33.7 C
Jalandhar
Saturday, April 20, 2024
spot_img

ਮਾਨ ਵੱਲੋਂ ਪਾਣੀ ਤੇ ਵਾਤਾਵਰਣ ਸੰਭਾਲ ਲਈ ਵਿਆਪਕ ਲੋਕ ਲਹਿਰ ਵਿੱਢਣ ਦਾ ਸੱਦਾ

ਮੁਹਾਲੀ (ਗੁਰਜੀਤ ਬਿੱਲਾ)
ਸੂਬੇ ਵਿੱਚ ਆਉਣ ਵਾਲੀਆਂ ਨਸਲਾਂ ਨੂੰ ਚਿਰ ਸਥਾਈ ਤੇ ਸਵੱਛ ਵਾਤਾਵਰਨ ਮੁਹੱਈਆ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਸੂਬੇ ਵਿੱਚ ਪਾਣੀ ਅਤੇ ਵਾਤਾਵਰਨ ਦੀ ਸੰਭਾਲ ਲਈ ਲੋਕ ਲਹਿਰ ਵਿੱਢਣ ਦਾ ਸੱਦਾ ਦਿੱਤਾ।
ਮੁੱਖ ਮੰਤਰੀ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੇ ਘਟ ਰਹੇ ਪੱਧਰ ਅਤੇ ਪਲੀਤ ਹੋ ਰਹੇ ਵਾਤਾਵਰਣ ’ਤੇ ਡੂੰਘੀ ਚਿੰਤਾ ਜ਼ਾਹਰ ਕੀਤੀ। ਉਨ੍ਹਾ ਕਿਹਾ ਕਿ ਸੂਬੇ ਵਿੱਚ ਵਾਤਾਵਰਨ ਪ੍ਰਦੂਸ਼ਣ ਨੂੰ ਰੋਕਣ ਦੇ ਨਾਲ-ਨਾਲ ਪਾਣੀ ਵਰਗੇ ਅਨਮੋਲ ਤੇ ਦੁਰਲੱਭ ਕੁਦਰਤੀ ਸੋਮੇ ਨੂੰ ਬਚਾਉਣ ਲਈ ਫੌਰੀ ਤੇ ਢੁਕਵੇਂ ਕਦਮ ਚੁੱਕਣਾ ਪੰਜਾਬ ਦੀ ਤਰਜੀਹੀ ਲੋੜ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਕਾਰਜ ਮਹਿਜ਼ ਸਰਕਾਰ ਦੇ ਯਤਨਾਂ ਨਾਲ ਸੰਭਵ ਨਹੀਂ ਹੋ ਸਕਦਾ, ਸਗੋਂ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਲਈ ਇਕ ਜ਼ੋਰਦਾਰ ਜਨ ਜਾਗਰੂਕਤਾ ਮੁਹਿੰਮ ਚਲਾ ਕੇ ਲੋਕਾਂ ਦੀ ਭਾਗੀਦਾਰੀ ਵੀ ਲਾਜ਼ਮੀ ਹੈ।
ਵਾਤਾਵਰਨ ਦੇ ਮਸਲਿਆਂ ਨੂੰ ਅੱਖੋਂ-ਪਰੋਖੇ ਕਰਨ ਲਈ ਵਿਰੋਧੀ ਪਾਰਟੀਆਂ ਦੀ ਨਿੰਦਾ ਕਰਦਿਆਂ ਉਨ੍ਹਾ ਕਿਹਾ ਕਿ ਪਾਣੀ, ਹਵਾ ਅਤੇ ਧਰਤੀ ਦੀ ਕੋਈ ਵੋਟ ਨਹੀਂ ਹੈ, ਇਸ ਲਈ ਇਨ੍ਹਾਂ ਆਗੂਆਂ ਨੇ ਇਨ੍ਹਾਂ ਨੂੰ ਨਜ਼ਰਅੰਦਾਜ ਕੀਤਾ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਨਾਲੇਜ ਸਿਟੀ ਵਿੱਚ ਪੰਜਾਬ ਬਾਇਓਟੈਕਨਾਲੋਜੀ ਇਨਕਿਊਬੇਟਰ (ਪੀ ਬੀ ਟੀ ਆਈ) ਨੂੰ ਵਿਸਵ ਪੱਧਰੀ ਉਪਕਰਨਾਂ ਵਾਲੀ ਨਵੀਂ ਬਣੀ ਅਤਿ-ਆਧੁਨਿਕ ਇਮਾਰਤ ਲੋਕਾਂ ਨੂੰ ਸਮਰਪਿਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਵਿਲੱਖਣ ਸਹੂਲਤ ਦੀ ਵਰਤੋਂ ਭੋਜਨ, ਖੇਤੀ, ਪਾਣੀ, ਵਾਤਾਵਰਨ ਅਤੇ ਸਿਹਤ ਖੇਤਰਾਂ ਵਿੱਚ ਕੀਟਨਾਸਕਾਂ ਦੀ ਰਹਿੰਦ-ਖੂੰਹਦ, ਭਾਰੀ ਧਾਤਾਂ, ਖੁਰਾਕੀ ਪਦਾਰਥਾਂ/ ਮਿਲਾਵਟ ਆਦਿ ਦੀ ਜਾਂਚ ਲਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੀ ਬੀ ਟੀ ਆਈ ਵੱਲੋਂ ਤਿਆਰ ਕੀਤੇ ਭੋਜਨ ਅਤੇ ਪਾਣੀ ਦੇ ਨਮੂਨਿਆਂ ਦੀ ਜਾਂਚ ਕਰਨ ਵਾਲੀ ਮੋਬਾਈਲ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਵੀ ਕੀਤਾ। ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਵਾਤਾਵਰਣ ਸੰਭਾਲ ਦੇ ਵੱਖ-ਵੱਖ ਕਾਰਜਾਂ ਲਈ 50 ਕਰੋੜ ਰੁਪਏ ਦੀ ਰਾਸੀ ਵੀ ਅਲਾਟ ਕੀਤੀ ਗਈ ਹੈ ਜਿਸ ਤਹਿਤ ਸਥਾਨਕ ਸਰਕਾਰਾਂ ਵਿਭਾਗ (45.45 ਕਰੋੜ ਰੁਪਏ), ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ (3.92 ਕਰੋੜ ਰੁਪਏ) ਅਤੇ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਵਿਭਾਗ (63 ਲੱਖ ਰੁਪਏ) ਨੂੰ ਇਹ ਰਾਸ਼ੀ ਦਿੱਤੀ ਗਈ ਹੈ। ਉਨ੍ਹਾਂ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਿਖੇ ਇਲੈਕਟ੍ਰਾਨਿਕ ਗੈਲਰੀ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀ ਐੱਸ ਸੀ ਐੱਸ ਟੀ) ਦੀ ਤਕਨੀਕੀ ਅਤੇ ਵਿੱਤੀ ਸਹਾਇਤਾ ਨਾਲ ਤਿਆਰ ਕੀਤੇ ਝੋਨੇ ਦੀ ਪਰਾਲੀ ਆਧਾਰਿਤ ਪੈਲੇਟਾਈਜੇਸਨ ਯੂਨਿਟ (ਪਟਿਆਲਾ) ਦਾ ਵੀ ਉਦਘਾਟਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਸਹੀਦ ਭਗਤ ਸਿੰਘ ਪੰਜਾਬ ਰਾਜ ਸਲਾਨਾ ਵਾਤਾਵਰਨ ਪੁਰਸਕਾਰ ਦੇ ਪਹਿਲੇ ਐਡੀਸਨ ਵਿੱਚ ਚਾਰ ਸੰਸਥਾਵਾਂ ਨੂੰ ਸਨਮਾਨਿਤ ਕੀਤਾ, ਜਿਸ ਤਹਿਤ ‘ਗ੍ਰਾਮ ਪੰਚਾਇਤ’ ਦੀ ਸ਼੍ਰੇਣੀ ਵਿੱਚ ਗ੍ਰਾਮ ਪੰਚਾਇਤ, ਪਿੰਡ ਬੱਲੋ, ਜ਼ਿਲ੍ਹਾ ਬਠਿੰਡਾ, ‘ਸੰਸਥਾ’ ਦੀ ਸ੍ਰੇਣੀ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ, ‘ਉਦਯੋਗ’ ਦੀ ਸ਼੍ਰੇਣੀ ਵਿੱਚ ਆਈ ਟੀ ਸੀ ਲਿਮਟਿਡ (ਫੂਡ ਡਵੀਜ਼ਨ), ਕਪੂਰਥਲਾ ਅਤੇ ‘ਅੱੈਨ ਜੀ ਓ/ ਸਮਾਜਿਕ ਸੰਗਠਨ’ ਦੀ ਸ਼੍ਰੇਣੀ ਵਿੱਚ ਖੇਤ ਵਿਰਾਸਤ ਮਿਸ਼ਨ, ਜੈਤੋ, ਜ਼ਿਲ੍ਹਾ ਫਰੀਦਕੋਟ ਸ਼ਾਮਲ ਹਨ।
ਇਸ ਪੁਰਸਕਾਰ ਵਿੱਚ ਹਰੇਕ ਜੇਤੂ ਸੰਸਥਾ ਨੂੰ ਇਕ ਲੱਖ ਰੁਪਏ ਦਾ ਨਕਦ ਇਨਾਮ, ਪ੍ਰਸੰਸਾ ਪੱਤਰ ਅਤੇ ਸਿਲਵਰ ਪਲੇਟ ਮਿਮੈਂਟੋ ਦਿੱਤਾ ਗਿਆ ਹੈ। ਮਾਨ ਨੇ ਘੱਟ ਲਾਗਤ ਵਾਲੀਆਂ ਸਵਦੇਸ਼ੀ ਤਕਨੀਕਾਂ ਅਤੇ ਪ੍ਰਕਿਰਿਆਵਾਂ ਦੇ ਵਿਕਾਸ ਵਿੱਚ ਸ਼ਾਮਲ ਛੇ ਜ਼ਮੀਨੀ ਪੱਧਰ ਦੇ ਇਨੋਵੇਟਰਾਂ ਨੂੰ ਵੀ ਉਨ੍ਹਾਂ ਦੀ ਉਸਾਰੂ ਸੋਚ ਅਤੇ ਤਕਨੀਕੀ ਜਾਣਕਾਰੀ ਲਈ ਸਨਮਾਨਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਤੇ ਹੋਰ ਵੀ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles