ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਟੀਮ ਨੇ ਉਨ੍ਹਾ ਨੂੰ ਪੰਜਾਬ ਅਤੇ ਦਿੱਲੀ ਖੇਤਰਾਂ ਲਈ ਕੇਂਦਰ ਵੱਲੋਂ ਦਿੱਤੀ ਜ਼ੈੱਡ ਪਲੱਸ ਸੁਰੱਖਿਆ ਛਤਰੀ ਨੂੰ ਠੁਕਰਾ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੇ ਪੱਤਰ ਵਿੱਚ ਮੁੱਖ ਮੰਤਰੀ ਦੀ ਸੁਰੱਖਿਆ ਟੀਮ ਨੇ ਪੰਜਾਬ ਅਤੇ ਦਿੱਲੀ ਲਈ ਸੁਰੱਖਿਆ ਛਤਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਇਨ੍ਹਾਂ ਦੋਵਾਂ ਥਾਵਾਂ ’ਤੇ ਪੰਜਾਬ ਪੁਲਸ ਦੀ ਨਿਗਰਾਨੀ ਹੇਠ ਸੁਰੱਖਿਅਤ ਹਨ।
ਸੂਤਰਾਂ ਨੇ ਕਿਹਾ ਕਿ ਮਾਨ ਲਈ ਅਜਿਹੇ ਸੁਰੱਖਿਆ ਘੇਰੇ ਦੀ ਸਿਫਾਰਸ਼ ਕੇਂਦਰੀ ਖੁਫੀਆ ਏਜੰਸੀਆਂ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਸਰਹੱਦੀ ਸੂਬੇ ’ਚ ਖਾਲਿਸਤਾਨੀ ਸਰਗਰਮੀਆਂ ਦੇ ਮੱਦੇਨਜ਼ਰ ਕੀਤੀ ਗਈ ਸੀ। ਪੱਤਰ ਵਿਚ ਕਿਹਾ ਗਿਆ ਹੈ ਕਿ ਦੋ ਸੁਰੱਖਿਆ ਛਤਰੀਆਂ ਨਾਲ ਗਲਤੀ ਹੋ ਸਕਦੀ ਹੈ। ਸੂਤਰਾਂ ਮੁਤਾਬਕ ਸੂਬਾ ਸਰਕਾਰ ਨੇ ਕੇਂਦਰ ਨੂੰ ਕਿਹਾ ਸੀ ਕਿ ਮੁੱਖ ਮੰਤਰੀ ਮਾਨ ਨੂੰ ਜੇ ਸੁਰੱਖਿਆ ਦੇਣੀ ਹੈ ਤਾਂ ਪੰਜਾਬ ਤੇ ਦਿੱਲੀ ਨੂੰ ਛੱਡ ਕੇ ਹੋਰਨਾਂ ਥਾਵਾਂ ’ਤੇ ਦਿੱਤੀ ਜਾਵੇ, ਕਿਉਕਿ ਪੰਜਾਬ ਤੇ ਦਿੱਲੀ ਵਿਚ ਮੁੱਖ ਮੰਤਰੀ ਤੇ ਉਨ੍ਹਾ ਦੇ ਪਰਵਾਰ ਦੀ ਕਰੀਬ 1200 ਜਵਾਨ ਪਹਿਲਾਂ ਹੀ ਸੁਰੱਖਿਆ ਕਰ ਰਹੇ ਹਨ।




