21.8 C
Jalandhar
Monday, October 21, 2024
spot_img

ਭਲਵਾਨ ਧੀਆਂ ਦੇ ਹੱਕ ’ਚ ਸੰਘਰਸ਼ ਪ੍ਰਚੰਡ

ਸ਼ਾਹਕੋਟ (ਗਿਆਨ ਸੈਦਪੁਰੀ)
ਮੋਦੀ ਦੀ ਭਾਜਪਾ ਸਰਕਾਰ ਵੱਲੋਂ ਭਲਵਾਨਾਂ ਦੇ ਸੰਘਰਸ਼ ਨੂੰ ਜਬਰ ਅਤੇ ਬਦਨਾਮ ਕਰਕੇ ਦਬਾਉਣ ਦੇ ਹੱਥਕੰਡਿਆਂ ਵਿਰੁੱਧ ਵੀਰਵਾਰ ਸੂਬੇ ਭਰ ’ਚ ਵੱਡੀ ਗਿਣਤੀ ਵਿੱਚ ਇਨਸਾਫਪਸੰਦ ਲੋਕਾਂ ਨੇ ਕੇਂਦਰ ਸਰਕਾਰ ਦੀਆਂ ਅਰਥੀਆਂ ਫੂਕ ਕੇ ਆਪਣੇ ਗੁੱਸੇ ਦਾ ਜ਼ੋਰਦਾਰ ਪ੍ਰਗਟਾਵਾ ਕਰਦਿਆਂ ਭਾਜਪਾ ਐੱਮ ਪੀ ਬਿ੍ਰਜ ਭੂਸ਼ਣ ਸ਼ਰਣ ਸਿੰਘ ਨੂੰ ਤੁਰੰਤ ਗਿ੍ਰਫਤਾਰ ਕਰਨ ਅਤੇ ਭਲਵਾਨਾਂ ’ਤੇ ਦਰਜ ਕੇਸ ਰੱਦ ਕਰਨ ਦੀ ਮੰਗ ਕੀਤੀ। ਸੂਬੇ ਦੇ ਲੱਗਭੱਗ ਸਾਰੇ ਜ਼ਿਲ੍ਹਿਆਂ ਅਤੇ ਤਹਿਸੀਲ ਕੇਂਦਰਾਂ ’ਤੇ ਵੱਡੀ ਪੱਧਰ ’ਤੇ ਕਿਸਾਨ, ਮਜ਼ਦੂਰ, ਔਰਤ, ਨੌਜਵਾਨ, ਮੁਲਾਜ਼ਮ ਅਤੇ ਵਿਦਿਆਰਥੀ ਜਥੇਬੰਦੀਆਂ ਨੇ ਭਾਜਪਾ ਸਰਕਾਰ ਦੀ ਤਾਨਾਸ਼ਾਹ ਅਤੇ ਔਰਤ ਵਿਰੋਧੀ ਸੋਚ ਨੂੰ ਕੂੜੇਦਾਨ ਵਿਚ ਸੁੱਟਣ ਲਈ ਕਮਰਕੱਸੇ ਕਰਨ ਦਾ ਸੱਦਾ ਦਿੱਤਾ। ਸੂਬੇ ਦੇ ਪਟਿਆਲਾ, ਸੰਗਰੂਰ, ਬਰਨਾਲਾ, ਜਲੰਧਰ, ਫਰੀਦਕੋਟ, ਬਠਿੰਡਾ, ਮੋਗਾ, ਮਾਨਸਾ, ਲੁਧਿਆਣਾ, ਨਵਾਂ ਸ਼ਹਿਰ, ਹੁਸ਼ਿਆਰਪੁਰ, ਤਰਨ ਤਾਰਨ, ਅੰਮਿ੍ਰਤਸਰ, ਗੁਰਦਾਸਪੁਰ, ਫਿਰੋਜ਼ਪੁਰ, ਮੁਕਤਸਰ, ਕਪੂਰਥਲਾ, ਫਤਿਹਗੜ੍ਹ ਸਾਹਿਬ ਅਤੇ ਰੋਪੜ ਜ਼ਿਲ੍ਹਿਆਂ ਦੀਆਂ ਤਹਿਸੀਲਾਂ ਅਤੇ ਹੋਰ ਕਈ ਥਾਵਾਂ ’ਤੇ ਲੋਕਾਂ ਨੇ ਜਬਰ ਵਿਰੁੱਧ ਭਲਵਾਨਾਂ ਦੇ ਹੱਕ ਵਿੱਚ ਆਵਾਜ਼ ਉਠਾਈ।
