ਨਿਊ ਯਾਰਕ : ਰਾਹੁਲ ਗਾਂਧੀ ਨੇ ਇਥੇ ਕਰੀਬ ਪੰਜ ਹਜ਼ਾਰ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਪਿੱਛੇ ਲਿਜਾ ਰਹੇ ਹਨ। ਉਨ੍ਹਾ ਕਿਹਾ-ਤੁਸੀਂ ਸਭ ਕਾਰ ਵਿਚ ਬੈਠ ਕੇ ਇਸ ਪ੍ਰੋਗਰਾਮ ਵਿਚ ਆਏ ਹੋ, ਜੇ ਤੁਸੀਂ ਸਿਰਫ ਪਿਛਲੇ ਸ਼ੀਸ਼ੇ ਵਿਚ ਦੇਖ ਕੇ ਗੱਡੀ ਚਲਾਓਗੇ ਤਾਂ ਕੀ ਸਹੀ ਤਰ੍ਹਾਂ ਚਲਾ ਸਕੋਗੇ। ਇਕ ਦੇ ਬਾਅਦ ਇਕ ਹਾਦਸੇ ਹੋਣਗੇ, ਪਰ ਮੋਦੀ ਗੱਡੀ ਇੰਜ ਹੀ ਚਲਾ ਰਹੇ ਹਨ। ਉਹ ਸਿਰਫ ਪਿੱਛੇ ਦੇਖ ਰਹੇ ਹਨ ਤੇ ਫਿਰ ਹੈਰਾਨ ਹੋ ਰਹੇ ਹਨ ਕਿ ਹਾਦਸੇ ਕਿਉ ਹੋ ਰਹੇ ਹਨ। ਉਨ੍ਹਾ ਕਿਹਾ ਕਿ ਆਰ ਐੱਸ ਐੱਸ ਤੇ ਭਾਜਪਾ ਪਿੱਛੇ-ਖਿੱਚੂ ਸੋਚ ਰਖਦੇ ਹਨ। ਉਨ੍ਹਾਂ ਨੂੰ ਕੁਝ ਵੀ ਪੁੱਛੋ, ਉਹ ਪਿੱਛੇ ਵੱਲ ਦੇਖਣ ਲੱਗ ਪੈਂਦੇ ਹਨ। ਉਨ੍ਹਾਂ ਨੂੰ ਪੁੱਛੋ ਰੇਲ ਹਾਦਸਾ ਕਿਉ ਹੋਇਆ, ਤਾਂ ਉਹ ਕਹਿਣਗੇ ਕਿ ਕਾਂਗਰਸ ਨੇ 50 ਸਾਲ ਪਹਿਲਾਂ ਇਹ ਕੀਤਾ ਸੀ। ਜਦੋਂ ਕਾਂਗਰਸ ਦੇ ਰਾਜ ਵਿਚ ਹਾਦਸੇ ਹੁੰਦੇ ਸੀ ਤਾਂ ਕਾਂਗਰਸ ਨੇ ਕਦੇ ਨਹੀਂ ਕਿਹਾ ਕਿ ਇਹ ਅੰਗਰੇਜ਼ਾਂ ਦੀ ਗਲਤੀ ਕਰਕੇ ਹੋਏ। ਕਾਂਗਰਸ ਦੇ ਰੇਲ ਮੰਤਰੀ ਨੇ ਜ਼ਿੰਮੇਦਾਰੀ ਲੈ ਕੇ ਅਸਤੀਫਾ ਦੇ ਦਿੱਤਾ ਸੀ। ਰਾਹੁਲ ਦੇ ਭਾਸ਼ਣ ਤੋਂ ਪਹਿਲਾਂ ਮੌਜੂਦ ਲੋਕਾਂ ਨੇ ਓਡੀਸਾ ਰੇਲ ਹਾਦਸੇ ’ਚ ਮਾਰਨ ਵਾਲਿਆਂ ਦੀ ਆਤਮਾ ਦੀ ਸ਼ਾਂਤੀ ਲਈ 60 ਸੈਕਿੰਡ ਦਾ ਮੌਨ ਰੱਖਿਆ।





