13.8 C
Jalandhar
Monday, December 23, 2024
spot_img

ਵਿਰੋਧੀ ਆਗੂ ਪੰਜਾਬੀਆਂ ਦੇ ਮਨੋਂ ਲੱਥ ਚੁੱਕੇ ਲੋਕਾਂ ਦੀ ‘ਜੁੰਡਲੀ’ : ਮਾਨ

ਖਰੜ/ ਮੁਹਾਲੀ (ਗੁਰਜੀਤ ਬਿੱਲਾ)- ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਖਰੜ ਵਿਖੇ 35ਵਾਂ ਜੱਚਾ-ਬੱਚਾ ਦੇਖਭਾਲ ਕੇਂਦਰ ਲੋਕਾਂ ਨੂੰ ਸਮਰਪਿਤ ਕੀਤਾ। ਇੱਥੇ 8.59 ਕਰੋੜ ਰੁਪਏ ਦੀ ਲਾਗਤ ਵਾਲਾ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ 50 ਬਿਸਤਰਿਆਂ ਦੀ ਸਮਰਥਾ ਵਾਲਾ ਜੱਚਾ-ਬੱਚਾ ਦੇਖਭਾਲ ਕੇਂਦਰ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਕੇਂਦਰ ਗਰਭਵਤੀ ਮਹਿਲਾਵਾਂ ਅਤੇ ਨਵਜੰਮੇ ਬੱਚਿਆਂ ਦੀ ਬਿਹਤਰ ਢੰਗ ਨਾਲ ਸਾਂਭ-ਸੰਭਾਲ ਕਰਨ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਏਗਾ। ਮੁੱਖ ਮੰਤਰੀ ਨੇ ਦੱਸਿਆ ਕਿ ਇਕ ਸਾਲ ਦੇ ਅੰਦਰ 45 ਸਿਹਤ ਕੇਂਦਰਾਂ ਵਿੱਚੋਂ 35 ਸਿਹਤ ਕੇਂਦਰ ਸਮਰਪਿਤ ਕੀਤੇ ਜਾ ਚੁੱਕੇ ਹਨ ਅਤੇ ਅਗਲੇ ਦਿਨਾਂ ਵਿਚ ਅਜਿਹੇ ਹੋਰ ਹਸਪਤਾਲ ਸਥਾਪਤ ਕੀਤੇ ਜਾਣਗੇ। ਉਨ੍ਹਾ ਛੇਤੀ ਹੀ 75 ਤੋਂ 100 ਕਲੀਨਿਕ ਹੋਰ ਖੋਲ੍ਹਣ ਦਾ ਐਲਾਨ ਕੀਤਾ, ਤਾਂ ਕਿ ਲੋਕਾਂ ਨੂੰ ਘਰ ਦੇ ਨੇੜੇ ਹੀ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਣ।
ਮੁੱਖ ਮੰਤਰੀ ਨੇ ਦੱਸਿਆ ਕਿ 15 ਅਗਸਤ ਤੱਕ ਸੂਬੇ ਵਿਚ 15 ‘ਸਕੂਲ ਆਫ ਐਮੀਨੈਂਸ’ ਸਥਾਪਤ ਕੀਤੇ ਜਾਣਗੇ। ਇਹ ਸਕੂਲ ਆਹਲਾ ਦਰਜੇ ਦੀਆਂ ਸਹੂਲਤਾਂ ਨਾਲ ਲੈਸ ਹੋਣਗੇ। ਉਹਨਾ ਕਿਹਾ ਕਿ ਇਨ੍ਹਾਂ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਇੰਜੀਨੀਅਰਿੰਗ, ਲਾਅ, ਕਾਮਰਸ, ਯੂ ਪੀ ਐੱਸ ਸੀ ਅਤੇ ਐੱਨ ਡੀ ਏ ਸਮੇਤ ਪੇਸ਼ੇਵਰ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਉਤੇ ਜ਼ੋਰ ਦਿੱਤਾ ਜਾਵੇਗਾ।
ਸਰਕਾਰੀ ਖੇਤਰਾਂ ਪ੍ਰਤੀ ਪਿਛਲੀਆਂ ਸਰਕਾਰਾਂ ਦੀ ਬੇਰੁਖੀ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਪਿਛਲੀਆਂ ਹਕਮੂਤਾਂ ਮੌਕੇ ਰਵਾਇਤੀ ਪਾਰਟੀਆਂ ਦੇ ਆਗੂ ਸਿਹਤ, ਸਿੱਖਿਆ, ਟਰਾਂਸਪੋਰਟ ਤੇ ਹੋਰ ਖੇਤਰਾਂ ਵਿਚ ਪ੍ਰਾਈਵੇਟ ਲੋਕਾਂ ਦੀ ਇਜਾਰੇਦਾਰੀ ਕਾਇਮ ਕਰਵਾਉਣ ਲਈ ਸਰਕਾਰੀ ਅਦਾਰਿਆਂ ਨੂੰ ਬੁਰੀ ਤਰ੍ਹਾਂ ਰੋਲ ਦਿੰਦੇ ਸਨ, ਤਾਂ ਕਿ ਲੋਕਾਂ ਕੋਲ ਕੋਈ ਰਾਹ ਨਾ ਬਚੇ। ਇਨ੍ਹਾਂ ਸਿਆਸਤਦਾਨਾਂ ਲਈ ‘ਜਿਹੜੇ ਰਾਜ ਦਾ ਰਾਜਾ ਵਪਾਰੀ, ਉਸ ਰਾਜ ਦੀ ਜਨਤਾ ਭਿਖਾਰੀ’ ਦਾ ਕਥਨ ਵਰਤਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿਆਸਤਦਾਨ ਆਪਣਾ ਕਾਰੋਬਾਰ ਵਧਾਉਣ ਲਈ ਏਨੇ ਲਾਲਚੀ ਹੁੰਦੇ ਸਨ ਕਿ ਵੱਧ ਗਾਹਕਾਂ ਵਾਲੀ ਗੋਲ-ਗੱਪਿਆਂ ਦੀ ਰੇਹੜੀ ਵਿਚ ਹਿੱਸਾ-ਪੱਤੀ ਪਾਉਣ ਤੋਂ ਗੁਰੇਜ਼ ਨਹੀਂ ਕਰਦੇ ਸਨ।
ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਪੰਜਾਬੀਆਂ ਦੇ ਮਨੋਂ ਲੱਥ ਚੁੱਕੇ ਲੋਕਾਂ ਦੀ ‘ਜੁੰਡਲੀ’ ਦੱਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਇਹਨਾਂ ਲੀਡਰਾਂ ਨੂੰ ਸਰਕਾਰ ਵਿਚ ਕੋਈ ਕਮੀ-ਪੇਸ਼ੀ ਨਜ਼ਰ ਨਹੀਂ ਆਉਂਦੀ ਤਾਂ ਮੁੱਦਾਹੀਣ ਹੋਏ ਇਹ ਲੀਡਰ ਨਿੱਜੀ ਤੌਰ ਉਤੇ ਦੂਸ਼ਣਬਾਜ਼ੀ ਉਤੇ ਉਤਰ ਆਉਂਦੇ ਹਨ। ਮੁੱਖ ਮੰਤਰੀ ਨੇ ਕਿਹਾ, ‘ਇਨ੍ਹਾਂ ਲੋਕਾਂ ਦੀਆਂ ਪੰਜਾਬ ਦੇ ਖਜ਼ਾਨੇ ਨੂੰ ਲੁੱਟਣ ਵਾਲੀਆਂ ਦੁਕਾਨਾਂ ਹੁਣ ਬੰਦ ਹੋ ਚੁੱਕੀਆਂ ਹਨ, ਜਿਸ ਕਰਕੇ ਕੋਈ ਹੋਰ ਰਾਹ ਨਾ ਬਚਣ ਕਰਕੇ ਹੁਣ ਇਹ ਸਾਰੇ ਇਕ ਬੇੜੇ ਵਿਚ ਸਵਾਰ ਹੋ ਕੇ ਆਪਣੇ ਸਿਆਸੀ ਜੀਵਨ ਨੂੰ ਬਚਾਉਣ ਲਈ ਹੱਥ-ਪੈਰ ਮਾਰ ਰਹੇ ਹਨ। ਮੈਂ ਤਹਾਨੂੰ ਚੁਣੌਤੀ ਦਿੰਦਾ ਹਾਂ ਕਿ ਆਪਣੀ ਸਿਆਸੀ ਹੋਂਦ ਬਚਾਉਣ ਲਈ ਤੁਹਾਡੀਆਂ ਅਜਿਹੀਆਂ ਚਾਲਬਾਜ਼ੀਆਂ ਤੁਹਾਡੇ ਕੰਮ ਨਹੀਂ ਆਉਣੀਆਂ, ਕਿਉਂਕਿ ਪੰਜਾਬ ਦੇ ਲੋਕ ਤੁਹਾਡਾ ਅਸਲੀ ਕਿਰਦਾਰ ਪਛਾਣ ਚੁੱਕੇ ਹਨ, ਜਿਸ ਕਰਕੇ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਤਹਾਨੂੰ ਮੂੰਹ ਤੋੜਵਾਂ ਜਵਾਬ ਦੇ ਚੁੱਕੇ ਹਨ।’
