ਜਲੰਧਰ (ਰਾਜੇਸ਼ ਥਾਪਾ)
ਮਾਸਟਰ ਹਰੀ ਸਿੰਘ ਧੂਤ ਭਵਨ ਬੱਸ ਸਟੈਂਡ ਜਲੰਧਰ ਵਿੱਚ ਕਾਮਰੇਡ ਕਿ੍ਸ਼ਨ ਲਾਲ ਸੈਮੀਨਾਰ ਹਾਲ ਦੇ ਉਦਘਾਟਨ ਮੌਕੇ ਸੀ ਪੀ ਆਈ ਪੰਜਾਬ ਦੇ ਮੀਤ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਕਾਮਰੇਡ ਕਿ੍ਸ਼ਨ ਲਾਲ ਬੈਂਕ ਇੰਪਲਾਈਜ਼ ਯੂਨੀਅਨ ਦੇ ਬਾਨੀਆਂ ਚੋਂ ਇਕ ਸਨ | ਉਨ੍ਹਾ ਬੈਂਕ ਕਰਮਚਾਰੀਆਂ ਦੇ ਹੱਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਹੱਕ, ਸੱਚ ਤੇ ਇਨਸਾਫ਼ ਦਿਵਾਇਆ | ਬੈਂਕਾਂ ਦੀ ਭਾਰਤੀ ਅਰਥਚਾਰੇ ਵਿੱਚ ਵਿਸ਼ੇਸ਼ ਥਾਂ ਹੈ, ਪਰ ਬਦਕਿਸਮਤੀ ਹੈ ਕਿ ਕਾਂਗਰਸ ਨੇ ਵੀ ਇਸ ਅਦਾਰੇ ਦਾ ਪ੍ਰਾਈਵੇਟਕਰਨ ਵਾਲੇ ਪਾਸੇ ਜ਼ੋਰ ਲਾਇਆ ਤੇ ਹੁਣ ਰਹਿੰਦੀ-ਖੂੰਹਦੀ ਕਸਰ ਮੋਦੀ ਸਰਕਾਰ ਨੇ ਕੱਢ ਦਿੱਤੀ ਹੈ | ਸਰਕਾਰੀ ਬੈਂਕਾਂ ਵਿੱਚ ਭਰਤੀ ਨਹੀਂ ਕੀਤੀ ਜਾ ਰਹੀ ਅਤੇ ਬੈਂਕਾਂ ਦਾ ਕੰਮਕਾਰ ਚਲਾਉਣ ਲਈ ਠੇਕੇ ‘ਤੇ ਮੁਲਾਜ਼ਮ ਰੱਖੇ ਹੋਏ ਹਨ | ਪ੍ਰਾਈਵੇਟ ਬੈਂਕ ਧੜਾਧੜ ਹਿੰਦੁਸਤਾਨ ਵਿੱਚ ਆ ਰਹੇ ਹਨ ਅਤੇ ਉਹ ਆਪਣੀ ਮਨਮਾਨੀ ਕਰ ਕੇ ਲੋਕਾਂ ਦੀ ਲੁੱਟ ਕਰ ਰਹੇ ਹਨ | ਇਨ੍ਹਾਂ ਬੈਂਕਾਂ ਨੇ ਬਹੁਤ ਜ਼ਿਆਦਾ ਵਿਆਜ ‘ਤੇ ਕਰਜ਼ਾ ਦੇਣਾ ਹੁੰਦਾ ਹੈ, ਜਦੋਂ ਕਿ ਸਰਕਾਰੀ ਬੈਂਕਾਂ ਦਾ ਅਸੂਲ ਹੀ ਇਹ ਹੈ ਕਿ ਉਹ ਮੁਨਾਫ਼ੇ ਨੂੰ ਬਰਾਬਰ ਰੱਖਦੇ ਹੋਏ ਲੋਕਾਂ ਨੂੰ ਘੱਟ ਵਿਆਜ ‘ਤੇ ਕਰਜ਼ਾ ਦਿੰਦੇ ਹਨ |
