ਬੋਗੋਟਾ : ਕੋਲੰਬੀਆ ਦੇ ਐਮਾਜੋਨ ਦੇ ਜੰਗਲਾਂ ’ਚ ਜਹਾਜ਼ ਹਾਦਸਾਗ੍ਰਸਤ ਦੇ 40 ਦਿਨ ਬਾਅਦ 4 ਬੱਚਿਆਂ ਨੂੰ ਸੁਰੱਖਿਅਤ ਰੈਸਕਿਊ ਕੀਤਾ ਗਿਆ। ਇਹ ਚਾਰੇ ਭੈਣ-ਭਰਾ ਹਨ। ਫੌਜ ਦੇ ਜਵਾਨਾਂ ਨੂੰ ਬੱਚੇ ਕੋਲੰਬੀਆ ਦੇ ਕੈਵੇਟਾ ਅਤੇ ਗੁਆਵਿਆਰੇ ਸੂਬੇ ਦੀ ਸਰਹੱਦ ’ਤੇ ਮਿਲੇ। ਰਾਸ਼ਟਰਪਤੀ ਗੁਸਤਾਵੋ ਪੈਤਰੋ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕਿਊਬਾ ਤੋਂ ਬੋਗੋਟਾ ਪਰਤਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪੈਤਰੋ ਨੇ ਕਿਹਾ ਕਿ ਲਾਪਤਾ ਬੱਚਿਆਂ ਲਈ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਖਤਮ ਹੋ ਗਈ ਹੈ। ਇਹ ਬੱਚੇ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਬੱਚਿਆਂ ਦੀ ਭਾਲ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਗਈ ਸੀ। ਰਾਸ਼ਟਰਪਤੀ ਪੈਤਰੋ ਨੇ ਇਸ ਦਿਨ ਨੂੰ ਮੈਜੀਕਲ ਡੇ ਦੱਸਿਆ। ਇਨ੍ਹਾਂ ਚਾਰ ਬੱਚਿਆਂ ਦੀ ਉਮਰ 13, 9, 4 ਅਤੇ 11 ਸਾਲ ਹੈ। ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ’ਤੇ ਫੌਜ ਦੇ ਜਵਾਨਾਂ ਦੇ ਨਾਲ ਇਨ੍ਹਾਂ ਬੱਚਿਆਂ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ। ਹਾਦਸਾ 1 ਮਈ ਨੂੰ ਹੋਇਆ ਸੀ। ਇਸ ਹਾਦਸੇ ’ਚ ਪਾਇਲਟ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਇਸ ’ਚ ਇਨ੍ਹਾਂ ਬੱਚਿਆਂ ਦੀ ਮਾਂ ਵੀ ਸ਼ਾਮਲ ਸੀ। ਹਾਦਸੇ ਤੋਂ ਬਾਅਦ ਚਾਰੇ ਬੱਚੇ ਲਾਪਤਾ ਹੋ ਗਏ ਸਨ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਕੋਲੰਬੀਆ ਸਰਕਾਰ ਅਤੇ ਫੌਜ ਨੇ ਬੱਚਿਆਂ ਦੇ ਰੈਸਕਿਊ ਲਈ ਵੱਡੇ ਪੱਧਰ ’ਤੇ ਅਪ੍ਰੇਸ਼ਨ ‘ਹੋਪ’ ਸ਼ੁਰੂ ਕੀਤਾ ਸੀ।





