26.1 C
Jalandhar
Thursday, April 25, 2024
spot_img

ਲੋਕ-ਪੱਖੀ ਜਥੇਬੰਦੀਆਂ ਵੱਲੋਂ ਭਲਵਾਨਾਂ ਦੇ ਹੱਕ ‘ਚ ਅਵਾਜ਼ ਬੁਲੰਦ

ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਸਾਹਿਤਕ ਸੱਭਿਆਚਾਰਕ ਸੰਸਥਾ ਫੁਲਕਾਰੀ (ਰਜਿ.), ਜਮਹੂਰੀ ਅਧਿਕਾਰ ਸਭਾ ਜਲੰਧਰ, ਤਰਕਸ਼ੀਲ ਸੁਸਾਇਟੀ ਪੰਜਾਬ, ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ), ਪੀਪਲਜ਼ ਵਾਇਸ, ਇਸਤਰੀ ਜਾਗਿ੍ਤੀ ਮੰਚ, ਦਸਤਕ ਮੰਚ, ਪ੍ਰਗਤੀਸੀਲ ਲੇਖਕ ਸੰਘ (ਪੰਜਾਬ ) ਅਤੇ ਮਾਨਵਵਾਦੀ ਰਚਨਾ ਮੰਚ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿਖੇ ਬੁੱਧਵਾਰ ਰੈਲੀ ਅਤੇ ਕੈਂਡਲ ਮਾਰਚ ਕਰਕੇ ਕੌਮਾਂਤਰੀ ਖੇਡ ਅਖਾੜਿਆਂ ਦੀਆਂ ਜੇਤੂ ਖਿਡਾਰਨਾਂ ਦੇ ਚੱਲ ਰਹੇ ਹੱਕੀ ਘੋਲ ਦੇ ਹੱਕ ‘ਚ ਜੋਰਦਾਰ ਆਵਾਜ਼ ਬੁਲੰਦ ਕੀਤੀ ਗਈ |
ਇਸ ਮੌਕੇ ਇਹਨਾਂ ਜੱਥੇਬੰਦੀਆਂ ਦੇ ਬੁਲਾਰਿਆਂ ਚਰੰਜੀ ਲਾਲ ਕੰਗਣੀਵਾਲ, ਸੁਰਿੰਦਰ ਕੁਮਾਰੀ ਕੋਛੜ, ਦੇਸ ਰਾਜ ਕਾਲੀ, ਅਮੋਲਕ ਸਿੰਘ, ਮੱਖਣ ਮਾਨ, ਡਾ. ਸੈਲੇਸ, ਡਾ. ਸੁਰਜੀਤ ਜੱਜ, ਤਸਕੀਨ, ਸੁਖਦੇਵ ਫਗਵਾੜਾ, ਜਸਵਿੰਦਰ ਫਗਵਾੜਾ, ਡਾ. ਮੰਗਤ ਰਾਏ, ਜਸਬੀਰ ਜੱਸੀ, ਸੁਖਵਿੰਦਰ ਬਾਗਪੁਰੀ, ਸੱਤਪਾਲ, ਬਿਹਾਰੀ ਲਾਲ ਛਾਬੜਾ, ਮਨਦੀਪ ਮਹਿਰਮ, ਮਨਪ੍ਰੀਤ, ਅਜੇ ਯਾਦਵ, ਬਲਜਿੰਦਰ ਕੁਮਾਰ, ਪੁਨੀਤ ਧੀਰ ਅਤੇ ਰਾਕੇਸ਼ ਅਨੰਦ ਨੇ ਬਹੁਤ ਹੀ ਭਾਵਪੂਰਤ ਅਤੇ ਵਿਸਥਾਰਪੂਰਵਕ ਅੰਦਾਜ਼ ‘ਚ ਸਾਰੇ ਘਟਨਾਕ੍ਰਮ ‘ਤੇ ਰੌਸ਼ਨੀ ਪਾਉਂਦਿਆਂ ਦੱਸਿਆ ਕਿ ਇਸ ਵਰਤਾਰੇ ਦੇ ਡੂੰਘੇ ਪਾਣੀਆਂ ਵਿੱਚ ਕਿਹੜੀਆਂ ਸ਼ਕਤੀਆਂ ਕੰਮ ਕਰਦੀਆਂ ਹਨ, ਜੋ ਪੀੜਤ ਭਲਵਾਨਾਂ ਨੂੰ ਇਨਸਾਫ ਦੇਣ ਦੀ ਥਾਂ ਉਹਨਾਂ ਉਪਰ ਕੇਸ ਮੜ੍ਹ ਰਹੀਆਂ ਹਨ ਅਤੇ ਮੁਜਰਮ ਬਿ੍ਜ ਭੂਸ਼ਣ ਸ਼ਰਣ ਦੀ ਪਿੱਠ ਥਾਪੜ ਕੇ ਉਸ ਨੂੰ ਮਾਣ-ਸਨਮਾਨ ਦੇ ਨਜ਼ਰਾਨਿਆਂ ਨਾਲ ਨਿਵਾਜ ਰਹੀਆਂ ਹਨ |
ਬੁਲਾਰਿਆਂ ਨੇ ਕਿਹਾ ਕਿ ਆਜ਼ਾਦੀ ਸੰਗਰਾਮ ਦੇ ਮਹਾਨ ਸੰਗਰਾਮੀਆਂ ਨੇ ਅਥਾਹ ਕੁਰਬਾਨੀਆਂ ਕਰਕੇ ਜੋ ਆਜ਼ਾਦ, ਜਮਹੂਰੀ, ਸਿਹਤਮੰਦ ਕਦਰਾਂ-ਕੀਮਤਾਂ ਭਰੇ ਸਮਾਜ ਦੀ ਸਿਰਜਣਾ ਕਰਨ ਦਾ ਸੁਪਨਾ ਲਿਆ ਸੀ, ਅੱਜ ਕੇਂਦਰੀ ਭਾਜਪਾ ਹਕੂਮਤ ਨੇ ਕੌਮਾਂਤਰੀ ਖਿਡਾਰੀਆਂ ਦੀ ਆਵਾਜ਼ ਬੰਦ ਕਰਨ ਲਈ ਧੱਕੜ ਕਦਮ ਚੁੱਕ ਕੇ ਉਹਨਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੀ ਨੰਗੀ-ਚਿੱਟੀ ਤੌਹੀਨ ਕਰਨ ਦਾ ਬੇਸ਼ਰਮੀ ਭਰਿਆ ਰਾਹ ਫੜਿਆ ਹੈ |
ਬੁਲਾਰਿਆਂ ਕਿਹਾ ਕਿ ਪੁਰਅਮਨ ਖਿਡਾਰੀਆਂ ਉਪਰ ਹੱਲਾ ਬੋਲ ਕੇ ਉਹਨਾਂ ਦੀ ਖਿੱਚ-ਧੂਹ ਕਰਨ, ਝੂਠੇ ਕੇਸ ਮੜ੍ਹਨ ਅਤੇ ਧਰਨਾ ਉਖਾੜਨ ਦਾ ਤਾਨਾਸ਼ਾਹੀ ਭਰਿਆ ਕਦਮ ਚੁੱਕਿਆ ਹੈ ਅਤੇ ਦੂਜੇ ਪਾਸੇ ਭਾਜਪਾ ਹਕੂਮਤ ਆਪਣੇ ਸਾਂਸਦ ਦੀ ਪਿੱਠ ਥਾਪੜ ਕੇ ਪੁਸ਼ਤਪਨਾਹੀ ਕਰਦਿਆਂ ਉਸ ਨੂੰ ਨਵੇਂ ਸੰਸਦ ਭਵਨ ਦੇ ਉਦਘਾਟਨੀ ਸਮਾਰੋਹ ਵਿੱਚ ਮਾਣ-ਸਨਮਾਨ ਦੇ ਰਹੀ ਹੈ | ਬੁਲਾਰਿਆਂ ਕਿਹਾ ਕਿ ਕੌਮਾਂਤਰੀ ਪੱਧਰ ਦੀਆਂ ਨਾਮਵਰ ਪਹਿਲਵਾਨ ਖਿਡਾਰਨਾਂ ਸਿਰਫ਼ ਆਪਣੀ ਅਣਖ-ਇੱਜ਼ਤ ਦੀ ਹੀ ਲੜਾਈ ਨਹੀਂ ਲੜ ਰਹੀਆਂ, ਸਗੋਂ ਪੂਰੇ ਮੁਲਕ ਦੀ ਆਨ-ਸ਼ਾਨ ਅਤੇ ਜਮਹੂਰੀ ਹੱਕਾਂ ਦੀ ਰਾਖੀ ਲਈ ਜੂਝ ਰਹੀਆਂ ਹਨ |
ਵੱਖ-ਵੱਖ ਸੰਸਥਾਵਾਂ ਦੇ ਸਾਂਝੇ ਉੱਦਮ ਨਾਲ ਜੁੜੀ ਇਕੱਤਰਤਾ ਅਤੇ ਕੈਂਡਲ ਮਾਰਚ ਵਿੱਚ ਭਲਵਾਨਾਂ ਖਿਡਾਰੀਆਂ ‘ਤੇ ਮੜ੍ਹੇ ਝੂਠੇ ਕੇਸ ਵਾਪਸ ਲੈਣ, ਉਹਨਾਂ ਨੂੰ ਜੰਤਰ-ਮੰਤਰ ‘ਤੇ ਪੁਰਅਮਨ ਧਰਨਾ ਲਾਉਣ ਦੇਣ, ਭਾਜਪਾ ਸੰਸਦ ਬਿ੍ਜ ਭੂਸ਼ਣ ਸ਼ਰਨ ‘ਤੇ ਹੁਣ ਜਦੋਂ ਐੱਫ਼ ਆਈ ਆਰ ਦਰਜ ਹੋ ਚੁੱਕੀ ਹੈ, ਤਾਂ ਉਸ ਨੂੰ ਬਿਨਾਂ ਕਿਸੇ ਦੇਰੀ ਦੇ ਗਿ੍ਫ਼ਤਾਰ ਕਰਕੇ ਸਾਰੇ ਅਹੁਦਿਆਂ ਤੋਂ ਬਰਖ਼ਾਸਤ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ | ਸਮੂਹ ਬੁਲਾਰਿਆਂ ਨੇ ਮੁਲਕ ਦੀਆਂ ਦੇਸ਼ ਭਗਤ, ਇਨਸਾਫ਼ਪਸੰਦ ਅਤੇ ਜਮਹੂਰੀ ਸ਼ਕਤੀਆਂ ਨੂੰ ਇੱਕ-ਜੁੱਟ ਹੋ ਕੇ ਖਿਡਾਰੀਆਂ ਦੇ ਹੱਕੀ ਸੰਗਰਾਮ ਲਈ ਸਾਂਝੀ ਆਵਾਜ਼ ਬੁਲੰਦ ਕਰਨ ਲਈ ਬੇਖੌਫ਼ ਹੋ ਕੇ ਅੱਗੇ ਆਉਣ ਦਾ ਸੱਦਾ ਦਿੱਤਾ ਹੈ |

Related Articles

LEAVE A REPLY

Please enter your comment!
Please enter your name here

Latest Articles