22.2 C
Jalandhar
Wednesday, April 24, 2024
spot_img

ਸੰਵਿਧਾਨ ਨੂੰ ਬਚਾਉਣ ਲਈ ਵਕੀਲ ਭਾਈਚਾਰੇ ਨੂੰ ਮੁੱਖ ਰੋਲ ਅਦਾ ਕਰਨਾ ਪੈਣਾ : ਵਿਜਯਨ

ਤਿ੍ਰਵਿੰਦਰਮ (ਪਰਮਜੀਤ ਢਾਬਾਂ)
ਦੇਸ਼ ਦੇ ਵਕੀਲਾਂ ਦੀ ਜਥੇਬੰਦੀ ‘ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼’ ਦੀ ਨੈਸ਼ਨਲ ਕਾਨਫਰੰਸ ਕੇਰਲਾ ਦੀ ਰਾਜਧਾਨੀ ਤਿ੍ਰਵਿੰਦਰਮ ਵਿਖੇ ਚੱਲ ਰਹੀ ਹੈ। ਐਸੋਸੀਏਸਨ ਦੇ ਕੌਮੀ ਪ੍ਰਧਾਨ ਐਡਵੋਕੇਟ ਆਰ ਐੱਸ ਚੀਮਾ ਨੇ ਐਸੋਸੀਏਸ਼ਨ ਦਾ ਝੰਡਾ ਲਹਿਰਾਇਆ। ਡੈਲੀਗੇਟਾਂ ਦਾ ਸੁਆਗਤ ਐਡਵੋਕੇਟ ਕੇ ਪੀ ਜਯਚੰਦਰਾ ਵੱਲੋਂ ਕੀਤਾ ਗਿਆ। ਕਾਨਫਰੰਸ ਦਾ ਉਦਘਾਟਨ ਕੇਰਲਾ ਦੇ ਮੁੱਖ ਮੰਤਰੀ ਪਿਨਾਰਾਏ ਵਿਜਯਨ ਨੇ ਕੀਤਾ। ਦੇਸ਼ ਭਰ ਤੋਂ ਆਏ ਵਕੀਲਾਂ ਦੀ ਕਾਨਫਰੰਸ ਦਾ ਉਦਘਾਟਨ ਕਰਨ ਉਪਰੰਤ ਮੁੱਖ ਮੰਤਰੀ ਪਿਨਾਰਾਏ ਵਿਜਯਨ ਨੇ ਕਿਹਾ ਕਿ ਅੱਜ ਜਿਸ ਸਮੇਂ ਵਕੀਲਾਂ ਦੀ ਸਿਰਮੌਰ ਜਥੇਬੰਦੀ ‘ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼’ ਆਪਣੀ ਨੈਸ਼ਨਲ ਕਾਨਫਰੰਸ ਕਰ ਰਹੀ ਹੈ, ਉਸ ਸਮੇਂ ਦੇਸ਼ ’ਚ ਤੇਜ਼ੀ ਨਾਲ ਵਾਪਰ ਰਹੀਆਂ ਘਟਨਾਵਾਂ ’ਤੇ ਸੋਚਣ ਦੀ ਵਧੇਰੇ ਲੋੜ ਹੈ। ਉਨ੍ਹਾ ਕਿਹਾ ਕਿ ਦੇਸ਼ ਅੰਦਰ ਵੱਡੇ ਪੱਧਰ ’ਤੇ ਰਾਜਸੀ, ਆਰਥਕ ਅਤੇ ਸਮਾਜਕ ਉਤਰਾਅ-ਚੜ੍ਹਾਅ ਹੋ ਰਹੇ ਹਨ। ਕੇਂਦਰ ਦੀ ਸੱਤਾ ’ਤੇ ਕਾਬਜ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਉਨ੍ਹਾਂ ਖਿਲਾਫ ਕਾਨੂੰਨ ਬਣਾਏ ਜਾ ਰਹੇ ਹਨ ਅਤੇ ਪਾਰਲੀਮੈਂਟ ਨੂੰ ਆਪਣੇ ਹਿੱਤਾਂ ਲਈ ਵਰਤਿਆ ਜਾ ਰਿਹਾ ਹੈ। ਦੇਸ਼ ਅੰਦਰ ਵਿਰੋਧੀ ਧਿਰ ਨੂੰ ਆਪਣਾ ਪੱਖ ਤੱਕ ਰੱਖਣ ਦਾ ਹੱਕ ਵੀ ਖੋਹ ਲਿਆ ਗਿਆ ਹੈ ਅਤੇ ਆਪਣੀ ਮਨਮਰਜ਼ੀ ਨਾਲ ਸੰਸਦ ਨੂੰ ਚਲਾਇਆ ਜਾ ਰਿਹਾ ਹੈ। ਉਨ੍ਹਾ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਜੀ ਡੀ ਪੀ ਦੀ ਵਿਕਾਸ ਦਰ ਵਧਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਜਦੋਂ ਕਿ ਅਸਲੀਅਤ ਇਹ ਹੈ ਕਿ ਮੁੱਠੀਭਰ ਕਾਰਪੋਰੇਟ ਘਰਾਣਿਆਂ ਨੂੰ ਅਮੀਰ ਕੀਤਾ ਜਾ ਰਿਹਾ ਹੈ ਅਤੇ ਆਮ ਜਨਤਾ ਵਿੱਚ ਆਰਥਕ ਪਾੜਾ ਲਗਾਤਾਰ ਵਧ ਰਿਹਾ ਹੈ। ਲਗਾਤਾਰ ਵਧ ਰਹੀ ਬੇਰੁਜ਼ਗਾਰੀ, ਭੁੱਖਮਰੀ ਅਤੇ ਗਰੀਬੀ ’ਤੇ ਚਿੰਤਾ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਆਰਥਕ ਤੌਰ ’ਤੇ ਮਜ਼ਬੂਤ ਕਰਨ ਲਈ ਆਮ ਜਨਤਾ ਨੂੰ ਉਪਰ ਚੁੱਕਣ ਲਈ ਬੁੱਧੀਜੀਵੀਆਂ ਨੂੰ ਆਪਣੀ ਅਹਿਮ ਭੂਮਿਕਾ ਨਿਭਾਉਣੀ ਹੋਵੇਗੀ। ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਵੱਲੋਂ ਕਾਨਫਰੰਸ ਦੇ ਦਿੱਤੇ ਗਏ ਨਾਅਰੇ ‘ਅਸੀਂ ਸੰਵਿਧਾਨ ਲਈ’ ਬਾਰੇ ਬੋਲਦਿਆਂ ਉਹਨਾ ਕਿਹਾ ਕਿ ਵਕੀਲ ਭਾਈਚਾਰੇ ਨੂੰ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਅਹਿਮ ਭੂਮਿਕਾ ਨਿਭਾਉਣ ਲਈ ਅੱਗੇ ਆਉਣਾ ਪਵੇਗਾ, ਕਿਉਂਕਿ ਵੱਡੀ ਗਿਣਤੀ ਵਿਚ ਜਨਤਾ ਨੂੰ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਆਰਥਕ ਤੌਰ ’ਤੇ ਪਛਾੜ ਕੇ ਰੱਖ ਦਿੱਤਾ ਹੈ।
ਸੀ ਪੀ ਆਈ ਦੇ ਰਾਜ ਸਭਾ ਮੈਂਬਰ ਐਡਵੋਕੇਟ ਬਿਨੋਏ ਵਿਸਵਮ ਨੇ ਕਿਹਾ ਕਿ ਦੇਸ਼ ਇੱਕ ਨਵੀਂ ਤਬਦੀਲੀ ਵੱਲ ਮੋੜਾ ਕੱਟ ਰਿਹਾ ਹੈ, ਦੇਸ਼ ਦੀ ਜਨਤਾ ਨੂੰ ਸਹੀ ਦਿਸ਼ਾ ਦੇਣ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਆਰਥਕ ਤੌਰ ’ਤੇ ਉੱਚਾ ਚੁੱਕਣ ਲਈ ਅਹਿਮ ਭੂਮਿਕਾ ਨਿਭਾਉਣੀ ਹੋਵੇਗੀ। ਨੌਜਵਾਨਾਂ ਦੇ ਰੁਜ਼ਗਾਰ, ਵਿਦਿਆਰਥੀਆਂ ਦੀ ਸਿੱਖਿਆ ਅਤੇ ਆਮ ਲੋਕਾਂ ਦੇ ਇਲਾਜ ਦੀ ਗਾਰੰਟੀ ਲਈ ਲੋਕਾਂ ਨੂੰ ਰਾਜਸੀ ਤੌਰ ’ਤੇ ਲਾਮਬੰਦ ਕਰਨਾ ਹੋਵੇਗਾ। ਉਨ੍ਹਾ ਵਕੀਲ ਭਾਈਚਾਰੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੌਜੂਦਾ ਦੌਰ ਵਿੱਚ ਵਕੀਲਾਂ ਦੀ ਅਹਿਮ ਭੂਮਿਕਾ ਹੈ ਅਤੇ ਭਾਰਤ ਦੀ ਨਿਆਂ ਪਾਲਿਕਾ ਨੂੰ ਬਚਾਉਣ ਲਈ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ। ਐਡਵੋਕਟ ਬਿਨੋਏ ਵਿਸਵਮ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਪਹਿਲਾਂ ਦੇਸ਼ ਦੇ ਸਰਕਾਰੀ ਅਦਾਰਿਆਂ ਨੂੰ ਵੇਚਣ ਲਈ ਕੇਂਦਰ ਸਰਕਾਰ ਵੱਲੋਂ ਨੀਤੀਆਂ ਬਣਾਈਆਂ ਗਈਆਂ ਅਤੇ ਦੇਸ਼ ਦੇ ਵੱਡੇ ਸਰਕਾਰੀ ਅਦਾਰੇ ਵੇਚ ਦਿੱਤੇ ਗਏ। ਹੁਣ ਲੋਕਾਂ ਨੂੰ ਨਿਆਂ ਦਿਵਾਉਣ ਵਾਲੀ ਨਿਆਂ ਪਾਲਿਕਾ ’ਤੇ ਦਬਾਅ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ ਹੱਥਕੰਡੇ ਵਰਤੇ ਜਾ ਰਹੇ ਹਨ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਨਿਆਂ ਪਾਲਿਕਾ ’ਚ ਬੇਲੋੜੀ ਰਾਜਸੀ ਦਖਲਅੰਦਾਜ਼ੀ ਨੂੰ ਵਕੀਲ ਭਾਈਚਾਰੇ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਦੀ ਨੈਸ਼ਨਲ ਕਾਨਫਰੰਸ ’ਚ ਪੰਜਾਬ ਤੋਂ ਹਿੱਸਾ ਲੈਣ ਵਾਲੇ ਡੈਲੀਗੇਟਾਂ ’ਚ ਐਡਵੋਕੇਟ ਸੰਪੂਰਨ ਸਿੰਘ ਛਾਜਲੀ, ਹਰਚੰਦ ਬਾਠ, ਜੋਗਿੰਦਰ ਸ਼ਰਮਾ, ਜਸਪਾਲ ਸਿੰਘ ਦੱਪਰ, ਕਰਮਜੀਤ ਸਿੰਘ ਰਾਜਪੁਰਾ, ਨਰੇਸ਼ ਕੁਮਾਰ ਬਾਂਸਲ, ਬੈਨੀ ਥਾਮਸ, ਗੁਰਵਿੰਦਰ ਸਿੰਘ ਔਲਖ, ਵਰੁਣ ਸਰਮਾ, ਸੁਖਚੈਨ ਸਿੰਘ ਸੋਢੀ, ਸਨੇਹਪ੍ਰੀਤ ਸਿੰਘ, ਹਰਮਨ ਚਾਹਲ, ਨਵਜੋਤ ਸ਼ਰਮਾ, ਵਿਕਰਮਜੀਤ ਸਿੰਘ ਦੱਪਰ ਅਤੇ ਗਿਆਨ ਸਿੰਘ ਆਦਿ ਸ਼ਾਮਲ ਹੋਏ।

Related Articles

LEAVE A REPLY

Please enter your comment!
Please enter your name here

Latest Articles