ਸਮਰਾਲਾ (ਸੁਰਜੀਤ ਸਿੰਘ)
ਪੀ ਐੱਸ ਈ ਬੀ ਇੰਪਲਾਈਜ਼ ਜਾਇੰਟ ਫੋਰਮ ਦੇ ਸੱਦੇ ’ਤੇ ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਟੈਕਨੀਕਲ ਸਰਵਿਸਿਜ਼ ਯੂਨੀਅਨ, ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ, ਇੰਪਲਾਈਜ਼ ਫੈਡਰੇਸ਼ਨ (ਸੁਰਿੰਦਰ ਸਿੰਘ) ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਵਰਕਰਜ਼ ਫੈਡਰੇਸ਼ਨ (ਇੰਟਕ), ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ, ਇੰਪਲਾਈਜ਼ ਫੈਡਰੇਸ਼ਨ (ਫਲਜੀਤ ਸਿੰਘ), ਥਰਮਲਜ਼ ਇੰਪਲਾਈਜ਼ ਕੁਆਰਡੀਨੇਸ਼ਨ ਕਮੇਟੀ, ਹੈੱਡ ਆਫਿਸ ਇੰਪਲਾਈਜ਼ ਫੈਡਰੇਸ਼ਨ ਅਤੇ ਸਬ-ਸਟੇਸ਼ਨ ਸਟਾਫ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਪਾਵਰਕਾਮ ਅਤੇ ਟਰਾਂਸਕੋ ਦੀਆਂ ਮੈਨੇਜਮੈਂਟ ਅਤੇ ਬਿਜਲੀ ਮੰਤਰੀ ਪੰਜਾਬ ਵੱਲੋਂ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਜਾਇੰਟ ਫੋਰਮ ਨੂੰ 20 ਦਿਨ ਦੇ ਅੰਦਰ-ਅੰਦਰ ਦਿੱਤੇ ਭਰੋਸੇ ਅਨੁਸਾਰ ਹੱਲ ਨਾ ਕਰਨ ਵਿਰੁੱਧ ਸਖਤ ਰੋਸ ਪਾਇਆ ਜਾ ਰਿਹਾ ਹੈ।
ਰਤਨ ਸਿੰਘ ਮਜਾਰੀ ਦੀ ਪ੍ਰਧਾਨਗੀ ਹੇਠ ਹੋਈ ਜਾਇੰਟ ਫੋਰਮ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਮੈਨੇਜਮੈਂਟਾਂ ਦੀਆਂ ਟਾਲ-ਮਟੋਲ ਦੀਆਂ ਨੀਤੀਆਂ ਵਿਰੁੱਧ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਜਾਇੰਟ ਫੋਰਮ ਦੇ ਆਗੂਆਂ ਰਤਨ ਸਿੰਘ ਮਜਾਰੀ, ਹਰਪਾਲ ਸਿੰਘ, ਕੁਲਵਿੰਦਰ ਸਿੰਘ ਢਿੱਲੋਂ, ਲਖਵਿੰਦਰ ਸਿੰਘ, ਸੁਖਵਿੰਦਰ ਸਿੰਘ ਚਾਹਲ, ਜਗਰੂਪ ਸਿੰਘ ਮਹਿਮਦਪੁਰ, ਜਗਜੀਤ ਸਿੰਘ ਕੋਟਲੀ, ਗੁਰਚਰਨ ਸਿੰਘ, ਸਰਬਜੀਤ ਭਾਣਾ, ਬਲਜੀਤ ਮੋਦਲਾ, ਬਲਵਿੰਦਰ ਸਿੰਘ ਸੰਧੂ, ਜਗਜੀਤ ਸਿੰਘ ਕੰਡਾ, ਰਾਮ ਸਿੰਘ ਸੈਣੀ, ਜਰਨੈਲ ਸਿੰਘ ਔਲਖ, ਸੁਖਵਿੰਦਰ ਸਿੰਘ ਦੁਮਣਾ, ਲਖਵੀਰ ਸਿੰਘ, ਲਖਵੰਤ ਸਿੰਘ ਦਿਉਲ ਆਦਿ ਆਗੂਆਂ ਨੇ ਦੱਸਿਆ ਕਿ ਜਾਇੰਟ ਫੋਰਮ ਨੂੰ ਉਮੀਦ ਸੀ ਕਿ ਪਾਵਰ ਮੈਨੇਜਮੈਂਟ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਸਮਝਦੀ ਹੋਈ ਇਨ੍ਹਾਂ ਦਾ ਹੱਲ ਕਰਨ ਦਾ ਯਤਨ ਕਰੇਗੀ, ਪਰੰਤੂ ਮੈਨੇਜਮੈਂਟ ਮੁਲਾਜਮ ਮਸਲੇ ਹੱਲ ਕਰਨ ਪ੍ਰਤੀ ਸੰਜੀਦਾ ਨਹੀਂ। ਮੁਲਾਜ਼ਮ ਮਸਲੇ, ਜਿਵੇਂ ਸੀ ਆਰ ਏ 295/19 ਰਾਹੀਂ ਨਿਯੁਕਤ ਸ ਲ ਮ ਨੂੰ ਗਲਤ ਇਨਕੁਆਰੀਆਂ ਦੇ ਨਾਂਅ ’ਤੇ ਤੰਗ-ਪ੍ਰੇਸ਼ਾਨ ਕਰਨ, ਪਰਖ ਕਾਲ ਸਮਾਂ ਪੂਰਾ ਕਰ ਚੁੱਕੇ ਮੁਲਾਜ਼ਮਾਂ ਨੂੰ ਪੂਰਾ ਤਨਖਾਹ ਸਕੇਲ ਦੇਣ, ਟੈਕਨੀਕਲ ਕਾਮਿਆਂ ਤੋਂ ਧੱਕੇ ਨਾਲ ਬਿਨਾਂ ਵਿੱਤੀ ਲਾਭ ਦਿੱਤੇ ਡਿਊਟੀਆਂ ਲੈਣ, 50 ਨੁਕਾਤੀ ਮੰਗ ਪੱਤਰ ਅਨੁਸਾਰ ਮੁਲਾਜਮ ਮਸਲੇ ਹੱਲ ਨਾ ਕਰਨ ਵਿਰੁੱਧ ਸਖਤ ਰੋਸ ਪਾਇਆ ਜਾ ਰਿਹਾ ਹੈ। ਇਸ ਲਈ ਬਿਜਲੀ ਕਾਮੇ 13 ਜੂਨ ਨੂੰ ਸਮੁੱਚੇ ਪੰਜਾਬ ਦੇ ਉਪ ਮੰਡਲ/ਮੰਡਲ ਦਫਤਰਾਂ ਅੱਗੇ ਰੋਸ ਰੈਲੀਆਂ ਕਰਨਗੇ ਅਤੇ 14 ਜੂਨ ਤੋਂ ਅਗਲੇ ਫੈਸਲੇ ਤੱਕ ਵਰਕ-ਟੂ-ਰੂਲ ਅਨੁਸਾਰ ਕੰਮ ਕਰਨਗੇ ਅਤੇ ਪਾਵਰਕਾਮ ਸਮੇਤ ਟਰਾਂਸਕੋ ਦੇ ਚੇਅਰਮੈਨਾਂ ਅਤੇ ਡਾਇਰੈਕਟਰਾਂ, ਬਿਜਲੀ ਮੰਤਰੀ ਪੰਜਾਬ ਦੇ ਫੀਲਡ ਵਿੱਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕਰਨਗੇ। 15 ਜੂਨ ਤੋਂ 23 ਜੂਨ ਤੱਕ ਸਰਕਲ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ ਅਤੇ ਸੂਬਾ ਪੱਧਰ ’ਤੇ ਇੱਕ ਰੋਜ਼ਾ ਹੜਤਾਲ ਦੀ ਤਿਆਰੀ ਕੀਤੀ ਜਾਵੇਗੀ। ਪੰਜ ਜੁਲਾਈ ਨੂੰ ਹੱੈਡ ਆਫਿਸ ਪਟਿਆਲਾ ਦੇ ਤਿੰਨੇ ਗੇਟਾਂ ’ਤੇ 7 ਵਜੇ ਸਵੇਰੇ ਤੋਂ 2 ਵਜੇ ਦੁਪਹਿਰ ਤੱਕ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਉਪਰੰਤ ਜੁਲਾਈ ਦੇ ਤੀਸਰੇ ਹਫਤੇ ਬਿਜਲੀ ਮੰਤਰੀ ਪੰਜਾਬ ਦੀ ਰਿਹਾਇਸ਼ ਅੰਮਿ੍ਰਤਸਰ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ।
ਕਰਮ ਚੰਦ ਭਾਰਦਵਾਜ ਨੇ ਦੱਸਿਆ ਕਿ ਜੇਕਰ ਪਾਵਰ ਮੈਨੇਜਮੈਂਟ ਅਤੇ ਬਿਜਲੀ ਮੰਤਰੀ ਪੰਜਾਬ ਨੇ 25 ਮਈ ਨੂੰ ਜਾਇੰਟ ਫੋਰਮ ਨੂੰ ਮੀਟਿੰਗ ਵਿੱਚ ਦਿੱਤੇ ਭਰੋਸੇ ਅਨੁਸਾਰ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।




