ਕਰਤਾਰਪੁਰ (ਹਰਮੇਸ਼ ਦੱਤ)
ਜਲੰਧਰ-ਅੰਮਿ੍ਤਸਰ ਜੀ ਟੀ ਰੋਡ ‘ਤੇ ਪੈਂਦੇ ਹਮੀਰਾ ਨੇੜੇ ਵਾਪਰੇ ਸੜਕ ਹਾਦਸੇ ‘ਚ ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਇੱਕੋ ਪਰਵਾਰ ਦੇ ਮੈਂਬਰਾਂ ਦੀ ਮੌਤ ਹੋ ਗਈ | ਜਾਣਕਾਰੀ ਦਿੰਦਿਆਂ ਹੋਇਆਂ ਹਰਭਜਨ ਸਿੰਘ ਵਾਸੀ ਮਸਕੀਨ ਨਗਰ ਨਿਊ ਦਾਣਾ ਮੰਡੀ ਲੁਧਿਆਣਾ ਨੇ ਦੱਸਿਆ ਕਿ ਉਨ੍ਹਾ ਦੀ ਨੂੰ ਹ ਮਨਪ੍ਰੀਤ ਕੌਰ, ਪੋਤਰਾ ਪਰਨੀਤ ਸਿੰਘ, ਮਨਵੀਰ ਸਿੰਘ, ਕੁੜਮਣੀ ਸਰਬਜੀਤ ਕੌਰ ਅਤੇ ਉਨ੍ਹਾ ਦੀ ਨੂੰ ਹ ਅਮਨਦੀਪ ਕੌਰ ਅਤੇ ਪੋਤਾ ਗੁਰਫਤਿਹ ਸਿੰਘ ਅਤੇ ਤੇਜਿੰਦਰ ਸਿੰਘ ਵਾਸੀ ਗਰੀਨ ਪਾਰਕ ਲੁਧਿਆਣਾ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਤੋਂ ਮੱਥਾ ਟੇਕ ਕੇ ਵਾਪਸ ਲੁਧਿਆਣਾ ਜਾ ਰਹੇ ਸਨ | ਉਹ ਆਲਟੋ ਵਿੱਚ ਆਪਣੇ ਪਰਵਾਰਕ ਮੈਂਬਰਾਂ ਦੇ ਪਿੱਛੇ ਆ ਰਹੇ ਸਨ | ਜਦੋਂ ਕਾਰ ਜੀ ਟੀ ਰੋਡ ਹਮੀਰਾ ਨੇੜੇ ਪੁੱਜੀ ਤਾਂ ਤੇਜਿੰਦਰ ਸਿੰਘ ਦੀ ਕਾਰ ਸੜਕ ‘ਤੇ ਖੜ੍ਹੇ ਕੈਂਟਰ ‘ਚ ਵੱਜ ਗਈ | ਹਾਦਸਾ ਵਾਪਰਨ ਉਪਰੰਤ ਰਾਹੀਗਰਾਂ ਦੀ ਮਦਦ ਨਾਲ ਸਾਰਿਆਂ ਨੂੰ ਕਾਰ ‘ਚੋਂ ਬਾਹਰ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਕਰਤਾਰਪੁਰ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮਨਪ੍ਰੀਤ ਕੌਰ, ਪਰਨੀਤ ਸਿੰਘ, ਸਰਬਜੀਤ ਕੌਰ, ਅਮਨਦੀਪ ਕੌਰ ਨੂੰ ਮਿ੍ਤਕ ਐਲਾਨ ਦਿੱਤਾ | ਜ਼ਿਆਦਾ ਜ਼ਖਮੀ ਹੋਣ ਕਾਰਨ ਗੁਰਫ਼ਤਹਿ ਸਿੰਘ ਅਤੇ ਤੇਜਿੰਦਰ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਭੇਜਿਆ ਗਿਆ | ਇਲਾਜ ਦੌਰਾਨ ਬੱਚੇ ਗੁਰਫਤਿਹ ਸਿੰਘ ਦੀ ਵੀ ਮੌਤ ਹੋ ਗਈ | ਹਾਦਸਾ ਕੈਂਟਰ ਡਰਾਈਵਰ ਵੱਲੋਂ ਗਲਤ ਜਗ੍ਹਾ ਗੱਡੀ ਖੜ੍ਹੀ ਕਰਨ ਕਾਰਨ ਵਾਪਰਿਆ |
ਸੁਭਾਨਪੁਰ ਥਾਣਾ ਪੁਲਸ ਵੱਲੋਂ ਹਰਭਜਨ ਸਿੰਘ ਦੇ ਬਿਆਨਾਂ ‘ਤੇ ਕੈਂਟਰ ਚਾਲਕ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ | ਕੈਂਟਰ ਚਾਲਕ ਮੌਕੇ ਤੋਂ ਫਰਾਰ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ | ਜ਼ਖਮੀਆਂ ਨੂੰ ਜਲੰਧਰ ਦੇ ਇਕ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ |