ਲਖਨਊ : ਦਿੱਲੀ ਸਰਕਾਰ ਦੇ ਅਧਿਕਾਰਾਂ ’ਤੇ ਕੇਂਦਰ ਦੇ ਵਿਵਾਦਤ ਆਰਡੀਨੈਂਸ ਦੇ ਵਿਰੋਧ ’ਚ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਵੀ ਆ ਗਏ ਹਨ। ਬੁੱਧਵਾਰ ਨੂੰ ਲਖਨਊ ’ਚ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਅਖਿਲੇਸ਼ ਯਾਦਵ ਨੇ ਕੇਂਦਰ ਦੇ ਆਰਡੀਨੈਂਸ ਖਿਲਾਫ ਸੰਸਦ ’ਚ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਸਮਾਜਵਾਦੀ ਪਾਰਟੀ ਬਿੱਲ ਦੇ ਪੂਰੀ ਤਰ੍ਹਾਂ ਖਿਲਾਫ ਹੈ। ਸਾਡੇ ਸਾਰੇ ਸੰਸਦ ਮੈਂਬਰ ਪਾਰਲੀਮੈਂਟ ਵਿੱਚ ਇਸ ਬਿੱਲ ਖਿਲਾਫ ਵੋਟ ਕਰਨਗੇ।
ਅਖਿਲੇਸ਼ ਯਾਦਵ ਨੇ ਇਸ ਬਿੱਲ ਨੂੰ ਲੋਕਤੰਤਰ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਚੰਗੇ ਕੰਮਾਂ ਨੂੰ ਹਜ਼ਮ ਨਹੀਂ ਕਰ ਪਾ ਰਹੀ। ਇਸੇ ਲਈ ਉਹ ਤਾਨਾਸ਼ਾਹੀ ਢੰਗ ਨਾਲ ਦਿੱਲੀ ਸਰਕਾਰ ਦੇ ਅਧਿਕਾਰ ਖੋਹਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾ ਕਿਹਾ ਕਿ ਭਾਜਪਾ ਨੂੰ ਡਰ ਹੈ ਕਿ ਜੇਕਰ ਕੇਜਰੀਵਾਲ ਸਰਕਾਰ ਦਾ ਕੰਮ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਭਾਰਤੀ ਜਨਤਾ ਪਾਰਟੀ ਦਿੱਲੀ ਵਿੱਚ ਜ਼ੀਰੋ ਹੋ ਜਾਵੇਗੀ।
ਬੁੱਧਵਾਰ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਦਿੱਲੀ ਦੇ ਸਿੱਖਿਆ ਮੰਤਰੀ ਆਤਿਸ਼ੀ ਸਪਾ ਮੁਖੀ ਅਖਿਲੇਸ਼ ਯਾਦਵ ਨੂੰ ਮਿਲਣ ਲਖਨਊ ਪਹੁੰਚੇ। ਇਸ ਮੌਕੇ ਲਖਨਊ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਸ ਆਰਡੀਨੈਂਸ ਵਿਰੁੱਧ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਰਾਜ ਸਭਾ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਇੱਕਜੁੱਟ ਹੋ ਜਾਂਦੀਆਂ ਹਨ ਤਾਂ ਇਹ ਬਿੱਲ ਪਾਸ ਨਹੀਂ ਹੋਵੇਗਾ। ਜੇਕਰ ਇਹ ਬਿੱਲ ਰਾਜ ਸਭਾ ’ਚ ਰੁਕ ਜਾਂਦਾ ਹੈ ਤਾਂ ਪੂਰੇ ਦੇਸ਼ ’ਚ ਸਪੱਸ਼ਟ ਸੰਦੇਸ਼ ਜਾਵੇਗਾ ਕਿ 2024 ’ਚ ਭਾਜਪਾ ਦੀ ਸਰਕਾਰ ਨਹੀਂ ਆਵੇਗੀ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਗੈਰ-ਭਾਜਪਾ ਸ਼ਾਸਤ ਰਾਜਾਂ ਨੂੰ ਰਾਜਪਾਲਾਂ ਰਾਹੀਂ ਤੰਗ-ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾ ਦੋਸ਼ ਲਾਇਆ ਕਿ ਜੇਕਰ ਕਿਸੇ ਸੂਬੇ ਦਾ ਰਾਜਪਾਲ ਇੱਕ ਹਫਤਾ ਰਾਜ ਸਰਕਾਰ ਨੂੰ ਪ੍ਰੇਸ਼ਾਨ ਨਹੀਂ ਕਰਦਾ ਤਾਂ ਉਸ ਨੂੰ ਦਿੱਲੀ ਤੋਂ ਫੋਨ ਆਉਣੇ ਸ਼ੁਰੂ ਹੋ ਜਾਂਦੇ ਹਨ।
ਉਨ੍ਹਾ ਕਿਹਾ ਕਿ ਪੰਜਾਬ ’ਚ ਵੀ ਰਾਜਪਾਲ ਹਰ ਮੌਕੇ ਸਾਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਵਾਰ ਰਾਜਪਾਲ ਨੇ ਪੰਜਾਬ ਸਰਕਾਰ ਦਾ ਬਜਟ ਸੈਸ਼ਨ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਸਾਨੂੰ ਇਸ ਲਈ ਸੁਪਰੀਮ ਕੋਰਟ ਜਾਣਾ ਪਿਆ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਸਾਡੇ ਕੰਮ ਨੂੰ ਰੋਕਣ ਲਈ ਕਈ ਫੰਡ ਰੋਕ ਦਿੱਤੇ ਹਨ। ਕੇਂਦਰ ਸਰਕਾਰ ਪੰਜਾਬ ਦਾ ਜੀ ਐੱਸ ਟੀ ਵਾਪਸ ਨਹੀਂ ਕਰ ਰਹੀ। ਸਾਨੂੰ ਆਰ ਡੀ ਐੱਫ ਦੇ ਪੈਸੇ ਵੀ ਉਹ ਨਹੀਂ ਦੇ ਰਹੇ। ਉਹਨਾ ਕਿਹਾ ਕਿ ਅੱਜ ਜਿਨ੍ਹਾਂ ਰਾਜਾਂ ਵਿੱਚ ਭਾਜਪਾ ਚੋਣਾਂ ਹਾਰਦੀ ਹੈ, ਉੱਥੇ ਉਪ ਚੋਣਾਂ ਕਰਵਾ ਕੇ ਜਿੱਤ ਜਾਂਦੀ ਹੈ। ਚੋਣ ਹਾਰਨ ਤੋਂ ਬਾਅਦ ਉਹ ਵੱਡੀ ਗਿਣਤੀ ’ਚ ਵਿਧਾਇਕਾਂ ਦੀ ਖਰੀਦੋ-ਫਰੋਖਤ ਕਰਕੇ ਆਪਣੀ ਸਰਕਾਰ ਬਣਾਉਂਦੀ ਹੈ, ਫਿਰ ਉਨ੍ਹਾਂ ਵਿਧਾਇਕਾਂ ਦੀਆਂ ਸੀਟਾਂ ’ਤੇ ਉਪ ਚੋਣਾਂ ਕਰਵਾ ਕੇ ਜਿੱਤ ਜਾਂਦੀ ਹੈ। ਮਾਨ ਨੇ ਕਿਹਾ ਕਿ ਦਿੱਲੀ ਦੇਸ਼ ਦਾ ਦਿਲ ਹੈ। ਇਸ ਲਈ ਦਿੱਲੀ ਸਰਕਾਰ ਦੇ ਅਧਿਕਾਰਾਂ ’ਤੇ ਹਮਲਾ ਕਰਨਾ ਦੇਸ਼ ਦੇ 140 ਕਰੋੜ ਲੋਕਾਂ ਦੇ ਅਧਿਕਾਰਾਂ ’ਤੇ ਹਮਲਾ ਕਰਨ ਦੇ ਬਰਾਬਰ ਹੈ।