ਅਰਥੀ ਫੂਕ ਮੁਜ਼ਾਹਰਿਆਂ ਚ ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਲ 32 ਕਿਸਾਨ ਜਥੇਬੰਦੀਆਂ ਤੋਂ ਇਲਾਵਾ ਪ੍ਰਮੁੱਖ ਟਰੇਡ ਯੂਨੀਅਨਾਂ ਏਟਕ, ਸੀਟੂ, ਇਫਟੂ ਦੇ ਨਾਲ-ਨਾਲ ਪੇਂਡੂ ਮਜ਼ਦੂਰਾਂ ਦੀਆਂ ਸਾਰੀਆਂ ਪ੍ਰਮੁੱਖ ਜਥੇਬੰਦੀਆਂ, ਔਰਤ, ਮੁਲਾਜ਼ਮ, ਵਿਦਿਆਰਥੀ ਅਤੇ ਨੌਜਵਾਨ ਜਥੇਬੰਦੀਆਂ ਨੇ ਹਿੱਸਾ ਲਿਆ। ਬਹੁਤ ਸਾਰੀਆਂ ਥਾਵਾਂ ’ਤੇ ਜਮਹੂਰੀ ਅਧਿਕਾਰਾਂ ਦੀ ਲਹਿਰ ਨਾਲ ਜੁੜੇ ਪ੍ਰੋਫੈਸਰ, ਵਕੀਲ ਅਤੇ ਲੇਖਕ ਵੀ ਇਨ੍ਹਾਂ ਮੁਜ਼ਾਹਰਿਆਂ ਵਿਚ ਸ਼ਾਮਲ ਹੋਏ। ਬੁਲਾਰਿਆਂ ਭਾਜਪਾ ਦੀ ਤਾਨਾਸ਼ਾਹ ਅਤੇ ਔਰਤ ਵਿਰੋਧੀ ਸੋਚ ਨੂੰ ਨਿਸ਼ਾਨੇ ’ਤੇ ਰੱਖਦਿਆਂ ਭਲਵਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਨਾਲ ਕੀਤੇ ਦੁਰਵਿਹਾਰ ਨੂੰ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਚੁਣੌਤੀ ਗਰਦਾਨਿਆ। ਉਨ੍ਹਾਂ ਮੰਗ ਕੀਤੀ ਕਿ ਭਲਵਾਨਾਂ ਨੂੰ ਇਨਸਾਫ ਲਈ ਆਪਣੀ ਆਵਾਜ਼ ਬੁਲੰਦ ਕਰਨ ਲਈ ਦਿੱਲੀ ਦੇ ਜੰਤਰ ਮੰਤਰ ਵਿਖੇ ਧਰਨਾ ਪ੍ਰਦਰਸ਼ਨ ਕਰਨ ਲਈ ਥਾਂ ਦਿੱਤੀ ਜਾਵੇ। ਉਹਨਾਂ ਕਿਹਾ ਕਿ ਭਾਜਪਾ ਔਰਤਾਂ ਵਿਰੁੱਧ ਅਪਰਾਧ ਕਰਨ ਵਾਲੇ ਦੋਸ਼ੀਆਂ ਨੂੰ ਸ਼ਰਨ ਦੇਣ ਵਾਲੀ ਦੁਕਾਨ ਬਣ ਗਈ ਹੈ। ਇਸੇ ਲਈ ਪੋਸਕੋ ਵਰਗੇ ਗੰਭੀਰ ਅਪਰਾਧ ’ਚ ਕੇਸ ਦਰਜ ਹੋਣ ਦੇ ਬਾਵਜੂਦ ਬਿ੍ਰਜ ਭੂਸ਼ਣ ਸ਼ਰਣ ਸਿੰਘ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਉਸ ਨੂੰ ਇਕੱਠ ਕਰਨ ਲਈ ਖੁੱਲ੍ਹ ਦਿੱਤੀ ਜਾ ਰਹੀ ਹੈ, ਜਦੋਂ ਕਿ ਭਲਵਾਨਾਂ ਦੇ ਸੰਘਰਸ਼ ਨੂੰ ਬਦਨਾਮ ਕਰਕੇ ਕੁਚਲਣ ਦੇ ਯਤਨ ਕੀਤੇ ਜਾ ਰਹੇ ਹਨ। ਬੁਲਾਰਿਆਂ ਕਿਹਾ ਕਿ ਤਮਗਾ ਜੇਤੂ ਲੜਕੀਆਂ ਨਾਲ ਹੋਏ ਦੁਰਵਿਹਾਰ ਨੇ ਹਰ ਇਨਸਾਫਪਸੰਦ ਵਿਅਕਤੀ ਦਾ ਹਿਰਦਾ ਵਲੂੰਧਰਿਆ ਹੈ। ਜੇਕਰ ਇਹ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਨਾਅਰੇ ਦਾ ਮੂਲ ਹੈ ਤਾਂ ਦੇਸ਼ ਦੇ ਲੋਕਾਂ ਨੂੰ ਅਜਿਹੀ ਸੋਚ ਨੂੰ ਕੂੜੇ ਦੇ ਢੇਰ ’ਚ ਦਫਨ ਕਰ ਦੇਣਾ ਚਾਹੀਦਾ ਹੈ।
ਭਾਜਪਾ ਐੱਮ ਪੀ ਬਿ੍ਰਜ ਭੂਸ਼ਣ ਸ਼ਰਣ ਸਿੰਘ ਵੱਲੋਂ 5 ਜੂਨ ਨੂੰ ਅਯੁੱਧਿਆ ਵਿਖੇ ਕੀਤੇ ਜਾ ਰਹੇ ਇਕੱਠ ਦਾ ਸਖਤ ਨੋਟਿਸ ਲੈਂਦਿਆਂ ਸੰਯੁਕਤ ਕਿਸਾਨ ਮੋਰਚੇ ਨੇ 5 ਜੂਨ ਨੂੰ ਸੂਬੇ ਵਿੱਚ ਥਾਂ-ਥਾਂ ਉਸ ਦੇ ਪੁਤਲੇ ਫੂਕਣ ਦਾ ਸੱਦਾ ਦਿੰਦੇ ਹੋਏ ਸਮੂਹ ਇਨਸਾਫਪਸੰਦ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ 5 ਜੂਨ ਦੇ ਪ੍ਰਦਰਸ਼ਨ ਵਿਆਪਕ ਜਨਤਕ ਐਕਸ਼ਨ ਵਜੋਂ ਲਾਗੂ ਕਰਨ ਦੇ ਯਤਨ ਕੀਤੇ ਜਾਣ।
ਅਰਥੀ ਫੂਕ ਮੁਜ਼ਾਹਰਿਆਂ ਦੀ ਅਗਵਾਈ ਹਰਿੰਦਰ ਸਿੰਘ ਲੱਖੋਵਾਲ, ਡਾ. ਦਰਸ਼ਨਪਾਲ, ਨਿਰਭੈ ਸਿੰਘ ਢੁੱਡੀਕੇ, ਬੂਟਾ ਸਿੰਘ ਬੁਰਜ ਗਿੱਲ, ਮਨਜੀਤ ਸਿੰਘ ਰਾਏ, ਸਤਨਾਮ ਸਿੰਘ ਬਹਿਰੂ, ਰੁਲਦੂ ਸਿੰਘ ਮਾਨਸਾ, ਜੰਗਵੀਰ ਸਿੰਘ ਚੌਹਾਨ, ਵੀਰ ਸਿੰਘ ਬੜਵਾ, ਬਲਜੀਤ ਸਿੰਘ ਗਰੇਵਾਲ, ਮਨਜੀਤ ਸਿੰਘ ਧਨੇਰ, ਡਾ. ਸਤਨਾਮ ਸਿੰਘ ਅਜਨਾਲਾ, ਵੀਰਪਾਲ ਸਿੰਘ ਢਿੱਲੋਂ, ਫੁਰਮਾਨ ਸਿੰਘ ਸੰਧੂ, ਰਣਜੀਤ ਕੌਰ ਰਾਜੂ, ਹਰਬੰਸ ਸਿੰਘ ਸੰਘਾ, ਮਲੂਕ ਸਿੰਘ ਹੀਰਕੇ, ਹਰਜੀਤ ਸਿੰਘ ਰਵੀ, ਬਲਕਰਨ ਸਿੰਘ ਬਰਾੜ, ਬਲਵਿੰਦਰ ਸਿੰਘ ਰਾਜੂ ਔਲਖ, ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਬਿੰਦਰ ਸਿੰਘ ਗੋਲੇਵਾਲਾ, ਧਨਵੰਤ ਸਿੰਘ, ਕਿਰਨਜੀਤ ਸਿੰਘ ਸੇਖੋਂ, ਬੂਟਾ ਸਿੰਘ ਸਾਦੀਪੁਰ, ਕੁਲਦੀਪ ਸਿੰਘ ਵਜੀਦਪੁਰ ਅਤੇ ਕਿਰਪਾ ਸਿੰਘ ਆਦਿ ਹਾਜ਼ਰ ਸਨ।
ਅੰਮਿ੍ਰਤਸਰ : ਜ਼ਿਲ੍ਹਾ ਅੰਮਿ੍ਰਤਸਰ ਦੀਆਂ ਕਿਸਾਨ ਜਥੇਬੰਦੀਆਂ ਨੇ ਮਿਲ ਕੇ ਡੀ ਸੀ ਅੰਮਿ੍ਰਤਸਰ ਦੇ ਦਫਤਰ ਦੇ ਅੱਗੇ ਜ਼ੋਰਦਾਰ ਵਿਖਾਵਾ ਕੀਤਾ। ਇਸ ਮੌਕੇ ਡਾਕਟਰ ਪਰਮਿੰਦਰ ਸਿੰਘ ਡਾ. ਸਤਿਨਾਮ ਸਿੰਘ ਅਜਨਾਲਾ, ਲਖਬੀਰ ਸਿੰਘ ਨਿਜ਼ਾਮਪੁਰ , ਭੁਪਿੰਦਰ ਸਿੰਘ ਤੀਰਥਪੁਰਾ ਤੇ ਧਨਵੰਤ ਸਿੰਘ ਨੇ ਬੋਲਦਿਆਂ ਕਿਹਾ ਕਿ ਇਸ ਵੇਲੇ ਭਾਜਪਾ ਔਰਤਾਂ ਨਾਲ ਖਿਲਵਾੜ ਕਰਕੇ ਬੇਇੱਜ਼ਤ ਕਰ ਰਹੀ ਹੈ। ਉਹਨਾਂ ਕਿਹਾ ਕਿ ਭਲਵਾਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਸੰਘਰਸ਼ ਨੂੰ ਤੇਜ਼ ਕਰਕੇ ਗਲੀ, ਮੁਹੱਲਿਆਂ ਤੱਕ ਪਹੁੰਚਾਇਆ ਜਾਵੇਗਾ। ਕਿਸਾਨਾਂ ਨੇ ਨਵਸ਼ਰਨ ਸਿੰਘ ਨੂੰ ਈ ਡੀ ਵੱਲੋਂ ਪ੍ਰੇਸ਼ਾਨ ਕਰਨ ਦੀ ਸਖਤ ਨਿਖੇਧੀ ਕੀਤੀ। ਕਿਸਾਨ ਆਗੂ ਰਤਨ ਸਿੰਘ ਰੰਧਾਵਾ, ਕੰਵਲਜੀਤ ਕੌਰ, ਰਵਿੰਦਰ ਕੌਰ, ਜਤਿੰਦਰ ਸਿੰਘ ਛੀਨਾ, ਸਤਨਾਮ ਸਿੰਘ ਝੰਡੇਰ, ਨਿਸ਼ਾਨ ਸਿੰਘ, ਮਾਸਟਰ ਸਵਿੰਦਰ ਸਿੰਘ ਮੀਰਾਂਕੋਟ, ਬਲਕਾਰ ਸਿੰਘ ਦੁਧਾਲਾ, ਤਰਕਸ਼ੀਲ ਆਗੂ ਸੁਮੀਤ ਸਿੰਘ ਤੇ ਸ਼ਮਸ਼ੇਰ ਸਿੰਘ ਹੇਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕਿਸਾਨਾਂ ਵਿੱਚ ਗੁੱਸੇ ਭਰਿਆ ਰੋਹ ਦਿਖਾਈ ਦੇ ਰਿਹਾ ਸੀ। ਬੁਲਾਰਿਆਂ ਪਹਿਲਵਾਨਾਂ ’ਤੇ ਕੀਤੇ ਗਏ ਪਰਚੇ ਰੱਦ ਕਰਨ ਦੀ ਆਵਾਜ਼ ਦੇ ਜ਼ੋਰਦਾਰ ਨਾਹਰੇ ਲਗਾਏ ਗਏ। ਇਸ ਮੌਕੇ ਕਾਬਲ ਸਿੰਘ ਛੀਨਾ, ਅਮੋਲਕ ਸਿੰਘ, ਕਿ੍ਰਪਾਲ ਸਿੰਘ ਰੇਲਵੇ ਤੇ ਮੰਗਲ ਸਿੰਘ ਟਾਂਡਾ ਮੁਲਾਜ਼ਮ ਆਗੂ ਸ਼ਾਮਲ ਹੋਏ।
ਲੁਧਿਆਣਾ (ਐੱਮ ਐੱਸ ਭਾਟੀਆ) : “ਮੋਦੀ ਦੀ ਭਾਜਪਾ ਸਰਕਾਰ ਦੇ ਜਬਰ, ਤਾਨਾਸ਼ਾਹੀ ਅਤੇ ਔਰਤ ਵਿਰੋਧੀ ਸੋਚ ਦਾ ਪ੍ਰਤੱਖ ਨਜ਼ਾਰਾ ਲੱਖਾਂ-ਕਰੋੜਾਂ ਲੋਕਾਂ ਨੇ ਉਦੋਂ ਦੇਖਿਆ, ਜਦੋਂ ਜਿਨਸੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਜਪਾ ਐੱਮ ਪੀ ਬਿ੍ਰਜ ਭੂਸ਼ਨ ਸ਼ਰਣ ਸਿੰਘ ਨੂੰ ਬਚਾਉਣ ਲਈ ਭਲਵਾਨਾਂ ਦੇ ਅੰਦੋਲਨ ਨੂੰ ਕੁਚਲਣ ਲਈ ਪੁਲਸ ਨੇ ਅਣਮਨੁੱਖੀ ਵਿਵਹਾਰ ਕੀਤਾ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵੱਲੋਂ ਸਾਂਝੇ ਤੌਰ ’ਤੇ ਰੋਸ ਪ੍ਰਦਰਸ਼ਨ ਦੌਰਾਨ ਬੁਲਾਰਿਆਂ ਨੇ ਕੀਤਾ। ਕਿਸਾਨਾਂ ਸਮੇਤ ਸਮੂਹ ਇਨਸਾਫਪਸੰਦ ਲੋਕਾਂ, ਟਰੇਡ ਯੂਨੀਅਨਾਂ, ਪੇਂਡੂ ਮਜ਼ਦੂਰ, ਔਰਤ, ਮੁਲਾਜ਼ਮ, ਵਿਦਿਆਰਥੀ ਅਤੇ ਨੌਜਵਾਨ ਜੱਥੇਬੰਦੀਆਂ ਨੇ ਸਾਂਝੇ ਰੂਪ ਵਿੱਚ ਇਕੱਠੇ ਹੋ ਕੇ ਇਸ ਜਬਰ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ ਬਿ੍ਰਜ ਭੂਸ਼ਣ ਦੀ ਗਿ੍ਰਫਤਾਰੀ ਦੀ ਮੰਗ ਕੀਤੀ। ਰੋਸ ਪ੍ਰਦਰਸ਼ਨ ਤੋਂ ਬਾਅਦ ਮਾਰਚ ਦੀ ਸ਼ਕਲ ਵਿੱਚ ਨਾਅਰੇ ਲਾਉਂਦੇ ਹੋਏ ਡਿਪਟੀ ਕਮਿਸ਼ਨਰ ਦਫਤਰ ਪਹੁੰਚਿਆ ਗਿਆ, ਜਿੱਥੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਚਮਕੌਰ ਸਿੰਘ ਅਤੇ ਰਘਬੀਰ ਸਿੰਘ ਬੈਨੀਪਾਲ, ਟਰੇਡ ਯੂਨੀਅਨ ਆਗੂ ਡੀ.ਪੀ. ਮੌੜ, ਵਿਜੈ ਕੁਮਾਰ, ਜਗਦੀਸ਼ ਚੰਦ, ਐੱਮ ਐੱਸ ਭਾਟੀਆ, ਕੇਵਲ ਸਿੰਘ ਬਨਵੈਤ, ਹਰਬੰਸ ਸਿੰਘ ਮਹੀਪਾਲ, ਅਵਤਾਰ ਛਿੱਬੜ, ਸਤਨਾਮ ਸਿੰਘ, ਦਾਨ ਸਿੰਘ, ਦਰਸ਼ਨ ਸਿੰਘ, ਵਿਨੋਦ ਕੁਮਾਰ ਅਤੇ ਅਧਿਆਪਕ ਆਗੂ ਚਰਨ ਸਰਾਭਾ ਸ਼ਾਮਲ ਸਨ।
ਕਰਤਾਰਪੁਰ : ਇੱਥੇ ਪੰਜਾਬ ਖੇਤ ਮਜ਼ਦੂਰ ਸਭਾ ਤੇ ਨਾਰੀ ਸ਼ਕਤੀ ਅੰਦੋਲਨ ਵੱਲੋਂ ਪੁਤਲੇ ਫੂਕੇ ਗਏ। ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਰਸ਼ਪਾਲ ਕੈਲੇ, ਨਰੇਗਾ ਅੰਦੋਲਨ ਦੇ ਆਗੂ ਕੇਵਲ ਸਿੰਘ ਹਜ਼ਾਰਾ, ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂ ਵੀਰ ਕੁਮਾਰ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ’ਤੇ ਦਰਜ ਹੋ ਚੁੱਕੀ ਐੱਫ ਆਈ ਆਰ ਦੇ ਬਾਵਜੂਦ ਬਿ੍ਰਜ ਭੂਸ਼ਣ ਨੂੰ ਗਿ੍ਰਫਤਾਰ ਨਾ ਕਰਕੇ ਮੋਦੀ ਸਰਕਾਰ ਸ਼ਰੇਆਮ ਬਲਾਤਕਾਰੀ ਗੁੰਡਿਆਂ ਦੇ ਹੱਕ ਵਿੱਚ ਭੁਗਤ ਰਹੀ ਹੈ। ਦੋਸ਼ੀ ਨੂੰ ਸਜ਼ਾ ਦੇਣ ਦੀ ਬਜਾਏ ਉਲਟਾ ਪੀੜਤ ਭਲਵਾਨ ਕੁੜੀਆਂ ਨਾਲ 28 ਮਈ ਨੂੰ ਸਰਕਾਰੀ ਸ਼ਹਿ ’ਤੇ ਦਿੱਲੀ ਪੁਲਸ ਵੱਲੋਂ ਧੱਕੇਸ਼ਾਹੀ ਹੀ ਨਹੀਂ ਕੀਤੀ, ਸਗੋਂ ਉਹਨਾਂ ’ਤੇ ਕੇਸ ਮੜ੍ਹ ਦਿੱਤੇ ਗਏ। ਬੇਟੀ ਬਚਾਓ, ਬੇਟੀ ਪੜ੍ਹਾਓ ਦੇ ਨਾਹਰੇ ਲਾਉਣ ਵਾਲੀ ਸਰਕਾਰ ਦਾ ਅਸਲੀ ਫਾਸ਼ੀਵਾਦੀ ਚਿਹਰਾ ਨੰਗਾ ਹੋ ਚੁੱਕਾ ਹੈ। ਉਪਰੋਕਤ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਸਮਾਂ ਰਹਿੰਦਿਆਂ ਦੋਸ਼ੀ ਨੂੰ ਗਿ੍ਰਫਤਾਰ ਕਰਕੇ ਜੇਲ੍ਹ ਵਿੱਚ ਨਾ ਸੁੱਟਿਆ ਤਾਂ ਸਰਕਾਰ ਖਿਲਾਫ ਜ਼ਬਰਦਸਤ ਐਕਸ਼ਨ ਉਲੀਕੇ ਜਾਣਗੇ। ਬਿ੍ਰਜਭੂਸ਼ਣ ਦੇ ਪੁਤਲੇ ਨੂੰ ਅੱਗ ਸਾਥੀ ਰਸ਼ਪਾਲ ਕੈਲ਼ੇ ਨੇ ਲਗਾਈ। ਇਸ ਸਮੇਂ ਸੁਰਿੰਦਰ ਪਾਲ, ਅਰਜਨ ਰਾਮ, ਸ਼ਾਦੀ ਰਾਮ, ਸੁਖਵਿੰਦਰ ਪਾਲ, ਸ਼ਾਮ ਦੇਵ, ਦਿਲਾਵਰ ਕਾਲਾ ਖੇੜਾ ਆਦਿ ਹਾਜ਼ਰ ਸਨ।
ਮਹਿਤਪੁਰ : ਕੁੱਲ ਕਿਸਾਨ ਸਭਾ ਵੱਲੋਂ ਮਹਿਤਪੁਰ ਸ਼ਹਿਰ ਵਿੱਚ ਮੁਜ਼ਾਹਰਾ ਕਰਕੇ ਸ਼ਹਿਰ ਦੇ ਮੁੱਖ ਚੌਕ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ, ਜਿਸ ਦੀ ਅਗਵਾਈ ਕਿਸਾਨ ਆਗੂ ਸੰਦੀਪ ਅਰੋੜਾ, ਦਿਲਬਾਗ ਸਿੰਘ ਚੰਦੀ ਤੇ ਮਨਦੀਪ ਸਿੱਧੂ ਨੇ ਕੀਤੀ।
ਨਿਹਾਲ ਸਿੰਘ ਵਾਲਾ (ਨਛੱਤਰ ਸੰਧੂ) : ਇੱਥੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਐੱਸ ਡੀ ਐੱਸ ਰਾਹੀਂ ਦੋਸ਼ੀਆਂ ’ਤੇ ਬਣਦੀ ਕਾਰਵਾਈ ਲਈ ਰਾਸ਼ਟਰਪਤੀ ਨੂੰ ਮੰਗ ਪੱਤਰ ਵੀ ਭੇਜਿਆ ਗਿਆ। ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਕੁਲਦੀਪ ਭੋਲਾ, ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਰਾਮਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ’ਚ ਸ਼ਾਮਲ ਕਿਸਾਨ ਜਥੇਬੰਦੀਆਂ ਇਸ ਘਟਨਾਕ੍ਰਮ ਤੋਂ ਬੇਹੱਦ ਪ੍ਰੇਸ਼ਾਨ ਹਨ। ਬਿ੍ਰਜ ਭੂਸ਼ਣ ਦੀ ਹਵਸ ਤੇ ਗੁੰਡਾਗਰਦੀ ਦੀਆਂ ਸ਼ਿਕਾਰ ਲੜਕੀਆਂ ਪੇਂਡੂ/ ਕਿਸਾਨ ਪਰਵਾਰਾਂ ਨਾਲ ਹੀ ਸੰਬੰਧ ਰੱਖਦੀਆਂ ਹਨ। ਇਸ ਲਈ ਅਸੀਂ ਚਿੰਤਤ ਹਾਂ ਕਿ ਕਿਸਾਨਾਂ ਦੀਆਂ ਧੀਆਂ, ਜਿਨ੍ਹਾਂ ਸਖਤ ਮਿਹਨਤ ਕਰਕੇ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕੀਤੀ ਅਤੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ, ਉਨ੍ਹਾਂ ਨਾਲ ਕੇਂਦਰ ਸਰਕਾਰ ਦੁਆਰਾ ਸਿਆਸੀ ਤੌਰ ’ਤੇ ਸ਼ਕਤੀਸ਼ਾਲੀ ਲੋਕਾਂ ਦੇ ਇਸ਼ਾਰੇ ’ਤੇ ਬੇਰਹਿਮੀ ਨਾਲ ਸਲੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਗੁਰਦਿੱਤ ਦੀਨਾ, ਸਿਕੰਦਰ ਮਧੇਕੇ, ਜਸਗੀਰ ਧੂੜਕੋਟ, ਸਤਵੰਤ ਖੋਟੇ, ਬਲਰਾਜ ਬੱਧਨੀ, ਕੇਵਲ ਰਾਊਕੇ, ਮਿੱਠੂ ਸੈਦੋਕੇ, ਬੂਟਾ ਰਾਊਕੇ, ਰਘਬੀਰ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਲਛਮਣ ਸਿੰਘ ਨੀਟੂ (ਜ਼ਿਲ੍ਹਾ ਸਕੱਤਰ), ਸੁਖਮੰਦਰ ਸਿੰਘ ਭਾਗੀਕੇ (ਬਲਾਕ ਪ੍ਰਧਾਨ), ਆਤਮਾ ਸਿੰਘ, ਗਗਨਦੀਪ ਸਿੰਘ, ਬਲਵੀਰ ਸਿੰਘ, ਨਵਦੀਪ ਪੱਤੋ, ਇੰਦਰਪਾਲ ਧੂੜਕੋਟ, ਬਾਲਬਹਾਦਰ ਸਿੰਘ ਤੇ ਸਤਿੰਦਰ ਨੰਗਲ ਆਦਿ ਆਗੂਆਂ ਸਮੇਤ ਅਨੇਕਾਂ ਲੋਕ ਸ਼ਾਮਲ ਹੋਏ।

Related Articles

LEAVE A REPLY

Please enter your comment!
Please enter your name here

Latest Articles