਮਾਕੇ ਦੀ ਆਵਾਜ਼ ਇਕ ਕਿਲੋਮੀਟਰ ਤੋਂ ਵੱਧ ਦੇ ਇਲਾਕੇ ਵਿੱਚ ਸੁਣੀ ਗਈ ਹੈ। ਧਮਾਕੇ ਮਗਰੋਂ ਪੁਲਸ ਡਵੀਜ਼ਨ ਨੰਬਰ ਅੱਠ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲੋਕ ਸਿਲੰਡਰ ਨਾਲ ਧਮਾਕਾ ਹੋਣ ਦਾ ਦਾਅਵਾ ਕਰ ਰਹੇ ਹਨ। ਇਸ ਦੇ ਉਲਟ ਕੁਝ ਲੋਕਾਂ ਨੇ ਕਬਾੜ ਵਿੱਚ ਧਮਾਕਾਖੇਜ਼ ਸਮੱਗਰੀ ਨਾਲ ਬਲਾਸਟ ਹੋਣ ਦਾ ਦਾਅਵਾ ਕੀਤਾ ਹੈ। ਪੁਲਸ ਮੁਤਾਬਕ ਧਮਾਕੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਸੰਤੋਖਪੁਰਾ ਵਾਸੀ ਰਜਿੰਦਰ ਵਜੋਂ ਹੋਈ ਹੈ।





