ਨਵੀਂ ਦਿੱਲੀ : ਕੌਮੀ ਮੈਡੀਕਲ ਕਮਿਸ਼ਨ (ਐੱਨ ਐੱਮ ਸੀ) ਨੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਨਾ ਕਰਨ ‘ਤੇ ਦੋ ਮਹੀਨਿਆਂ ਦੌਰਾਨ ਦੇਸ਼ ਦੇ ਕਰੀਬ 40 ਮੈਡੀਕਲ ਕਾਲਜਾਂ ਦੀ ਮਾਨਤਾ ਖਤਮ ਕਰ ਦਿੱਤੀ ਹੈ | ਤਾਮਿਲਨਾਡੂ, ਗੁਜਰਾਤ, ਅਸਾਮ, ਪੰਜਾਬ, ਆਂਧਰਾ, ਪੁਡੂਚੇਰੀ ਅਤੇ ਪੱਛਮੀ ਬੰਗਾਲ ਦੇ 100 ਹੋਰ ਮੈਡੀਕਲ ਕਾਲਜਾਂ ਨੂੰ ਵੀ ਅਜਿਹੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਕਮਿਸ਼ਨ ਵੱਲੋਂ ਕੀਤੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਕਾਲਜਾਂ ਨੇ ਨਿਰਧਾਰਤ ਨਿਯਮਾਂ ਦੀ ਉਲੰਘਣਾ ਕੀਤੀ |
ਕਾਲਜਾਂ ‘ਚ ਸੀ ਸੀ ਟੀ ਵੀ ਕੈਮਰਿਆਂ, ਆਧਾਰ ਨਾਲ ਜੁੜੀ ਬਾਇਓਮੈਟਿ੍ਕ ਹਾਜ਼ਰੀ ਅਤੇ ਫੈਕਲਟੀ ਨਾਲ ਸੰਬੰਧਤ ਕਈ ਖਾਮੀਆਂ ਪਾਈਆਂ ਗਈਆਂ | ਸਰਕਾਰੀ ਅੰਕੜਿਆਂ ਅਨੁਸਾਰ 2014 ਤੋਂ ਬਾਅਦ ਮੈਡੀਕਲ ਕਾਲਜਾਂ ਦੀ ਗਿਣਤੀ ‘ਚ ਕਾਫੀ ਵਾਧਾ ਹੋਇਆ ਹੈ | 2014 ਤੋਂ ਪਹਿਲਾਂ ਮੈਡੀਕਲ ਕਾਲਜਾਂ ਦੀ ਗਿਣਤੀ 387 ਤੋਂ ਹੁਣ ਤੱਕ 69 ਫੀਸਦੀ ਵਧ ਕੇ 654 ਹੋ ਗਈ ਹੈ |




