ਨਵੀਂ ਦਿੱਲੀ : ਓਮਾਨ ਤੋਂ ਸ਼ੁੱਕਰਵਾਰ ਕੁੜੀਆਂ ਅਤੇ ਮੰੁਡਾ ਵਤਨ ਪਰਤ ਆਏ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਪਿਛਲੇ ਮਹੀਨੇ ਸ਼ੁਰੂ ਕੀਤਾ ਮਿਸ਼ਨ ਹੋਪ ਸਫਲਤਾ ਪ੍ਰਾਪਤ ਕਰ ਰਿਹਾ ਹੈ ਅਤੇ ਓਮਾਨ ’ਚ ਫਸੀ ਹਰ ਪੰਜਾਬੀ ਕੁੜੀ ਨੂੰ ਵਾਪਸ ਲਿਆਉਣ ਲਈ ਵਚਨਬੱਧ ਹਾਂ। ਸਾਹਨੀ ਨੇ ਦੱਸਿਆ ਕਿ ਉਨ੍ਹਾ ਓਮਾਨ ’ਚ ਬਹੁਤ ਨਾਮੀ ਇਮੀਗ੍ਰੇਸ਼ਨ ਲਾਅ ਫਰਮ ਨੂੰ ਹਾਇਰ ਕੀਤਾ ਹੈ, ਜੋ ਇਨ੍ਹਾਂ ਕੁੜੀਆਂ ਨੂੰ ਘਰ ਲਿਆਉਣ ਦੀ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਲਈ ਕਾਨੂੰਨੀ ਲੜਾਈ ਲੜ ਰਹੀ ਹੈ। ਵਕੀਲਾਂ ਨੇ ਇਨ੍ਹਾਂ ਔਰਤਾਂ ਦੇ ਸਪਾਂਸਰਾਂ ਅਤੇ ਏਜੰਟਾਂ ਨਾਲ ਸੰਪਰਕ ਕੀਤਾ ਹੈ ਤਾਂ ਜੋ ਕੁੜੀਆਂ ਦੇ ਘਰ ਵਾਪਸ ਜਾਣ ਅਤੇ ਲੋੜੀਂਦੇ ਜੁਰਮਾਨੇ ਦਾ ਭੁਗਤਾਨ ਕਰਨ ਲਈ ਸਾਰੇ ਜ਼ਰੂਰੀ ਦਸਤਾਵੇਜ਼ ਪ੍ਰਾਪਤ ਕੀਤੇ ਜਾ ਸਕਣ। ਉਨ੍ਹਾ ਦੱਸਿਆ ਕਿ ਘਰ ਪਰਤੀਆਂ ਕੁੜੀਆਂ ਜਲੰਧਰ, ਲੁਧਿਆਣਾ, ਤਰਨ ਤਾਰਨ, ਮਾਨਸਾ ਦੀਆਂ ਹਨ। ਰੁਜ਼ਗਾਰ ਲਈ ਓਮਾਨ ਚਲੇ ਗਏ ਅਤੇ ਫਸੇ ਜਲੰਧਰ ਦੇ ਮੁੰਡੇ ਨੂੰ ਵੀ ਵਾਪਸ ਲਿਆਂਦਾ ਗਿਆ ਹੈ। ਸਾਹਨੀ, ਜੋ ਵਿਸ਼ਵ ਪੰਜਾਬੀ ਸੰਸਥਾ ਦੇ ਕੌਮਾਂਤਰੀ ਪ੍ਰਧਾਨ ਵੀ ਹਨ, ਇਨ੍ਹਾਂ ਦੀਆਂ ਹਵਾਈ ਟਿਕਟਾਂ, ਦਿੱਲੀ ਹਵਾਈ ਅੱਡੇ ਤੋਂ ਉਨ੍ਹਾਂ ਦੇ ਘਰਾਂ ਤੱਕ ਦੇ ਕਿਰਾਏ ਤੋਂ ਇਲਾਵਾ ਸਪਾਂਸਰ ਵੱਲੋਂ ਕੁੜੀਆਂ ਨੂੰ ਨਾਜਾਇਜ਼ ਠੇਕਿਆਂ ਦੇ ਆਧਾਰ ’ਤੇ ਲਗਾਏ ਜੁਰਮਾਨੇ ਦਾ ਸਾਰਾ ਖਰਚਾ ਸਹਿਣ ਕਰ ਰਹੇ ਹਨ। ਸਾਹਨੀ ਨੇ ਇਹ ਵੀ ਕਿਹਾ ਕਿ ਇਹ ਸਾਰੀਆਂ ਕੁੜੀਆਂ ਸ਼ਨੀਵਾਰ ਆਪਣੇ ਨੇੜਲੇ ਥਾਣਿਆਂ ’ਚ ਜਾ ਕੇ ਪੰਜਾਬ ਸਰਕਾਰ ਵੱਲੋਂ ਬਣਾਈ ਐੱਸ ਆਈ ਟੀ ਤਹਿਤ ਉਨ੍ਹਾਂ ਦੇ ਨਾਲ ਠੱਗੀ ਮਾਰਨ ਵਾਲੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਵਾਉਣਗੀਆਂ।




