ਚੰਡੀਗੜ੍ਹ : ਕਮਿਊਨਿਸਟ ਹਲਕਿਆਂ ਵਿਚ ਉਦੋਂ ਸੋਗ ਦੀ ਲਹਿਰ ਦੌੜ ਗਈ, ਜਦੋਂ ਪਾਰਟੀ ਦੇ ਬਜ਼ੁਰਗ ਕਾਮਰੇਡ ਸੋਹਨ ਲਾਲ ਬਾਂਸਲ ਦਾ ਲੰਮੀ ਬਿਮਾਰੀ ਬਾਅਦ ਦਿਹਾਂਤ ਹੋ ਗਿਆ। ਕਾਮਰੇਡ ਬਾਂਸਲ ਲੰਮਾ ਸਮਾਂ ਸੀ ਪੀ ਆਈ ਦੀ ਸੂਬਾ ਕੌਂਸਲ ਦੇ ਮੈਂਬਰ ਅਤੇ ਪਾਰਟੀ ਦੇ ਖਜ਼ਾਨਚੀ ਰਹੇ। ਉਹ ਜ਼ਿਲ੍ਹਾ ਚੰਡੀਗੜ੍ਹ ਸੀ ਪੀ ਆਈ ਦੇ ਸਕੱਤਰ ਵੀ ਰਹੇ। ਕਾਮਰੇਡ ਬਾਂਸਲ ਗਣਿਤ ਦੇ ਸ਼ਾਨਦਾਰ ਅਧਿਆਪਕ ਸਨ। ਉਹ ਧੂਰੀ ਜ਼ਿਲ੍ਹਾ ਸੰਗਰੂਰ ਵਿਚੋਂ ਪਾਰਟੀ ਨਾਲ ਜੁੜੇ ਅਤੇ ਅਧਿਆਪਕ ਲਹਿਰ ਵਿਚ ਸਰਗਰਮ ਹੋਣ ਕਾਰਨ ਉਹਨਾ ਨੂੰ ਨੌਕਰੀ ਚੋਂ ਕੱਢ ਦਿੱਤਾ ਗਿਆ। ਫਿਰ ਉਹ ਲੰਮਾ ਸਮਾਂ ਡੀ ਏ ਵੀ ਹਾਈ ਸਕੂਲ ਚੰਡੀਗੜ੍ਹ ਵਿਚ ਅਧਿਆਪਕ ਰਹੇ। ਉਹ ਅਮਨ ਤੇ ਇਕਮੁਠਤਾ ਲਹਿਰ ਵਿਚ ਵੀ ਸਰਗਰਮ ਸਨ। ਉਹਨਾ ਦੀ ਉਮਰ 80 ਸਾਲ ਤੋਂ ਵੱਧ ਸੀ।ਪੰਜਾਬ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਕਾਰਜਕਾਰੀ ਸਕੱਤਰ ਨਿਰਮਲ ਸਿੰਘ ਧਾਲੀਵਾਲ, ਚੰਡੀਗੜ੍ਹ ਪਾਰਟੀ ਆਗੂ ਦੇਵੀ ਦਿਆਲ ਸ਼ਰਮਾ, ਜ਼ਿਲਾ ਸਕੱਤਰ ਰਾਜ ਕੁਮਾਰ, ‘ਸਾਡਾ ਜੁਗ’ ਦੇ ਮੁੱਖ ਸੰਪਾਦਕ ਭੁਪਿੰਦਰ ਸਾਂਬਰ, ਸੰਪਾਦਕ ਗੁਰਨਾਮ ਕੰਵਰ ਅਤੇ ਪਾਰਟੀ ਹੈੱਡਕੁਆਰਟਰ ਬਰਾਂਚ ਦੇ ਸਕੱਤਰ ਮਨਵਰ ਸਿੰਘ ਨੇ ਸਾਥੀ ਬਾਂਸਲ ਦੇ ਸਦੀਵੀ ਵਿਛੋੜੇ ਉਤੇ ਗਹਿਰਾ ਦੁੱਖ ਪ੍ਰਗਟ ਕੀਤਾ ਅਤੇ ਪਾਰਟੀ ਲਈ ਉਹਨਾ ਦੀਆਂ ਸੇਵਾਵਾਂ ਨੂੰ ਯਾਦ ਕੀਤਾ। ਪਾਰਟੀ ਸਾਥੀ ਉਹਨਾ ਦੇ ਘਰ ਜਾ ਕੇ ਪਰਵਾਰ ਦੇ ਦੁੱਖ ਵਿਚ ਸ਼ਾਮਲ ਹੋਏ। ਉਹਨਾ ਦਾ ਅੰੰੰੰੰੰੰਤਮ ਸੰਸਕਾਰ 8 ਜੂਨ ਨੂੰ 11-00 ਵਜੇ ਸੈਕਟਰ 25 ਦੇ ਸ਼ਮਸ਼ਾਨਘਾਟ ਵਿਚ ਹੋਵੇਗਾ।