ਨਵਜੋਤ ਸਿੱਧੂ ਨੂੰ ਆੜੇ ਹੱਥੀਂ ਲੈਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਚੇ-ਸੁੱਚੇ ਕਿਰਦਾਰ ਦੀਆਂ ਟਾਹਰਾਂ ਮਾਰਨ ਵਾਲਾ ਸਿਆਸਤਦਾਨ ਆਪਣੇ ਘੋਰ ਵਿਰੋਧੀ ਬਿਕਰਮ ਸਿੰਘ ਮਜੀਠੀਆ ਨੂੰ ਜੱਫੀ ਵਿਚ ਲੈ ਕੇ ਏਨੇ ਨੀਵੇਂ ਪੱਧਰ ਉਤੇ ਡਿੱਗਿਆ ਕਿ ਪੰਜਾਬ ਦੇ ਲੋਕ ਵੀ ਹੈਰਾਨ ਰਹਿ ਗਏ। ਮੁੱਖ ਮੰਤਰੀ ਨੇ ਕਿਹਾ, ‘ਅਸਲ ਵਿਚ ਇਹ ਦੋਵੇਂ ਲੀਡਰ ਆਮ ਆਦਮੀ ਪਾਰਟੀ ਦੀ ਵਿਧਾਇਕ ਜੀਵਨਜੋਤ ਕੌਰ ਪਾਸੋਂ ਬੁਰੀ ਤਰ੍ਹਾਂ ਹਾਰੇ ਹਨ, ਜਿਸ ਕਰਕੇ ਆਪਣੀ ਬਚੀ-ਖੁਚੀ ਸਿਆਸੀ ਹੋਂਦ ਬਚਾਉਣ ਲਈ ਜੱਫੀਆਂ ਪਾਉਣ ਲਈ ਮਜਬੂਰ ਹੋ ਗਏ ਹਨ।’
ਪ੍ਰਤਾਪ ਸਿੰਘ ਬਾਜਵਾ ਵੱਲੋਂ ਨਵੇਂ ਚੁਣੇ ਆਪ ਵਿਧਾਇਕਾਂ ਉੱਤੇ ਕੀਤੀ ਟਿੱਪਣੀ ਦਾ ਸਖਤ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਬਾਜਵਾ ਸਾਰੀ ਜ਼ਿੰਦਗੀ ਮੁੱਖ ਮੰਤਰੀ ਦੀ ਕੁਰਸੀ ਲਈ ਤਰਸਦੇ ਰਹੇ ਹਨ ਅਤੇ ਹੁਣ ਜਦੋਂ ਇਨ੍ਹਾਂ ਤੋਂ ਅੱਕੇ ਲੋਕਾਂ ਨੇ ਨਵੇਂ ਚਿਹਰਿਆਂ ਨੂੰ ਸੱਤਾ ਦੀ ਵਾਗਡੋਰ ਸੰਭਾਲੀ ਤਾਂ ਉਨ੍ਹਾ ਨੂੰ ਹਜ਼ਮ ਨਹੀਂ ਹੋ ਰਿਹਾ।
ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ਦੇ ਹਸਪਤਾਲਾਂ ਵਿਚ ਜਲਦ ਹੀ ਮਰੀਜ਼ਾਂ ਲਈ ‘ਫੈਸੀਲਿਟੇਸ਼ਨ ਸੈਂਟਰ’ ਸਥਾਪਤ ਕੀਤੇ ਜਾ ਰਹੇ ਹਨ, ਜਿੱਥੇ ਮਰੀਜ ਨੂੰ ਸਾਰੀਆਂ ਜਨਤਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾ ਕਿਹਾ ਕਿ ਨਵੇਂ ਬਣੇ ਜੱਚਾ-ਬੱਚਾ ਕੇਂਦਰ ਨਾਲ ਖਰੜ ਅਤੇ ਇਸ ਦੇ ਨਾਲ ਲਗਦੇ ਸੈਂਕੜੇ ਪਿੰਡਾਂ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾ ਦੱਸਿਆ ਕਿ ਮੁੱਖ ਮੰਤਰੀ ਛੇਤੀ ਹੀ ਬੁਢਲਾਡਾ, ਨਕੋਦਰ ਅਤੇ ਫਰੀਦਕੋਟ ਵਿਚ ਨਵੀਂਆਂ ਸਿਹਤ ਸੰਸਥਾਵਾਂ ਦਾ ਉਦਘਾਟਨ ਕਰਨਗੇ।
ਹਲਕਾ ਵਿਧਾਇਕ ਤੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੇ ਖਰੜ ਵਾਸੀਆਂ ਲਈ ਇਸ ਅਤਿ-ਆਧੁਨਿਕ ਸਿਹਤ ਸੰਸਥਾ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾ ਦੱਸਿਆ ਕਿ ਕੁਰਾਲੀ ਹਸਪਤਾਲ ਦੀ ਇਮਾਰਤ ਵੀ ਨਵੀਂ ਬਣ ਰਹੀ ਹੈ, ਜਿਸ ਦਾ ਉਦਘਾਟਨ ਛੇਤੀ ਹੀ ਕੀਤਾ ਜਾਵੇਗਾ।

Related Articles

LEAVE A REPLY

Please enter your comment!
Please enter your name here

Latest Articles