ਸੀ ਪੀ ਆਈ ਜਲੰਧਰ ਜ਼ਿਲ੍ਹੇ ਦੇ ਸਕੱਤਰ ਰਜਿੰਦਰ ਮੰਡ ਐਡਵੋਕੇਟ ਨੇ ਕਿਹਾ ਕਿ ਅਸੀਂ ਪਾਰਟੀ ਵੱਲੋਂ ਕਾਮਰੇਡ ਕਿ੍ਸ਼ਨ ਲਾਲ ਦੇ ਪਰਵਾਰ ਦੇ ਬਹੁਤ ਧੰਨਵਾਦੀ ਹਾਂ ਅਤੇ ਉਨ੍ਹਾ ਦੀ ਯਾਦ ਵਿੱਚ ਸੈਮੀਨਾਰ ਹਾਲ ਉਸਾਰਨਾ ਸ਼ੁਰੂ ਕਰ ਦਿੱਤਾ ਹੈ | ਕਾਮਰੇਡ ਕਿ੍ਸ਼ਨ ਲਾਲ ਦੀ ਦੇਣ ਇਕੱਲਾ ਬੈਂਕਾਂ ਜਾਂ ਮੁਲਾਜ਼ਮਾਂ ਨੂੰ ਹੀ ਨਹੀਂ, ਉਨ੍ਹਾ ਤਾਂ ਸਰਕਾਰ ‘ਤੇ ਦਬਾਅ ਏਨਾ ਵਧਾ ਦਿੱਤਾ ਸੀ ਕਿ ਇੰਦਰਾ ਸਰਕਾਰ ਨੂੰ ਪ੍ਰਾਈਵੇਟ ਬੈਂਕਾਂ ਦਾ ਸਰਕਾਰੀਕਰਨ ਕਰਨਾ ਪਿਆ, ਇਹ ਕਿ੍ਸ਼ਨ ਲਾਲ ਦੀ ਯੂਨੀਅਨ ਦੀ ਬੜੀ ਵੱਡੀ ਜਿੱਤ ਸੀ | ਕਾਮਰੇਡ ਕਿ੍ਸ਼ਨ ਲਾਲ ਸਿਰਫ਼ ਬੈਂਕਾਂ ਦੇ ਮੁਲਾਜ਼ਮਾਂ ਨੂੰ ਹੀ ਖੁਸ਼ਹਾਲ ਨਹੀਂ ਵੇਖਣਾ ਚਾਹੁੰਦੇ ਸਨ, ਉਹ ਤਾਂ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਉਸਾਰ ਕੇ ਦੇਸ਼ ਦੀ ਜਨਤਾ ਨੂੰ ਖੁਸ਼ਹਾਲ ਬਣਾਉਣਾ ਚਾਹੁੰਦੇ ਸਨ | ਇਸ ਮੌਕੇ ਯੂਕੋ ਬੈਂਕ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਐੱਚ ਐੱਸ ਬੀਰ, ਸੱਤਪਾਲ ਭਗਤ ਸਾਬਕਾ ਜ਼ਿਲ੍ਹਾ ਅਟਾਰਨੀ, ਯੂਕੋ ਬੈਂਕ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਆਰ ਕੇ ਭਗਤ, ਰਜੇਸ਼ ਥਾਪਾ ਸੀ ਪੀ ਆਈ ਜਲੰਧਰ ਤਹਿਸੀਲ ਦੇ ਸਕੱਤਰ ਤੇ ਪੱਤਰਕਾਰ ਯੂਨੀਅਨ ਜਲੰਧਰ ਦੇ ਆਗੂ, ਰਸ਼ਪਾਲ ਪੱਦੀ ਖਾਲਸਾ, ਇਸਤਰੀ ਆਗੂ ਸੰਤੋਸ਼ ਬਰਾੜ, ਸੁਦਾਗਰ ਸਿੰਘ, ਆਰ ਕੇ ਠਾਕਰ, ਰਾਜਿੰਦਰ ਭੱਟੀ, ਜੋਗਿੰਦਰਪਾਲ ਬੜੌਦਾ ਬੈਂਕ ਤੇ ਮਿੰਟੂ ਕਰਤਾਰਪੁਰ ਹਾਜ਼ਰ ਸਨ |