28.8 C
Jalandhar
Saturday, April 20, 2024
spot_img

ਮੋਦੀ ਤਾਂ ਰੱਬ ਨੂੰ ਵੀ ਪੜ੍ਹਾ ਦੇਣ : ਰਾਹੁਲ

ਸਾਨ ਫਰਾਂਸਿਸਕੋ : ਰਾਹੁਲ ਗਾਂਧੀ ਨੇ ਅਮਰੀਕਾ ਦੌਰੇ ਦੌਰਾਨ ਪਹਿਲੇ ਪ੍ਰੋਗਰਾਮ ‘ਮੁਹੱਬਤ ਕੀ ਦੁਕਾਨ’ ਵਿਚ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ—ਦੁਨੀਆ ਏਨੀ ਵੱਡੀ ਹੈ ਕਿ ਕੋਈ ਇਹ ਨਹੀਂ ਕਹਿ ਸਕਦਾ ਕਿ ਉਹ ਸਭ ਕੁਝ ਜਾਣਦਾ ਹੈ | ਇਹ ਇੱਕ ਬਿਮਾਰੀ ਹੈ ਕਿ ਕੁਝ ਲੋਕਾਂ ਦਾ ਗਰੁੱਪ ਹੈ, ਜਿਹੜੇ ਇਹ ਮੰਨਦੇ ਹਨ ਕਿ ਉਨ੍ਹਾਂ ਨੂੰ ਸਭ ਕੁਝ ਪਤਾ ਹੈ | ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਰੱਬ ਨਾਲੋਂ ਵੀ ਵੱਧ ਜਾਣਦੇ ਹਨ | ਉਹ ਰੱਬ ਦੇ ਨਾਲ ਬੈਠ ਕੇ ਉਸ ਨੂੰ ਦੱਸ ਸਕਦੇ ਹਨ ਕਿ ਕੀ ਚੱਲ ਰਿਹਾ ਹੈ | ਸਾਡੇ ਪ੍ਰਧਾਨ ਮੰਤਰੀ ਸਾਹਿਬ ਅਜਿਹੀ ਇਕ ਮਿਸਾਲ ਹਨ | ਮੈਨੂੰ ਲੱਗਦਾ ਹੈ ਕਿ ਜੇ ਮੋਦੀ ਜੀ ਨੂੰ ਰੱਬ ਦੇ ਬਗਲ ‘ਚ ਬਿਠਾ ਦਿੱਤਾ ਜਾਵੇ ਤਾਂ ਉਹ ਰੱਬ ਨੂੰ ਦੱਸਣਾ ਸ਼ੁਰੂ ਕਰ ਦੇਣਗੇ ਕਿ ਦੁਨੀਆ ਕਿਵੇਂ ਚਲਦੀ ਹੈ | ਰੱਬ ਵੀ ਹੈਰਾਨ ਹੋ ਜਾਣਗੇ ਕਿ ਮੈਂ ਕੀ ਬਣਾ ਦਿੱਤਾ |
ਰਾਹੁਲ ਨੇ ਅੱਗੇ ਕਿਹਾ—ਭਾਰਤ ਵਿਚ ਕੁਝ ਲੋਕ ਵਿਗਿਆਨੀਆਂ ਨੂੰ ਸਿਖਾ ਸਕਦੇ ਹਨ | ਇਤਿਹਾਸਕਾਰਾਂ ਨੂੰ ਹਿਸਟਰੀ ਸਿਖਾ ਸਕਦੇ ਹਨ | ਫੌਜ ਨੂੰ ਜੰਗ ਲੜਨੀ ਤੇ ਏਅਰ ਫੋਰਸ ਨੂੰ ਉਡਣਾ ਸਿਖਾ ਸਕਦੇ ਹਨ | ਹਕੀਕਤ ਇਹ ਹੈ ਕਿ ਉਨ੍ਹਾਂ ਨੂੰ ਕੁਝ ਵੀ ਸਮਝ ਨਹੀਂ ਹੈ | ਜ਼ਿੰਦਗੀ ਵਿਚ ਤੁਸੀਂ ਕੁਝ ਵੀ ਨਹੀਂ ਸਿਖ ਸਕਦੇ, ਜਦੋਂ ਤੱਕ ਤੁਸੀਂ ਸੁਣਨ ਦੀ ਆਦਤ ਨਹੀਂ ਪਾਉਂਦੇ |
