ਭਲਵਾਨਾਂ ਦੇ ਅੰਦੋਲਨ ਦਾ ਵਿਸ਼ਵੀਕਰਨ

0
175

ਲੰਮੇ ਸਮੇਂ ਤੋਂ ਯੌਨ ਸ਼ੋਸ਼ਣ ਵਿਰੁੱਧ ਅੰਦੋਲਨ ਕਰ ਰਹੀਆਂ ਮਹਿਲਾ ਭਲਵਾਨਾਂ ਦੇ ਹੱਕ ਵਿੱਚ ਵਿਸ਼ਵ ਕੁਸ਼ਤੀ ਮਹਾਂ ਸੰਘ ਤੋਂ ਬਾਅਦ ਹੁਣ ਇੰਟਰਨੈਸ਼ਨਲ ਉਲੰਪਿਕ ਕਮੇਟੀ (ਆਈ ਓ ਸੀ) ਵੀ ਖੜ੍ਹੀ ਹੋ ਗਈ ਹੈ।
ਆਈ ਓ ਸੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ, ‘‘ਮਹਿਲਾ ਭਲਵਾਨਾਂ ਨਾਲ ਜੋ ਵਿਹਾਰ ਕੀਤਾ ਗਿਆ ਹੈ, ਉਹ ਬਹੁਤ ਹੀ ਪ੍ਰੇਸ਼ਾਨ ਤੇ ਚਿੰਤਤ ਕਰਨ ਵਾਲਾ ਹੈ। ਆਈ ਓ ਸੀ ਜ਼ੋਰ ਦੇ ਕੇ ਕਹਿੰਦੀ ਹੈ ਕਿ ਇਨ੍ਹਾਂ ਭਲਵਾਨਾਂ ਵੱਲੋਂ ਲਾਏ ਗਏ ਦੋਸ਼ਾਂ ਦੀ ਭਾਰਤੀ ਕਾਨੂੰਨਾਂ ਅਨੁਸਾਰ ਨਿਰਪੱਖ ਜਾਂਚ ਕੀਤੀ ਜਾਵੇ। ਅਸੀਂ ਸਮਝਦੇ ਹਾਂ ਕਿ ਇਸ ਜਾਂਚ ਵਿੱਚ ਕੁਝ ਮੁਢਲੇ ਕਦਮ ਚੁੱਕੇ ਗਏ ਹਨ, ਪ੍ਰੰਤੂ ਠੋਸ ਕਾਰਵਾਈ ਲਈ ਹੋਰ ਵੀ ਮਹੱਤਵਪੂਰਨ ਕਦਮ ਚੁੱਕਣੇ ਹੋਣਗੇ।’’
ਆਈ ਓ ਸੀ ਦਾ ਇਹ ਬਿਆਨ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਸੇ ਸਾਲ ਅਕਤੂਬਰ ਵਿੱਚ ਭਾਰਤ ਆਈ ਓ ਸੀ ਦੀ ਸਾਲਾਨਾ ਮੀਟਿੰਗ ਦੀ ਮੇਜ਼ਬਾਨੀ ਕਰਨ ਵਾਲਾ ਹੈ। ਆਈ ਓ ਸੀ ਦਾ ਇਹ ਬਿਆਨ ਵਿਸ਼ਵ ਕੁਸ਼ਤੀ ਮਹਾਂਸੰਘ ਦੇ ਬਿਆਨ ਨਾਲ ਮੇਲ ਖਾਂਦਾ ਹੈ, ਜਿਸ ਦਾ ਭਾਰਤੀ ਕੁਸ਼ਤੀ ਸੰਘ ਵੀ ਮੈਂਬਰ ਹੈ।
ਵਿਸ਼ਵ ਕੁਸ਼ਤੀ ਮਹਾਂਸੰਘ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਉਹ ਪਹਿਲਵਾਨਾਂ ਨਾਲ ਦੁਰਵਿਹਾਰ ਕਰਨ ਤੇ ਹਿਰਾਸਤ ਵਿੱਚ ਲੈਣ ਦੀ ਨਿੰਦਾ ਕਰਦਾ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਜੇਕਰ ਭਾਰਤੀ ਕੁਸ਼ਤੀ ਸੰਘ ਨਵੀਆਂ ਚੋਣਾਂ ਨਹੀਂ ਕਰਾਏਗਾ ਤਾਂ ਉਸ ਨੂੰ ਵਿਸ਼ਵ ਕੁਸ਼ਤੀ ਮਹਾਂਸੰਘ ਵਿੱਚੋਂ ਮੁਅੱਤਲ ਕਰ ਦਿੱਤਾ ਜਾਵੇਗਾ। ਇਹ ਵੀ ਪਤਾ ਲੱਗਾ ਹੈ ਕਿ ਆਈ ਓ ਸੀ ਤੇ ਵਿਸ਼ਵ ਕੁਸ਼ਤੀ ਸੰਘ ਆਪਣੇ ਹੱਕ ਲਈ ਲੜ ਰਹੇ ਭਲਵਾਨਾਂ ਨਾਲ ਵੀਡੀਓ ਕਾਨਫ਼ਰੰਸ ਕਰਨ ਬਾਰੇ ਵੀ ਵਿਚਾਰ ਕਰ ਰਹੇ ਹਨ।
ਪਿਛਲੇ ਮਹੀਨੇ ਹੀ ਵਿਸ਼ਵ ਕੁਸ਼ਤੀ ਮਹਾਂਸੰਘ ਨੇ ਭਾਰਤੀ ਕੁਸ਼ਤੀ ਸੰਘ ਦੇ ਪ੍ਰਬੰਧ ਨੂੰ ਦਰੁਸਤ ਕਰਨ ਲਈ ਇੱਕ ਕਮੇਟੀ ਦੇ ਗਠਨ ਤੋਂ ਬਾਅਦ ਉਸ ਨੂੰ 45 ਦਿਨਾਂ ਅੰਦਰ ਨਵੀਂ ਚੋਣ ਕਰਾਉਣ ਲਈ ਕਿਹਾ ਸੀ। ਇਹ ਸਮਾਂ ਹੱਦ ਖ਼ਤਮ ਹੋਣ ਵਿੱਚ ਦੋ ਹਫ਼ਤਿਆਂ ਤੋਂ ਵੀ ਘੱਟ ਸਮਾਂ ਬਚਿਆ ਹੈ। ਇਸ ਸਾਲ ਦਿੱਲੀ ਵਿੱਚ ਏਸ਼ੀਆਈ ਕੁਸ਼ਤੀ ਮੁਕਾਬਲੇ ਹੋਣੇ ਸਨ, ਪਰ ਮੌਜੂਦਾ ਹਾਲਤਾਂ ਨੂੰ ਦੇਖ ਕੇ ਇਨ੍ਹਾਂ ਦਾ ਸਥਾਨ ਬਦਲ ਦਿੱਤਾ ਗਿਆ ਹੈ।
ਭਾਰਤ ਦੀਆਂ ਕੌਮਾਂਤਰੀ ਪੱਧਰ ਦੀਆਂ ਮਹਿਲਾ ਭਲਵਾਨ ਕੁਸ਼ਤੀ ਸੰਘ ਦੇ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਣ ਸਿੰਘ ਦੇ ਖਿਲਾਫ਼ 23 ਅਪ੍ਰੈਲ ਤੋਂ ਅੰਦੋਲਨ ਕਰ ਰਹੀਆਂ ਹਨ। ਇਨ੍ਹਾਂ ਭਲਵਾਨਾਂ ਨੇ ਉਸ ਉੱਤੇ ਯੌਨ ਸ਼ੋਸ਼ਣ ਦੇ ਦੋਸ਼ ਲਾਏ ਹਨ। ਸੁਪਰੀਮ ਕੋਰਟ ਦੇ ਦਖ਼ਲ ਤੋਂ ਬਾਅਦ ਬਿ੍ਰਜ ਭੂਸ਼ਣ ਵਿਰੁੱਧ ਐਫ਼ ਆਈ ਆਰ ਦਰਜ ਕੀਤੀ ਗਈ ਸੀ, ਪਰ ਉਸ ਨੂੰ ਗਿ੍ਰਫ਼ਤਾਰ ਨਹੀਂ ਕੀਤਾ ਗਿਆ। ਉਸ ਦੀ ਗਿ੍ਰਫ਼ਤਾਰੀ ਲਈ ਮਹਿਲਾ ਭਲਵਾਨਾਂ ਨੇ ਜੰਤਰ-ਮੰਤਰ ਉਤੇ 36 ਦਿਨ ਤੱਕ ਧਰਨਾ ਦਿੱਤਾ ਸੀ।