ਰਾਹੁਲ ਨੇ ਕਿਹਾ—ਭਾਰਤ ਕਦੇ ਵੀ ਕਿਸੇ ਵੀ ਵਿਚਾਰ ਨੂੰ ਦਰਕਿਨਾਰ ਨਹੀਂ ਕਰਦਾ | ਜੋ ਵੀ ਭਾਰਤ ਆਉਂਦਾ ਹੈ, ਉਸ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਜਾਂਦਾ ਹੈ ਤੇ ਉਸ ਦੇ ਵਿਚਾਰਾਂ ਨੂੰ ਅਸੀਂ ਆਤਮਸਾਤ ਕਰਦੇ ਹਾਂ | ਇਸੇ ਭਾਰਤ ਦੀ ਤੁਸੀਂ ਨੁਮਾਇੰਦਗੀ ਕਰਦੇ ਹੋ | ਜੇ ਤੁਸੀਂ ਗੁੱਸੇ, ਨਫਰਤ ਤੇ ਘਮੰਡ ਵਿਚ ਭਰੋਸੇ ਕਰਦੇ ਹੋ ਤਾਂ ਤੁਹਾਨੂੰ ਭਾਜਪਾ ਦੀ ਮੀਟਿੰਗ ਵਿਚ ਬੈਠਣਾ ਚਾਹੀਦਾ ਹੈ |
ਰਾਹੁਲ ਗਾਂਧੀ ਨੇ ਸੱਤਾਧਾਰੀ ਭਾਜਪਾ ‘ਤੇ ਲੋਕਾਂ ਨੂੰ ਧਮਕਾਉਣ ਅਤੇ ਦੇਸ਼ ਦੀਆਂ ਏਜੰਸੀਆਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਾਏ |
ਕੈਲੀਫੋਰਨੀਆ ਦੇ ਸੈਂਟਾ ਕਲਾਰਾ ‘ਚ ਸਮਾਗਮ ਦੌਰਾਨ ਉਨ੍ਹਾ ਕਿਹਾ ਕਿ ਭਾਜਪਾ ਅਤੇ ਆਰ ਐੱਸ ਐੱਸ ਭਾਰਤ ‘ਚ ਰਾਜਨੀਤੀ ਦੇ ਸਾਰੇ ਸਾਧਨਾਂ ਨੂੰ ਕੰਟਰੋਲ ਕਰ ਰਹੇ ਹਨ | ਪ੍ਰੋਗਰਾਮ ਦੌਰਾਨ ਕੁਝ ਖਾਲਿਸਤਾਨ ਹਮਾਇਤੀਆਂ ਨੇ ਭਾਰਤ, ਕਾਂਗਰਸ ਤੇ ਇੰਦਰਾ ਗਾਂਧੀ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਖਾਲਿਸਤਾਨ ਦੇ ਝੰਡੇ ਲਹਿਰਾਏ | ਰਾਹੁਲ ਨੂੰ ਕਾਫੀ ਦੇਰ ਤੱਕ ਭਾਸ਼ਣ ਰੋਕਣਾ ਪਿਆ | ਬਾਅਦ ਵਿਚ ਪੁਲਸ ਨੇ ਖਾਲਿਸਤਾਨ ਹਮਾਇਤੀਆਂ ਨੂੰ ਹਾਲ ਵਿੱਚੋਂ ਬਾਹਰ ਕੱਢ ਦਿੱਤਾ | ਇਸ ਦੌਰਾਨ ਨਵੀਂ ਦਿੱਲੀ ‘ਚ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਵਿਦੇਸ਼ ਦੌਰੇ ਮੌਕੇ ਭਾਰਤ ਨੂੰ ਬਦਨਾਮ ਕਰਨਾ ਆਦਤ ਬਣ ਗਈ ਹੈ |

Related Articles

LEAVE A REPLY

Please enter your comment!
Please enter your name here

Latest Articles