ਦਿੱਲੀ ਪੁਲਸ ਨੇ 28 ਮਈ ਨੂੰ ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦੇਣ ਜਾ ਰਹੀਆਂ ਇਨ੍ਹਾਂ ਭਲਵਾਨਾਂ ਨਾਲ ਦਰਿੰਦਗੀ ਭਰਿਆ ਵਿਹਾਰ ਕਰਦਿਆਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਸੰਗੀਨ ਧਾਰਾਵਾਂ ਅਧੀਨ ਕੇਸ ਦਰਜ ਕਰ ਲਏ ਸਨ। ਇਸ ਦੇ ਨਾਲ ਹੀ ਭਲਵਾਨਾਂ ਦੇ ਧਰਨਾ ਸਥਾਨ ਨੂੰ ਤਹਿਸ-ਨਹਿਸ ਕਰ ਦਿੱਤਾ ਗਿਆ ਸੀ।
ਇਸ ਉਪਰੰਤ ਮਹਿਲਾ ਭਲਵਾਨਾਂ ਨੇ ਐਲਾਨ ਕਰ ਦਿੱਤਾ ਸੀ ਕਿ ਉਹ 30 ਮਈ ਨੂੰ ਆਪਣੇ ਮੈਡਲ ਗੰਗਾ ਵਿੱਚ ਵਹਾ ਕੇ ਖੁਦ ਇੰਡੀਆ ਗੇਟ ਉੱਤੇ ਮਰਨ ਵਰਤ ਰੱਖ ਦੇਣਗੀਆਂ। ਹਰਦੁਆਰ ਵਿੱਚ ਕਿਸਾਨ ਆਗੂ ਨਰੇਸ਼ ਟਿਕੈਤ ਦੇ ਮਨਾਉਣ ’ਤੇ ਮਹਿਲਾ ਭਲਵਾਨਾਂ ਨੇ ਆਪਣੀ ਇਸ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਸੀ।
ਹੁਣ ਕੌਮਾਂਤਰੀ ਖੇਡ ਸੰਸਥਾਵਾਂ ਵੱਲੋਂ ਚਿੰਤਾ ਪ੍ਰਗਟ ਕਰਨ ਤੋਂ ਬਾਅਦ ਇਸ ਮਸਲੇ ਦਾ ਕੌਮਾਂਤਰੀਕਰਨ ਹੋ ਗਿਆ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਭਾਰਤੀ ਖੇਡ ਜਗਤ ਉੱਤੇ ਨਕਾਰਾਤਮਕ ਅਸਰ ਪੈਣਾ ਸੁਭਾਵਕ ਹੈ। ਇਸ ਨਾਲ ਦੁਨੀਆ-ਭਰ ਵਿੱਚ ਭਾਰਤ ਦਾ ਮਾਣ-ਸਨਮਾਨ ਘੱਟੇ-ਮਿੱਟੀ ਵਿੱਚ ਰੁਲ ਰਿਹਾ ਹੈ। ਇਸ ਦੇ ਬਾਵਜੂਦ ਤਾਨਾਸ਼ਾਹ ਹਾਕਮ ਚੁੱਪ ਧਾਰੀ ਬੈਠੇ ਹਨ। ਨਾ ਉਨ੍ਹਾਂ ਨੂੰ ਦੇਸ਼ ਦੇ ਸਨਮਾਨ ਦੀ ਚਿੰਤਾ ਹੈ ਤੇ ਨਾ ਖੇਡਾਂ ਦੀ।

LEAVE A REPLY

Please enter your comment!
Please enter your name here